ਦੀਵਾਲੀ

ਭਾਰਤ ਵੱਖ-ਵੱਖ ਜਾਤਾਂ ਅਤੇ ਧਰਮਾਂ ਦਾ ਦੇਸ਼ ਹੈ ਅਤੇ ਹਰ ਧਰਮ ਦੇ ਆਪੋ ਆਪਣੇ ਰੀਤੀ ਰਿਵਾਜ਼ ਅਤੇ ਤਿਉਹਾਰ ਹਨ। ਇਸੇ ਲਈ ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ।

ਅੱਜ ਜਿਸ ਤਿਉਹਾਰ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਰੌਸ਼ਨੀਆਂ ਦਾ ਤਿਉਹਾਰ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ, ਹਨੇਰੇ ‘ਚ ਰੋਸ਼ਨੀ ਦਾ ਅਤੇ ਗਿਆਨ ਦਾ ਪ੍ਰਤੀਕ, ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਦਾ ਪ੍ਰਤੀਕ।
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਜਿਸ ਦੀ ਧਾਰਮਿਕ ਪੱਖ ਤੋਂ ਮਹੱਤਤਾ ਤਾਂ ਹੈ ਹੀ ਨਾਲ ਹੀ ਇਹ ਸਮਾਜਿਕ ਪੱਖ ਤੋਂ ਵੀ ਬਹੁਤ ਮਹੱਤਵਪੁਰਨ ਤਿਉਹਾਰ ਹੈ। ਆਪਸੀ ਸਾਂਝ ਆਪ ਮੋਹਾਰੇ ਇਸ ਤਿਉਹਾਰ ‘ਚੋਂ ਝਲਕਦੀ ਹੈ।
ਧਾਰਮਿਕ ਪੱਖ ਵੱਲ ਝਾਤ ਮਾਰੀਏ ਤਾਂ ਦੇਸ਼ ਭਰ ‘ਚ ਇਸ ਤਿਉਹਾਰ ਨਾਲ ਵੱਖ ਵੱਖ ਕਥਾਵਾਂ ਜੁੜੀਆਂ ਹੋਈਆ ਹਨ। ਹਿੰਦੂ, ਸਿੱਖ ਅਤੇ ਜੈਨ ਧਰਮ ‘ਚ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ।ਸਾਲ ਦੇ ਅੰਤ ‘ਚ ਅਕਤੂਬਰ-ਨਵੰਬਰ ਮਹੀਨੇ ‘ਚ ਮਨਾਇਆ ਜਾਣ ਵਾਲਾ ਦੀਵਾਲੀ ਦਾ ਤਿਉਹਾਰ ਹਿੰਦੂ ਧਰਮ ‘ਚ ਭਗਵਾਨ ਸ੍ਰੀ ਰਾਮ ਦੇ 14 ਸਾਲਾਂ ਦਾ ਬਨਵਾਸ ਕੱਟ ਕੇ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਆਯੋਧਿਆ ਵਾਪਿਸ ਪਰਤਨ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ। ਉਨਾਂ ਦੇ ਘਰ ਵਾਪਸੀ ਅਤੇ ਰਾਵਣ ‘ਤੇ ਜਿੱਤ ਦੀ ਖੁਸ਼ੀ ‘ਚ ਆਯੋਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ।
ਪੂਰਬੀ ਭਾਰਤ ‘ਚ ਹਿੰਦੂ ਧਰਮ ਦੇ ਲੋਕ ਇਸ ਦਿਨ ਕਾਲੀ ਮਾਤਾ ਦੀ ਪੂਜਾ ਕਰਦੇ ਹਨ ਅਤੇ ਬਕਾਸੁਰ ਦੇ ਵਿਨਾਸ਼ ਦਾ ਜਸ਼ਨ ਮਨਾਉਂਦੇ ਹਨ। ਦੱਖਣੀ ਭਾਰਤ ‘ਚ ਇਸ ਦਿਨ ਨਾਲ ਇਕ ਹੋਰ ਕਥਾ ਜੁੜੀ ਹੋਈ ਹੈ, ਕਿਹਾ ਜਾਂਦਾ ਹੈ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਅੱਜ ਦੇ ਹੀ ਦਿਨ ਨਰਕਾਸੁਰ ਦਾ ਕਤਲ ਕੀਤਾ ਸੀ।
ਹਿੰਦੂ ਧਰਮ ‘ਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸ਼ਾਮ ਨੂੰ ਲਕਸ਼ਮੀ ਮਾਤਾ ਦੀ ਪੂਜਾ ਕਰਨ ਤੋਂ ਬਾਅਦ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਹੀ ਵਾਲਾ ਹੁੰਦਾ ਹੈ।
ਇਸੇ ਤਰਾਂ ਹੀ ਸਿੱਖ ਧਰਮ ‘ਚ ਵੀ ਦਿਵਾਲੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੁ ਹਰਗੋਬਿੰਦ ਸਾਹਿਬ ਜੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ ‘ਚੋਂ ਗਵਾਲੀਅਰ ਦੇ ਕਿਲੇ ‘ਚੋਂ 52 ਰਾਜਿਆਂ ਨਾਲ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਸੀ।ਉਨਾਂ ਦੇ ਘਰ ਆਉਣ ਦੀ ਖੁਸ਼ੀ ‘ਚ ਹਰ ਪਾਸੇ ਦੀਵੇ ਬਾਲ ਕੇ ਰੌਸ਼ਨੀ ਕੀਤੀ ਗਈ ਸੀ ਅਤੇ ਨਿਆਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ। 20ਵੀਂ ਸਦੀ ਦੇ ਅੰਤ ‘ਚ ਕੁੱਝ ਸਿੱਖ ਵਿਦਵਾਨਾਂ ਦੇ ਜ਼ੋਰ ਪਾਉਣ ਤੋਂ ਬਾਅਦ ਸਾਲ 2003 ‘ਚ ਇਸ ਦਿਨ ਨੂੰ ‘ਬੰਦੀ ਛੋੜ ਦਿਵਸ’ ਦੇ ਨਾਮ ਵੱਜੋਂ ਮਾਨਤਾ ਦਿੱਤੀ ਗਈ।
ਕਿਹਾ ਜਾਂਦਾ ਹੈ ਕਿ ਪੰਚਮ ਪਿਤਾ ਸ੍ਰੀ ਗੁਰੁ ਅਰਜਨ ਦੇਵ ਜੀ ਨੇ ਜਦੋਂ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਉਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ। 1606 ਈ. ‘ਚ ਛੇਵੀਂ ਪਾਤਸ਼ਾਹੀ ਗੁਰੁ ਹਰਗੋਬਿੰਦ ਸਾਹਿਬ ਜੀ ਨੇ 11 ਸਾਲ ਦੀ ਛੋਟੀ ਉਮਰ ‘ਚ ਗੁਰਗੱਦੀ ਸੰਭਾਲੀ ਅਤੇ ਨਾਲ ਹੀ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਵੀ ਧਾਰਨ ਕੀਤੀਆਂ ਜੋ ਕਿ ਧਰਮ ਅਤੇ ਨਿਆਂ ਦੀਆਂ ਪ੍ਰਤੀਕ ਹਨ। 1609 ਈ. ‘ਚ ਜਹਾਂਗੀਰ ਨੇ ਹੁਕਮ ਜਾਰੀ ਕੀਤਾ ਕਿ ਪੰਚਮ ਪਿਤਾ ‘ਤੇ ਜੋ ਜ਼ੁਰਮਾਨਾ ਲਗਾਇਆ ਗਿਆ ਸੀ ਉਸ ਦਾ ਭੁਗਤਾਨ ਉਨਾਂ ਦੇ ਪਰਿਵਾਰ ਜਾਂ ਫਿਰ ਉਨਾਂ ਦੇ ਸਰਧਾਲੂਆਂ ਵੱਲੋਂ ਨਹੀਂ ਕੀਤਾ ਗਿਆ ਹੈ। ਇਸ ਲਈ ਉਨਾਂ ਦੇ ਉਤਰਾਅਧਿਕਾਰੀ ਨੂੰ ਕੈਦ ਕੀਤਾ ਜਾਵੇ।
ਇਕ ਫਾਰਸੀ ਪੁਸਤਕ ‘ਦਬੀਸਤਾਨ-ਏ-ਮਜ਼ਾਹਿਬ’ ਅਨੁਸਾਰ ਗੁਰੁ ਜੀ ਨੂੰ 1619 ਈ. ਨੂੰ ਰਿਹਾਅ ਕੀਤਾ ਗਿਆ ਸੀ। ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ‘ਚ ਸ੍ਰੀ ਹਰਮੰਦਿਰ ਸਾਹਿਬ ਦਾ ਮਨਮੋਹਕ ਦ੍ਰਿਸ਼ ਵੇਖਣ ਹੀ ਵਾਲਾ ਹੁੰਦਾ ਹੈ। ਇਸ ਦਿਨ ਸ੍ਰੀ ਦਰਬਾਰ ਸਾਹਿਬ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਰੰਗ-ਬਰੰਗੀਆਂ ਲਾਈਟਾਂ, ਭਾਂਤ-ਭਾਂਤ ਦੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਰਾਤ ਦੇ ਸਮੇਂ ਆਤਿਸ਼ਬਾਜੀ ਦਾ ਨਜ਼ਾਰਾ ਤਾਂ ਅੱਖਾਂ ਨੂੰ ਦੰਗ ਹੀ ਕਰ ਦਿੰਦਾ ਹੈ।
ਸਿੱਖ ਧਰਮ ‘ਚ ਬੰਦੀ ਛੋੜ ਦਿਵਸ ਦੇ ਮੱਦੇਨਜ਼ਰ ਨਗਰ ਕੀਰਤਨ ਕੱਢੇ ਜਾਂਦੇ ਹਨ, ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਅਲਾਹੀ ਬਾਣੀ ਦਾ ਗਾਇਨ ਕੀਤਾ ਜਾਂਦਾ ਹੈ। ਸ੍ਰੀ ਅੰਮ੍ਰਿਤਸਰ ਦੀ ਦੀਵਾਲੀ ਲਈ ਤਾਂ ਇਕ ਕਹਾਵਤ ਵੀ ਮਸ਼ਹੂਰ ਹੈ ਕਿ-


‘ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ’


ਭਾਈ ਵੀਰ ਸਿੰਘ ਜੀ ਨੇ ਵੀ ਇਸ ਦਿਨ ਦਾ ਪੁਰਾ ਵਰਣਨ ਆਪਣੀ ਵਾਰ ‘ਚ ਕੀਤਾ ਹੈ।
ਜੈਨ ਧਰਮ ‘ਚ ਇਸ ਦਿਨ ਦਾ ਸਬੰਧ ਭਗਵਾਨ ਮਹਾਵੀਰ ਨਾਲ ਮੰਨਿਆ ਜਾਂਦਾ ਹੈ।ਇਸ ਦਿਨ ਹੀ ਭਗਵਾਨ ਮਹਾਵੀਰ ਨੇ ਮੋਕਸ਼ ਦੀ ਪ੍ਰਾਪਤੀ ਕੀਤੀ ਸੀ।ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ‘ਚ ਮੋਕਸ਼ ਅਤੇ ਨਿਰਵਾਣ ਦੀ ਪ੍ਰਾਪਤੀ ਦੇ ਰਾਹ ਬਾਰੇ ਚਰਚਾ ਕੀਤੀ ਗਈ ਹੈ ਅਤੇ ਇਹ ਰਾਹ ਗਿਆਨ ਦਾ ਹੈ। ਇਸ ਦਿਨ ਰੌਸ਼ਨੀ ਨੂੰ ਗਿਆਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਜੈਨ ਧਰਮ ਦੇ ਲੋਕ ਆਪਣੇ ਚਾਰ ਚੁਫੇਰੇ ਨੂੰ ਜਗ-ਮਗਾਊਂਦੀਆਂ ਰੌਸ਼ਨੀਆਂ ਨਾਲ ਸਜਾਉਂਦੇ ਹਨ। ਜੈਨ ਧਰਮ ‘ਚ ਅਹਿੰਸਾ ਮੁਖ ਸਿਧਾਂਤ ਹੈ ਇਸ ਲਈ ਜੈਨੀ ਲੋਕ ਆਤਿਸਬਾਜ਼ੀ ਨਹੀਂ ਚਲਾਉਂਦੇ ਹਨ ਕਿਉਂਕਿ ਉਨਾਂ ਦਾ ਮੰਨਣਾ ਹੈ ਕਿ ਇਸ ਨਾਲ ਸਰੀਰਕ ਅਤੇ ਵਾਤਾਵਰਨ ‘ਚ ਵਿਚਰ ਰਹੇ ਪ੍ਰਾਣੀਆਂ ਨੂੰ ਨੁਕਸਾਨ ਪਹੁੰਚਦਾ ਹੈ।
ਦੀਵਾਲੀ ਵਾਲੇ ਦਿਨ ਭਾਰਤ, ਨੇਪਾਲ, ਸ੍ਰੀਲੰਕਾ, ਮਿਆਂਮਾਰ, ਮੌਰੀਸ਼ੀਅਸ, ਗੁਆਨਾ, ਮਲੇਸ਼ੀਆ, ਸਿੰਗਾਪੁਰ ਅਤੇ ਫੀਜ਼ੀ ‘ਚ ਸਰਕਾਰੀ ਛੁੱਟੀ ਹੁੰਦੀ ਹੈ। ਧਰਮ ਭਾਵੇਂ ਕੋਈ ਵੀ ਹੋਵੇ ਹਰ ਧਰਮ ‘ਚ ਦੀਵਾਲੀ ਨੂੰ ਬਦੀ ‘ਤੇ ਨੇਕੀ ਦੀ ਜਿੱਤ, ਗਿਆਨ ਦੇ ਪ੍ਰਕਾਸ਼ ਵੱਜੋਂ ਵੀ ਵੇਖਿਆ ਜਾਂਦਾ ਹੈ। ਦੀਵਾਲੀ ਹੁਣ ਸਿਰਫ ਕਿਸੇ ਇਕ ਧਰਮ ਦਾ ਤਿਉਹਾਰ ਨਹੀਂ ਬਲਕਿ ਦੇਸ਼ ਭਰ ‘ਚ ਹਰ ਜਾਤੀ ਅਤੇ ਧਰਮ ਦੇ ਲੋਕ ਆਪਸੀ ਸ਼ਾਂਝ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ।ਤਿਉਹਾਰਾਂ ਦਾ ਮੁੱਖ ਉਦੇਸ਼ ਹੀ ਆਪਸੀ ਮਨ ਮੁਟਾਵ ਨੂੰ ਦੂਰ ਕਰ ਮਿਲਜੁੱਲ ਕੇ ਖੁਸ਼ੀਆਂ ਸਾਂਝੀਆਂ ਕਰਨਾ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦੀਵਾਲੀ ਦਾ ਤਿਉਹਾਰ ਆਪਸੀ ਪਿਆਰ, ਸਾਂਝ ਅਤੇ ਇਤਫ਼ਾਕ ਦਾ ਪ੍ਰਤੀਕ ਹੈ।