ਇਸਤਰੀਆਂ ਦੇ ਕੱਪੜੇ ਪਹਿਨਕੇ ਅਤੇ ਇਸਤਰੀਆਂ ਦਾ ਹਾਰ-ਸ਼ਿੰਗਾਰ ਕਰਕੇ ਨੱਚਣ ਵਾਲੇ ਮਰਦ ਨਚਾਰ ਅਖਵਾਉਂਦੇ ਹਨ । ਨਚਾਰ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਮੁੱਲਾ ਖ਼ਜ਼ਾਨਾ ਹੈ । ਪੁਰਾਣੇ ਸਮਿਆਂ ਵੇਲੇ ਵਿਆਹ-ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਮੌਕਿਆਂ ‘ਤੇ ਨਚਾਰ ਨਾਚ ਕਰਕੇ ਲੋਕਾਂ ਦਾ ਖ਼ੂਬ ਮਨੋਰੰਜਨ ਕਰਿਆ ਕਰਦੇ ਸਨ । ਨਚਾਰ 8-10 ਦੇ ਕਰੀਬ ਕਲਾਕਾਰਾਂ ਦੀ ਇੱਕ ਟੋਲੀ ਹੁੰਦੀ ਹੈ , ਜਿਹਨਾਂ ਵਿਚੋਂ 2 ਜਾਂ 3 ਮਰਦ ਕਲਾਕਾਰ ਜ਼ਨਾਨਾ ਕੱਪੜੇ ਪਹਿਨਕੇ ਅਤੇ ਪੂਰਾ ਹਾਰ-ਸ਼ਿੰਗਾਰ ਕਰਕੇ ਤੀਵੀਆਂ ਦੇ ਭੇਸ ਵਿੱਚ ਤੀਵੀਆਂ ਦੀਆਂ ਆਦਾਵਾਂ ਵਿੱਚ ਨਾਚ ਕਰਦੇ ਹਨ । ਕਲਾਕਾਰਾਂ ਦੇ ਗਰੁੱਪ ਦੇ ਬਾਕੀ ਮੈਂਬਰ ਬੀਨਾਂ, ਵਾਜੇ ਅਤੇ ਢੋਲ ਜਾਂ ਛੈਣੇ ਵਜਾਉਂਦੇ ਹਨ ਅਤੇ ਜਿਹਨਾਂ ਦੀ ਤਾਲ ‘ਤੇ ਨਚਾਰ ਨਾਚ ਕਰਦੇ ਹਨ । ਨਚਾਰਾਂ ਦੇ ਨਾਚ ਦਾ ਪੰਜਾਬੀਆਂ ਦੇ ਜੀਵਨ ਵਿੱਚ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਸਥਾਨ ਹੈ । ਅਜੋਕੇ ਯੁੱਗ ਦੇ ਇਲੈਕਟ੍ਰਿਕ ਗੀਤ-ਸੰਗੀਤ ਦੇ ਸਾਧਨਾਂ ਤੋਂ ਪਹਿਲਾਂ ਪੁਰਾਣੇ ਵੇਲਿਆਂ ਸਮੇਂ ਵਿਆਹਾਂ ਸ਼ਾਦੀਆਂ ਵਿੱਚ ਬਰਾਤੀਆਂ ਦਾ ਮਨੋਰੰਜਨ ਕਰਨ ਲਈ ਨਚਾਰ ਨੱਚਕੇ ਖ਼ੂਬ ਰੌਣਕਾਂ ਲਗਾਉਂਦੇ ਸਨ । ਨਚਾਰ ਵਿਆਹਾਂ-ਸ਼ਾਦੀਆਂ ਤੋਂ ਇਲਾਵਾ ਪੁਰਾਣੇ ਸਮਿਆਂ ਵਿੱਚ ਡਰਾਮਿਆਂ ਵਿੱਚ ਵੀ ਨਾਚ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਿਆ ਕਰਦੇ ਸਨ । ਕਿਸੇ ਸਮੇਂ ਅਲੀਪੁਰ , ਰਾਮਗੜ੍ , ਰਾਈਆਂ ਅਤੇ ਅਜਨੌਦੇ ਆਦਿ ਦੇ ਨਚਾਰਾਂ ਦੇ ਗਰੁੱਪ ਆਪਣੀ ਅਦਾਕਾਰੀ ਕਾਰਨ ਪੰਜਾਬ ਵਿੱਚ ਪ੍ਰਸਿੱਧ ਗਰੁੱਪ ਸਨ।
ਭਾਵੇਂ ਅੱਜ ਨਚਾਰਾਂ ਦੀ ਨਾਚ ਪ੍ਰਥਾ ਤਕਰੀਬਨ ਅਲੋਪ ਹੋ ਚੁੱਕੀ ਹੈ ਪਰ ਫਿਰ ਵੀ ਵਧੇਰੇ ਔਰਤਾਂ ਜਿਆਦਾ ਸ਼ਰਾਰਤਾਂ ਕਰਨ ਵਾਲੇ ਵੱਧ ਨੱਚਣ ਟੱਪਣੇ ਵਾਲੇ ਮੁੰਡਿਆਂ ਨੂੰ ਅਕਸਰ “ਨਚਾਰ ਜਿਹਾ” ਜਾਂ “ਕਿਵੇਂ ਨਚਾਰਾਂ ਵਾਂਗੂੰ ਟੱਪਦਾ” ਆਦਿ ਕਹਿਕੇ ਸੰਬੋਧਨ ਕਰਦੀਆਂ ਹਨ, ਜਦਕਿ ਇਸ ਤਰਾਂ ਦਾ ਮਜ਼ਾਕੀਆ ਸੰਬੋਧਨ ਕੁੜੀਆਂ ਨੂੰ ਨਹੀਂ ਕੀਤਾ ਜਾਂਦਾ। ਨਚਾਰਾਂ ਦਾ ਨਾਚ ਪੰਜਾਬੀ ਸੱਭਿਆਚਾਰ ਦਾ ਇੱਕ ਹਿੱਸਾ ਹੋਣ ਕਾਰਨ ਅਤੇ ਇਸ ਨੂੰ ਲੁਪਤ ਹੋਣ ਤੋਂ ਬਚਾਉਣ ਅਤੇ ਇਸਦੀ ਹੋਂਦ ਜਿਉਂਦੀ ਰੱਖਣ ਦੇ ਮਕਸਦ ਨਾਲ ਪੰਜਾਬ ‘ਚ ਅੱਜਕੱਲ ਨੂਰ ਜੋਰਾ ਨਾਮੀ ਨੌਜੁਆਨ ਨੇ ਮਰਦਾਂ ਦਾ ਗਰੁੱਪ ਤਿਆਰ ਕੀਤਾ ਹੋਇਆ ਹੈ ਜੋ ਕਿ “ਨੂਰ ਜੋਰਾ “ ਦੇ ਗਿੱਧੇ ਦੇ ਗਰੁੱਪ ਨਾਲ ਮਸ਼ਹੂਰ ਹੈ । ਇਹ ਗਰੁੱਪ ਅੱਜ ਪੰਜਾਬ ਦਾ ਵੱਡ-ਮੁੱਲਾ ਖ਼ਜ਼ਾਨਾ ਭਾਵ ਨਚਾਰਾਂ ਦਾ ਨਾਚ ਸਾਂਭਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ ।
ਬਲਜਿੰਦਰ ਭਨੋਹੜ ।