ਚੰਡੀਗੜ੍ਹ, 18 ਦਸੰਬਰ 2024 : ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਬੀਤੇ ਕੱਲ੍ਹ ਦੇਰ ਸ਼ਾਮ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਜਗਮੀਤ ਸਿੰਘ ਬਰਾੜ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਕਿਸਾਨਾਂ ਦੀ ਤਰਸਯੋਗ ਹਾਲਤ ਬਾਰੇ ਦੱਸਿਆ ਅਤੇ ਮੌਜੂਦਾ ਕਿਸਾਨੀ ਘੋਲ ਲੜਨ ਦੀ ਮਜਬੂਰੀ ਅਤੇ ਕਿਸਾਨ ਆਗੂਆਂ ਦੇ ਜਜ਼ਬੇ ਅਤੇ ਹੌਂਸਲੇ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਇਹ ਮੀਟਿੰਗ ਕਰੀਬ ਇੱਕ ਘੰਟਾ ਚੱਲੀ। ਮੀਟਿੰਗ ਦੌਰਾਨ ਜਗਮੀਤ ਬਰਾੜ ਵੱਲੋਂ ਉਠਾਏ ਮੁੱਦਿਆਂ ਉਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਸੰਵੇਦਨਸ਼ੀਲਤਾ ਅਤੇ ਹਮਦਰਦੀ ਜ਼ਾਹਿਰ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕਿਸਾਨਾਂ ਪ੍ਰਤੀ ਜਤਾਈ ਜਾ ਰਹੀ ਚਿੰਤਾ ਨੂੰ ਵੀ ਪ੍ਰਗਟਾਇਆ। ਮੀਟਿੰਗ ਦੌਰਾਨ ਜਗਮੀਤ ਬਰਾੜ ਦੇ ਕਿਸਾਨਾਂ ਦੇ ਹੱਕ ਵਿੱਚ ਪੇਸ਼ ਕੀਤੀਆਂ ਦਲੀਲ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਨਾ ਸਿਰਫ ਭਰੋਸਾ ਦਿੱਤਾ ਗਿਆ ਸਗੋਂ ਵਾਅਦਾ ਕੀਤਾ ਗਿਆ ਕਿ ਦੇਸ਼ ਦੇ ਕਿਸਾਨਾਂ ਲਈ ਐੱਮਐੱਸਪੀ ਗਰੰਟੀ ਹੋ ਸਕਦੀ ਹੈ। ਇਸ ਲਈ ਜਾਰੀ ਸੈਸ਼ਨ ਵਿੱਚ ਦੇਸ਼ ਦੇ ਕਿਸਾਨਾਂ ਸਾਹਮਣੇ ਜ਼ਿੰਮੇਵਾਰਤਾ ਅਤੇ ਭਰੋਸੇਯੋਗ ਨਾਲ ਕਦਮ ਉਠਾਏ ਜਾ ਰਹੇ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਨਵੀਂ ਖੇਤੀ ਪਾਲਿਸੀ ਵਿਚ ਜਿਹੜੇ ਨੁਕਤੇ ਕਿਸਾਨਾਂ ਦੇ ਖਦਸ਼ੇ ਬਣੇ ਉਨ੍ਹਾਂ ਉਤੇ ਦੁਬਾਰਾ ਵਿਚਾਰ ਕਰਨ ਲਈ ਕੇਂਦਰ ਸਰਕਾਰ ਹਮੇਸ਼ਾ ਤਤਪਰ ਹੈ। ਇਸ ਮੌਕੇ ਬਰਾੜ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪਿਛਲੇ 10 ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿੱਚ ਬਣੇ ਡੈੱਡਲਾਕ ਤੋਂ ਜਾਣੂ ਕਰਵਾਇਆ, ਜਿਸ ਤੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨੇ ਵਚਨਬੱਧਤਾ ਦਿੰਦਿਆਂ ਕਿਹਾ ਕਿ, ਅਗਲੇ ਕੁਝ ਦਿਨਾਂ ਨਹੀਂ ਬਲਕਿ ਘੰਟਿਆਂ ਵਿੱਚ ਇਸ ਡੈੱਡਲਾਕ ਨੂੰ ਤੋੜ ਕੇ ਨਵੀਂ ਸਵੇਰ ਦਾ ਆਗਾਜ਼ ਹੋਵੇਗਾ। ਇਸ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਾਰੀ ਮਰਨ ਵਰਤ ਦੌਰਾਨ ਉਨ੍ਹਾਂ ਦੀ ਸਿਹਤ ਤੋਂ ਵੀ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਬਰਾੜ ਨੇ ਇਸ ਮੁਲਾਕਾਤ ਨੂੰ ਆਉਣ ਵਾਲੇ ਦਿਨਾਂ ਵਿਚ ਚੰਗੇ ਸੰਕੇਤ ਦਾ ਰੂਪ ਦਿੰਦਿਆਂ ਕਿਹਾ ਕਿ ਜਿਸ ਤਰੀਕੇ ਉਨ੍ਹਾਂ ਨੇ ਕਿਸਾਨਾਂ ਦੇ ਵਕੀਲ ਵਜੋਂ ਤਰਕ ਨਾਲ, ਪਿਛਲੇ ਦਿਨੀਂ ਕਿਸਾਨ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਤੋਂ ਮਿਲੇ ਸੁਝਾਅ ਨਾਲ ਅਤੇ ਖੇਤੀਬਾੜੀ ਸੈਕਟਰ ਦੀ ਅਰਥਵਿਵਸਥਾ ਨੂੰ ਸਮਝਣ ਵਾਲੇ ਵਿਅਕਤੀਆਂ ਤੋਂ ਮਿਲੇ ਸੁਝਾਅ ਨਾਲ ਪੱਖ ਪੇਸ਼ ਕੀਤਾ, ਉਸ ਤੋਂ ਬਾਅਦ ਉਨ੍ਹਾਂ ਨੂੰ ਆਸ ਹੈ ਕਿ ਅਗਲੇ ਕੁਝ ਦਿਨਾਂ ਵਿਚ ਪੰਜਾਬ ਦੇ ਅੰਨਦਾਤਾ ਵੱਲੋਂ ਲੜੇ ਜਾ ਰਹੇ ਅੰਦੋਲਨ ਅਤੇ ਫ਼ੈਸਲਾਕੁੰਨ ਲੜਾਈ ਵਿਚ ਜਿੱਤ ਮਿਲੇਗੀ। ਮੀਟਿੰਗ ਤੋਂ ਬਾਅਦ ਜਗਮੀਤ ਸਿੰਘ ਬਰਾੜ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਖਾਸ ਤੌਰ ਉਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਅਤੇ ਗੰਭੀਰਤਾ ਭਰੇ ਕਦਮ ਨਾਲ ਜਿੱਥੇ ਮੁਲਾਕਾਤ ਯਕੀਨੀ ਬਣੀ ਉਥੇ ਹਰਦੀਪ ਪੁਰੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ ਗਿਆ ਹੈ।