ਇਨਸਾਨ ਵੱਲੋਂ ਸਮਾਜ ਦੀ ਸਿਰਜਣਾ ਸਮੇਂ ਹੀ ਸੱਥਾਂ ਦੀ ਹੋਂਦ ਸਥਾਪਿਤ ਹੋਣ ਦੇ ਸੰਕੇਤ ਮਿਲਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਸੱਥ ਦਾ ਅਹਿਮ ਸਥਾਨ ਹੈ। ਸੱਥ ਇੱਕ ਉਹ ਥਾਂ ਹੈ ਜਿੱਥੇ ਉਹ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਜੋ ਘਰ ਬਹਿ ਕੇ ਨਹੀਂ ਕੀਤੀਆਂ ਜਾ ਸਕਦੀਆਂ। ਪਿੰਡ ਵਿੱਚ ਇੱਕੋ ਇੱਕ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਸਮਾਜ ਜਾਂ ਪਿੰਡ ਪ੍ਰਤੀ ਸਾਂਝੇ ਨਿਰਨੇ ਲਏ ਜਾਂਦੇ ਹਨ, ਜਿੱਥੇ ਸਮਾਜ ਦੇ ਵੱਖ - ਵੱਖ ਪਹਿਲੂਆਂ ’ਤੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ, ਜਿੱਥੇ ਲੋਕਾਂ ਦੇ ਝਗੜਿਆਂ ਨੂੰ ਸਮੂਹਿਕ ਰੂਪ ਵਿੱਚ ਬੈਠ ਕੇ ਨਿਪਟਾਇਆ ਜਾਦਾਂ ਹੈ। ਸਮਾਜ ਅਤੇ ਪਿੰਡ ਦੇ ਸਮੂਹਿਕ ਵਿਚਾਰਾਂ ਕਰਨ ਵਾਲੇ ਸਥਾਨ ਨੂੰ “ਸੱਥ” ਆਖਦੇ ਹਨ।
ਸੱਥ ਆਪਣੇ ਪਿੰਡ ਦੇ ਨਿਵਾਸੀਆਂ ਨਾਲ ਪਿਉ ਪੁੱਤ ਦਾ ਰਿਸ਼ਤਾ ਰੱਖਦੀ ਹੈ। ਪਿੰਡ ਦੇ ਸਭ ਸਾਂਝੇ ਮਸਲੇ ਸੱਥ ਦੇ ਹੀ ਵਿਸ਼ੇ ਹਨ। ਇਹੀ ਇੱਕ ਉਹ ਜਗ੍ਹਾ ਹੈ ਜਿੱਥੇ ਰਲ ਬੈਠ ਕੇ ਮਨ ਦੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਜੇਠ ਹਾੜ ਦੀ ਦੁਪਹਿਰ ਦੀ ਅੱਗ ਵਰ੍ਹਾਉਂਦੀ ਗਰਮੀ ’ਚ ਸੱਥ ਵਿੱਚ ਪਿੱਪਲਾਂ ਬਰੋਟਿਆਂ ਦੀ ਛਾਵੇਂ ਰੌਣਕ ਦੇਖਿਆਂ ਹੀ ਬਣਦੀ ਹੈ। ਇਸ ਰੁੱਤੇ ਪੱਖਿਆਂ ਕੂਲਰਾਂ ਮੂਹਰੇ ਬੈਠ ਲੋਕ ਬਿਜਲੀ ਜਾਣ ’ਤੇ ਘਰਾਂ ’ਚੋਂ ਇਉਂ ਨਿਕਲਣ ਲੱਗਦੇ ਹਨ ਜਿਵੇਂ ਸਾਉਣ ਮਹੀਨੇ ਭਮੱਕੜ ਨਿਕਲਦੇ ਹੋਣ। ਅਜਿਹੇ ਮੌਕੇ ਸੱਥ ’ਚ ਤਾਸ਼ ਖੇਡ੍ਹਣ ਵਾਲਿਆਂ ਦੀਆਂ ਟੋਲੀਆਂ ਦੁਆਲੇ ਲੋਕ ਜੁੜ ਬੈਠੇ ਆਮ ਦੇਖੇ ਜਾ ਸਕਦੇ ਹਨ। ਪਿੰਡ ਦੇ ਬੱਚੇ ਬੁੱਢੇ ਸਭ ਸੱਥ ਦਾ ਸ਼ਿੰਗਾਰ ਮੰਨੇ ਜਾਂਦੇ ਹਨ। ਜੇਕਰ ਪਿੰਡ ਦੀ ਗੱਲ ਪਤਾ ਕਰਨੀ ਹੋਵੇ ਤਾਂ ਪਿੰਡ ਦੀ ਸੱਥ ਤੋਂ ਹੀ ਪਤਾ ਕੀਤੀ ਜੀ ਸਕਦੀ ਹੈ। ਜੇਕਰ ਕੋਈ ਪਿੰਡੋਂ ਬੰਦਾ ਘਰੇ ਨਾ ਮਿਲੇ ਤਾਂ ਉਸਨੂੰ ਸੱਥ ਵਿੱਚ ਮਿਲਿਆ ਜਾ ਸਕਦਾ ਹੈ। ਹਵਾਵਾਂ ਦੇ ਰੁਮਕਣ ਨਾਲ ਸੱਥ ਦੇ ਪਿੱਪਲ ਬਰੋਟਿਆਂ ਪੱਤ ਇਉਂ ਹਿੱਲਦੇ ਹਨ ਜਿਵੇਂ ਉਹ ਸੱਥ ਵਿੱਚ ਬੈਠੇ ਪਿੰਡ ਵਾਲਿਆਂ ਨਾਲ ਤਾੜੀ ਵਜਾ ਕੇ ਖੁਸ਼ੀ ਸਾਂਝੀ ਕਰਦੇ ਹੋਏ ਆਨੰਦ ਮਾਣ ਰਹੇ ਹੋਣ। ਪਿੰਡ ਦੀ ਸੱਥ ਵਿੱਚ ਸਦਾ ਮਹਿਫਲਾਂ ਲੱਗੀਆਂ ਰਹਿੰਦੀਆਂ ਹਨ ਅਤੇ ਇਹ ਪਿੰਡ ਦੇ ਲੋਕਾਂ ਦੇ ਮਨੋਰੰਜਨ ਦਾ ਸਥਾਨ ਹੁੰਦੀ ਹੈ। ਇਸ ਲਈ ਪਿੰਡ ਦਾ ਸੱਥ ਨਾਲ ਇੱਕ ਗੂੜਾ ਰਿਸ਼ਤਾ ਨਿਭਦਾ ਆ ਰਿਹਾ ਹੈ। ਸੱਥ ਅਤੇ ਇਸਦੇ ਪਿੰਡ ਵਾਸੀ ਇੱਕ ਦੂਸਰੇ ਬਿਨਾਂ ਅਧੂਰੇ ਹਨ।