ਇਹ ਮੇਲਾ ਹਰ ਸਾਲ ਦੁਸਹਿਰੇ ਤੋਂ ਅਗਲੇ ਦਿਨ ਬਾਬਾ ਜ਼ਾਹਿਰ ਬਲੀ ਸ਼ਾਹ ਜੀ ਦੀ ਮਜ਼ਾਰ ‘ਤੇ ਲੱਗਦਾ ਹੈ। ਬਾਬਾ ਜੀ ਦੀ ਮਜ਼ਾਰ ਲੁਧਿਆਣਾ ਫਿਰੋਜ਼ਪੁਰ ‘ਤੇ ਲੁਧਿਆਣੇ ਦੀ ਬੁੱਕਲ ਵਿੱਚ ਵਸਦੇ ਪਿੰਡ ਬੱਦੋਵਾਲ ਵਿਖੇ ਜੀਟੀ ਰੋਡ ‘ਤੇ ਸਥਿੱਤ ਹੈ । ਇਸ ਮੇਲੇ ਦੀ ਇਤਿਹਾਸਕ ਪ੍ਰਮਾਣਤਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸਦਾ ਕੋਈ ਪ੍ਰਤੱਖ ਜਾਂ ਠੋਸ ਸਬੂਤ ਨਹੀਂ ਮਿਲਦਾ। ਪਰ ਇਹ ਮਾਨਤਾ ਹੈ ਕਿ ਮੁਸਲਿਮ ਫ਼ਕੀਰ ਬਾਬਾ ਜ਼ਾਹਿਰ ਬਲੀ ਸ਼ਾਹ ਜੀ ਦੀ ਮਜ਼ਾਰ ‘ਤੇ ਹਰ ਸਾਲ ਲੱਗਣ ਵਾਲਾ ਇਹ ਮੇਲਾ ਸੈਂਕੜੇ ਸਾਲਾਂ ਤੋਂ ਲੱਗਦਾ ਆ ਰਿਹਾ ਹੈ। ਮੇਲੇ ਤੋਂ ਇਲਾਵਾ ਬਾਬਾ ਜੀ ਦੀ ਮਜ਼ਾਰ ‘ਤੇ ਹਰ ਵੀਰਵਾਰ ਲੋਕ ਸਿਜਦਾ ਕਰਨ ਲਈ ਆਉਂਦੇ ਹਨ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਪਾਉਂਦੇ ਹਨ।
ਇਸ ਮੇਲੇ ਨੂੰ ਦੇਖਣ ਲਈ ਲਾਗਲੇ ਪਿੰਡਾਂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਲੋਕ ਪੁੱਜਦੇ ਹਨ। ਮੇਲੇ ਵਿੱਚ ਆਉਣ ਵਾਲੇ ਲੋਕ ਸਭ ਤੋਂ ਪਹਿਲਾਂ ਸੰਗਤ ਦੇ ਰੂਪ ਵਿੱਚ ਬਾਬਾ ਜੀ ਦੀ ਮਜ਼ਾਰ ਉੱਤੇ ਚਾਦਰ ਚੜ੍ਹਾਉਣ ਉਪਰੰਤ ਚਿਰਾਗ਼ ਲਾ ਕੇ ਬਾਬਾ ਨੂੰ ਸਿਜ਼ਦਾ ਕਰਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸੁੱਖਣਾ ਸੁੱਖਦੇ ਹਨ।
ਮੇਲਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਿਨ ਬਾਬਾ ਜੀ ਦੀ ਮਜ਼ਾਰ ਉੱਤੇ ਭੰਡਾਰੇ ਦਾ ਖਾਸ ਆਯੋਜਨ ਕੀਤਾ ਜਾਂਦਾ ਹੈ ਅਤੇ ਇਸ ਭੰਡਾਰੇ ਵਿੱਚ ਵੱਖ-ਵੱਖ ਪਕਵਾਨਾਂ ਦੇ ਲੰਗਰ ਵਰਤਾਏ ਜਾਂਦੇ ਹਨ । ਪੰਜਾਬ ਦੇ ਪੁਰਾਤਨ ਲੋਕ-ਰੰਗ ਸਾਲਾਂ ਤੋਂ ਇਸ ਮੇਲੇ ਦਾ ਸ਼ਿੰਗਾਰ ਬਣਦੇ ਆ ਰਹੇ ਹਨ। ਪੰਜਾਬੀ ਵਿਰਸੇ ਦੀ ਜਿੰਦ-ਜਾਨ ਡੋਰੀਆਂ-ਪਰਾਂਦੇ, ਚੂੜੇ, ਤਿੱਲੇਦਾਰ ਜੁੱਤੀਆਂ ਅਤੇ ਪੰਜਾਬੀ ਸੂਟਾਂ ਨਾਲ ਸਜੀਆਂ ਦੁਕਾਨਾਂ ਇਸ ਮੇਲੇ ਦੀ ਸ਼ਾਨ ਮੰਨੀਆਂ ਜਾਂਦੀਆਂ ਹਨ ਅਤੇ ਮੇਲਾ ਦੇਖਣ ਆਈਆਂ ਮੁਟਿਆਰਾਂ ਦਿਲ ਖੋਲ੍ਹਕੇ ਇੱਥੋਂ ਆਪਣੀਆਂ ਸ਼ਿੰਗਾਰ ਵਸਤਾਂ ਦੀ ਖਰੀਦਦਾਰੀ ਕਰਦੀਆਂ ਹਨ। ਅੱਜ ਦੇ ਅਧੁਨਿਕ ਯੁੱਗ ਵਿੱਚ ਮੇਲਿਆਂ ਵਿੱਚ ਆਏ ਬਦਲਾਵ ਵਾਰੇ ਅਤੇ ਮੰਹਿਗਾਈ ਨਾਲ ਮੇਲਿਆਂ ‘ਤੇ ਪੈਣ ਵਾਲੇ ਅਸਰ ‘ਤੇ ਮੇਲੇ ਵਿੱਚ ਆਨੰਦ ਮਾਨਣ ਵਾਲਿਆਂ ਨੇ ਆਪਣੇ ਨਿੱਜੀ ਵਿਚਾਰ ਸਾਂਝੇ ਕੀਤੇ। ਪੁਰਾਣੇ ਵੇਲਿਆਂ ਤੋਂ ਸੁਰੂ ਹੋਇਆ ਇਹ ਮੇਲਾ ਅਧੁਨਿਕ ਦੌਰ ਵਿੱਚ ਅੱਜ ਵੀ ਸਾਡੇ ਪੁਰਾਤਨ ਰਵਾਇਤੀ ਲੋਕ ਸਾਜ਼ਾਂ ਅਤੇ ਲੋਕ ਗਾਥਾਵਾਂ ਨਾਲ ਗੂੜ੍ਹੀ ਸਾਂਝ ਪਾਈ ਬੈਠਾ ਹੈ । ਚਿੱਟੇ ਕੁਰਤੇ-ਚਾਦਰੇ ਅਤੇ ਚਿੱਟੀ ਲੰਮੇ ਲੜ ਛੱਡਵੀਂ ਪੱਗ ‘ਚ ਸਜੇ ਅਧੇੜ ਉਮਰ ਦੇ ਤੂੰਬੇ ਅਤੇ ਅਲਗੋ- ਜ਼ਿਆਂ ਨਾਲ ਗਾਉਂਦੇ ਗਵਈਆਂ ਦੇ ਗੌਣ ਸੁਣਨ ਦੇ ਸ਼ੌਕੀਨ ਮੇਲੇ ਵਿੱਚ ਉਚੇਚੇ ਤੌਰ ‘ਤੇ ਆਉਂਦੇ ਹਨ
। ਮੇਲੇ ਵਿੱਚ ਵੱਖ-ਵੱਖ ਪਕਵਾਨ ਪਰੋਸ ਕੇ ਸਜਾਈਆਂ ਦੁਕਾਨਾਂ ‘ਤੇ ਮੇਲਾ ਦੇਖਣ ਆਏ ਲੋਕ ਖ਼ੂਬ ਸੁਆਦ ਨਾਲ ਚਟਕਾਰੇ ਲੈ ਕੇ ਪੂਰਾ ਆਨੰਦ ਮਾਣਦੇ ਹਨ। ਬਾਬਾ ਜ਼ਾਹਿਰ ਬਲੀ ਸ਼ਾਹ ਜੀ ਦੀ ਮਜ਼ਾਰ ਉੱਤੇ ਲੱਗਦਾ ਇਹ ਸਲਾਨਾ ਮੇਲਾ ਆਪਣੇ ਇਲਾਕੇ ਦਾ ਇੱਕ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਹੋਇਆ ਏਕਤਾ ਦਾ ਮੁਦਈ ਹੈ।
ਉਮੀਦ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ।