ਸਾਡੇ ਪੰਜਾਬੀ ਸੱਭਿਆਚਾਰ ਵਿੱਚ ਦਾਣੇ ਭੁੰਨਣ ਵਾਲੀ ਭੱਠੀ ਦਾ ਇੱਕ ਵਿਸ਼ੇਸ਼ ਸਥਾਨ ਹੈ। ਇਸਦੀ ਹੋਂਦ ਦਾ ਉਦੋਂ ਪ੍ਰਚਲਨ ਹੋਇਆ ਜਦੋਂ ਸਮਾਜ ਵਿੱਚ ਮੱਕੀ ਦੇ ਭੁੱਜੇ ਹੋਏ ਦਾਣੇ ਖਾਣ ਦਾ ਰਿਵਾਜ ਪਿਆ। ਇਸ ਤਰਾਂ ਭੱਠੀ ਪਿੰਡ ਜਾਂ ਪੱਤੀ ਵਿੱਚ ਇੱਕ ਪਰਿਵਾਰ ਦਾ ਕਿੱਤਾ ਬਣਕੇ ਰਹਿ ਗਿਆ। ਪੰਜਾਬ ਵਿੱਚ ਪਿੰਡ ਦੀ ਭੱਠੀ ‘ਤੇ ਦਾਣੇ ਭੁੰਨਣ ਦਾ ਕੰਮ ਆਮ ਤੌਰ ਤੇ ਮਹਿਰਾ ਬਰਾਦਰੀ ਦੇ ਹਿੱਸੇ ਆਇਆ ਹੈ। ਭੱਠੀ ਦਾ ਇਹ ਕੰਮ ਔਰਤਾਂ ਦੇ ਹਿੱਸੇ ਹੀ ਆਇਆ ਹੈ ਅਤੇ ਦਾਣੇ ਭੁੰਨਣ ਵਾਲੀ ਔਰਤ ਨੂੰ ‘ਭੱਠੀ ਵਾਲੀ’ ਜਾਂ ‘ਭਠਿਆਰਨ’ ਕਹਿੰਦੇ ਹਨ। ਬਣਤਰ ਪੱਖੋਂ ਭੱਠੀ ਇੱਕ ਵੱਡ ਅਕਾਰੀ ਚੁੱਲ੍ਹਾ ਹੁੰਦੀ ਹੈ। ਇਸ ਉੱਤੇ ਲੋਹੇ ਦੀ ਧਾਤ ਤੋਂ ਬਣੀ ਕੜਾਹੀ ਵਿੱਚ ਕੱਕਾ (ਦਰਿਆਈ) ਰੇਤਾ ਪਾ ਕੇ ਉਸਨੂੰ ਭੂਰੇ ਰੰਗ ਦਾ ਹੋਣ ਤੱਕ ਅੱਗ ਦੇ ਸੇਕ ਨਾਲ ਪਕਾ ਲਿਆ ਜਾਂਦਾ ਹੈ ਅਤੇ ਫਿਰ ਇਸ ਵਿੱਚ ਦਾਣੇ ਪਾ ਕੇ ਦਾਤਰੀ ਨਾਲ ਲਗਾਤਾਰ ਹਿਲਾਇਆ ਜਾਂਦਾ ਹੈ। ਇਹ ਦਾਤਰੀ ਖੇਤੀ ਦੇ ਕੰਮਾਂ ਵਿੱਚ ਵਰਤੀ ਜਾਣ ਵਾਲੀ ਹੱਥ ਨਾਲ ਪਸ਼ੂਆਂ ਦਾ ਚਾਰਾ ਆਦਿ ਵੱਢਣ ਵਾਲੀ ਹੀ ਦਾਤਰੀ ਹੁੰਦੀ ਹੈ। ਦਾਣੇ ਭੁੰਨੇ ਜਾਣ ‘ਤੇ ਇੱਕ ਵੱਡੀ ਛਾਨਣੀ ਦੀ ਸਹਾਇਤਾ ਨਾਲ ਰੇਤੇ ਵਿੱਚੋਂ ਦਾਣੇ ਕੱਢ ਲਏ ਜਾਂਦੇ ਹਨ ਅਤੇ ਛਾਨਣੀ ਨੂੰ ਵਾਰ-ਵਾਰ ਹਿਲਾ ਕੇ ਦਿਸ ਵਿੱਚੋਂ ਰੇਤਾ ਚੰਗੀ ਤਰਾਂ ਛਾਣਕੇ ਦਾਣੇ ਅਲੱਗ ਕਰ ਲਏ ਜਾਂਦੇ ਹਨ। ਇਹ ਗਰਮ-ਗਰਮ ਭੱਠੀ ਤੋਂ ਭੁੰਨਾਏ ਦਾਣੇ ਚੱਬਣਾਂ ਪੰਜਾਬ ਦੇ ਪੇਂਡੂ ਸੱਭਿਆਚਾਰ ਦਾ ਪ੍ਰਚੱਲਿਤ ਰਿਵਾਜ ਹੈ।
ਦਾਣੇ ਭੁੰਨਣ ਵਾਲੀ ਭੱਠੀ ਆਮ ਤੌਰ ‘ਤੇ ਸ਼ਾਮ ਨੂੰ ਤਪਾਈ ਜਾਂਦੀ ਹੈ। ਦਾਣੇ ਭੁੰਨਾਉਣ ਲਈ ਆਮ ਨਿੱਕੇ ਮੁੰਡੇ-ਕੁੜੀਆਂ ਨੂੰ ਕੱਪੜੇ ਦੇ ਪੋਣੇ ਵਿੱਚ ਘਰੋਂ ਦਾਣੇ ਪਾ ਕੇ ਭੇਜਿਆ ਜਾਂਦਾ ਹੈ। ਪਰ ਕਈ ਵਾਰ ਵੱਡੇ ਵੀ ਭੱਠੀ ਤੋਂ ਦਾਣੇ ਭੁੰਨਾਉਣ ਜਾਂਦੇ ਹਨ। ਸ਼ਾਮ ਨੂੰ ਭੱਠੀ ਉੱਤੇ ਪੂਰੀਆਂ ਰੌਣਕਾਂ ਲੱਗ ਜਾਂਦੀਆਂ ਹਨ। ਹਰ ਕੋਈ ਆਪਣੀ ਵਾਰੀ ਦੀ ਉਡੀਕ ਵਿੱਚ ਹੁੰਦਾ ਹੈ। ਕਈ ਵਾਰ ਤਾਂ ਵਾਰੀ ਪਿੱਛੇ ਛੋਟੀ -ਮੋਟੀ ਲੜਾਈ ਵੀ ਹੋ ਜਾਂਦੀ ਹੈ। ਦਾਣੇ ਭੁੰਨਣ ਵਾਲੀ ਦਾਣੇ ਭੁੰਨਣ ਸਮੇਂ ਆਪਣੇ ਹੱਥ ਨਾਲ ਕੁਝ ਦਾਣੇ ਕੱਢਕੇ ਰੱਖ ਲੈਂਦੀ ਹੈ। ਇਹ ਦਾਣੇ ਉਹ ਦਾਣੇ ਭੁੰਨਣ ਦੀ ਇਵਜ਼ ਵੱਜੋਂ ਰੱਖਦੀ ਹੈ। ਇਹਨਾਂ ਦਾਣਿਆਂ ਨੂੰ ‘ਚੁੰਗ’ ਕਿਹਾ ਜਾਂਦਾ ਹੈ। ਮੱਕੀ ਦੇ ਭੱਠੀ ਤੋਂ ਭੁੰਨਾਏ ਦਾਣੇ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਖਿੱਲਾਂ ਵਾਲੇ ਅਤੇ ਦੂਸਰੇ ਮੁਰਮੁਰੇ। ਚੰਗੀ ਤਰਾਂ ਧੁੱਪ ਵਿੱਚ ਸੁਕਾ ਕੇ ਰੱਖੀ ਮੱਕੀ ਦੇ ਦਾਣਿਆਂ ਤੋਂ ਖਿੱਲਾਂ ਬਣਦੀਆਂ ਹਨ ਅਤੇ ਥੋੜੀ ਗਿੱਲੀ ਘੱਟ ਸੁੱਕੀ ਮੱਕੀ ਤੋਂ ਭੁੰਨੇ ਦਾਣਿਆਂ ਨੂੰ ਮੁਰਮੁਰੇ ਕਿਹਾ ਜਾਂਦਾ ਹੈ ਅਤੇ ਇਹ ਸੁਆਦ ਵਿੱਚ ਕੁਝ ਮਿੱਠੇ ਹੁੰਦੇ ਹਨ। ਇਹਨਾਂ ਮੁਰਮੁਰੇ ਦਾਣਿਆਂ ਨੂੰ ਸਿਰਫ ਨੌਜੁਆਨ ਹੀ ਚੱਬ ਸਕਦੇ ਹਨ, ਜਾਂ ਫਿਰ ਉਹ ਲੋਕ ਹੀ ਚੱਬ ਸਕਦੇ ਹਨ ਜਿਹਨਾਂ ਦੇ ਦੰਦ ਮਜ਼ਬੂਤ ਹੋਣ। ਖਿੱਲਾਂ ਸਿਰਫ ਬਜ਼ੁਰਗਾਂ ਜਾਂ ਦੰਦਾਂ ਤੋਂ ਕਮਜੋਰ ਲੋਕ ਹੀ ਖਾਂਦੇ ਹਨ। ਭੱਠੀ ਵਾਲੀ ਦਾਣੇ ਭੁੰਨਾਉਣ ਵਾਲਿਆਂ ਦੇ ਬੈਠਣ ਲਈ ਬੋਰੀਆਂ ਵਿਛਾਕੇ ਰੱਖਦੀ ਹੈ। ਸਿਆਲ ਦੀ ਰੁੱਤ ਵਿੱਚ ਭੱਠੀ ਉੱਤੇ ਬੁਹਤ ਰੌਣਕਾਂ ਲੱਗਦੀਆਂ ਹਨ। ਬਹੁਤੇ ਲੋਕ ਤਾਂ ਅੱਗ ਸੇਕਣ ਦੇ ਬਹਾਨੇ ਵੀ ਭੱਠੀ ਤੇ ਆਉਂਦੇ ਹਨ। ਭੱਠੀ ਨੂੰ ਅੱਗ ਦਾ ਝੋਕਾ ਦੇਣ ਵਾਲਾ ਭੱਠੀ ਵਾਲੀ ਦੇ ਘਰ ਦਾ ਕੋਈ ਮਰਦ ਮੈਂਬਰ ਹੁੰਦਾ ਹੈ ਜੋ ਝੋਕਾ ਲਾਉਣ ਦੇ ਨਾਲ-ਨਾਲ ਹੋਰ ਵੀ ਛੋਟੇ-ਮੋਟੇ ਕੰਮ ਨਿਪਟਾਉਂਦਾ ਰਹਿੰਦਾ ਹੈ।
ਗਰਮ ਰੇਤ ਨਾਲ ਭੱਠੀ ਤੇ ਭੁੰਨੇ ਦਾਣਿਆਂ ਨੂੰ ‘ਪਰਾਗਾ’ ਕਿਹਾ ਜਾਂਦਾ ਹੈ। ਭੱਠੀ ਤੋਂ ਭੁੰਨਾਏ ਦਾਣਿਆਂ ਦਾ ਸੁਆਦ ਵੱਖਰਾ ਹੀ ਹੁੰਦਾ ਹੈ। ਅੱਜ ਦੇ ਮਸ਼ੀਨੀ ਯੁੱਗ ਵਿੱਚ ‘ਪੌਪ ਕੌਰਨ’ ਵਾਲੀਆਂ ਮਸ਼ੀਨਾਂ ਦਾਣੇ ਭੁੰਨਣ ਵਾਲੀਆਂ ਭੱਠੀਆਂ ਦੇ ਬਦਲ ਦੇ ਰੂਪ ਵਿੱਚ ਆ ਗਈਆਂ ਹਨ। ਪਰ ਫਿਰ ਵੀ ਇਸਦੇ ਚਹੇਤੇ ਕਿਤੇ ਨਾ ਕਿਤੇ ਜਿਉਂਦੇ ਹੋਣ ਕਾਰਨ ਇਹਨਾਂ ਦਾਣੇ ਭੁੰਨਣ ਵਾਲੀਆਂ ਭੱਠੀਆਂ ਦੀ ਹੋਂਦ ਅਜੇ ਵੀ ਜਿਉਂਦੀ ਹੈ। ਹੁਣ ਇਹ ਚੱਲਦੀਆਂ ਫਿਰਦੀਆਂ ਭੱਠੀਆਂ ਰੇਹੜੀਆਂ ਉੱਤੇ ਗਲੀਆਂ ਅਤੇ ਮੁਹੱਲਿਆਂ ਵਿੱਚ ਸਾਡੇ ਪੁਰਾਤਨ ਸੁਆਦ ‘ਪਰਾਗੇ’ਦੀਆਂ ਯਾਦਾਂ ਨੂੰ ਅਜੇ ਵੀ ਜਿਉਂਦਾ ਰੱਖੀ ਬੈਠੀਆਂ ਹਨ। ਜੇਕਰ ਮਰੀ ਹੈ ਤਾਂ ਉਹ ਸਿਰਫ ਦਾਣੇ ਭੁੰਨਣ ਵਾਲੀ ਬੇਬੇ ਮਰੀ ਹੈ। ਸਾਡੇ ਪੁਰਾਤਨ ਪੰਜਾਬੀ ਵਿਰਸੇ ਦਾ ਇਹ ਬਹਮੁੱਲਾ ਖ਼ਜ਼ਾਨਾ ਭਾਵੇਂ ਅੱਜ ਲੱਗਭੱਗ ਅਲੋਪ ਹੀ ਹੋ ਚੁੱਕਾ ਹੈ, ਪਰ ਇਹ ਸਾਡੀਆਂ ਯਾਦਾਂ ਦੇ ਝਰੋਖੇ ਵਿੱਚ ਹਮੇਸ਼ਾਂ ਸਦੀਵੀ ਰਹੇਗਾ।