ਬਾਜ਼ੀਗਰ (ਫ਼ਾਰਸੀ: بازیگر ਬਾਜ਼ੀ + ਗਰ) ਆਮ ਤੌਰ 'ਤੇ ਸਾਰੇ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਮਿਲਣ ਵਾਲੇ ਕਬੀਲਿਆਂ ਲਈ ਪ੍ਰਚਲਿਤ ਪੰਜਾਬੀ ਸ਼ਬਦ ਹੈ। ਮੂਲ ਫ਼ਾਰਸੀ ਵਿੱਚ ਇਹ ਸ਼ਬਦ ਕਿੱਤਾ-ਮੂਲਕ ਅਤੇ ਵਧੇਰੇ ਵਿਆਪਕ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਅਭਿਨੇਤਾ ਲਈ ਵੀ ਇਹੀ ਸ਼ਬਦ ਹੈ।
ਪੰਜਾਬ ਵਿੱਚ ਆਪਣੇ ਆਪ ਲਈ ਗਵਾਰ ਜਾਂ ਗੌਰ ਸ਼ਬਦ ਇਸਤੇਮਾਲ ਕਰਨ ਵਾਲੇ ਕਬੀਲਿਆਂ ਲਈ ਉਹਨਾਂ ਦੇ ਬਾਜ਼ੀਗਰੀ ਨਾਲ ਸੰਬੰਧ ਹੋਣ ਕਰਕੇ ਦੂਸਰੇ ਲੋਕਾਂ ਨੇ ਉਹਨਾਂ ਨੂੰ ਬਾਜੀਗਰ ਕਹਿਣਾ ਸ਼ੁਰੂ ਕਰ ਦਿੱਤਾ।
ਇਹ ਲੋਕ ਹੋਰਨਾਂ ਰੋਮਾ ਕਬੀਲਿਆਂ ਵਾਂਗ ਮੂਲ ਤੌਰ 'ਤੇ ਰਾਜਪੂਤ ਜਾਤੀਆਂ ਨਾਲ ਸਬੰਧਤ ਸਨ ਅਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵਿਚਰਦੇ ਸਨ। ਬਾਜ਼ੀਗਰ ਬਰਾਦਰੀਆਂ ਦੀ ਭਾਸ਼ਾ ਦੀ ਅਤੇ ਸੱਭਿਆਚਾਰ ਦੀ ਵਿਲੱਖਣਤਾ ਅਧਿਐਨ ਦਾ ਰੌਚਿਕ ਵਿਸ਼ਾ ਹੈ।
ਬਾਜ਼ੀਗਰ ਇੱਕ ਪੱਛੜਿਆ ਭਾਈਚਾਰਾ ਹੈ ਜਿਸ ਵਿੱਚ ਪੁਰਾਤਨ ਰੀਤੀ ਰਿਵਾਜ਼ ਅਤੇ ਪੱਥਰ ਯੁੱਗ ਦੀਆਂ ਗੱਲਾਂ ਅਜੇ ਤਕ ਵੀ ਪ੍ਰਚਲਤ ਹਨ।
ਪੰਜਾਬ ਦੇ ਬਾਜ਼ੀਗਰ
ਭਾਰਤੀ ਪੰਜਾਬ ਵਿਚ, ਬਾਜ਼ੀਗਰ ਭਾਈਚਾਰਾ ਨੂੰ ਅਨੁਸੂਚਿਤ ਜਾਤੀ ਦਾ ਰੁਤਬਾ ਪ੍ਰਾਪਤ ਹੈ। ਇਸ ਖੇਤਰ ਵਿੱਚ ਇਹ ਮੁੱਖ ਤੌਰ 'ਤੇ ਪਟਿਆਲਾ,ਜਲੰਧਰ, ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਮਿਲਦੇ ਹਨ। ਇਹ ਪਿੰਡ ਪਿੰਡ ਜਾ ਕੇ ਬਾਜ਼ੀ ਪਾਉਣ ਵਾਲੇ ਇੱਕ ਖਾਨਾਬਦੋਸ਼ ਕਬੀਲੇ ਦੇ ਲੋਕ ਹਨ। ਪਹਿਲਾਂ ਬਾਜ਼ੀ ਹੀ ਇਨ੍ਹਾਂ ਦੇ ਗੁਜ਼ਾਰੇ ਦਾ ਮੁੱਖ ਆਧਾਰ ਸੀ। ਆਮ ਤੌਰ 'ਤੇ, ਹਰ ਇੱਕ ਪਰਿਵਾਰ ਨੂੰ ਬਾਰ੍ਹਾਂ ਪਿੰਡ ਅਲਾਟ ਕੀਤੇ ਜਾਂਦੇ ਸੀ ਅਤੇ ਮਨੋਰੰਜਨ ਕਰਨ ਬਦਲੇ ਪਿੰਡ ਇਨ੍ਹਾਂ ਨੂੰ ਲਾਗ ਦਿੰਦਾ ਸੀ। ਅੱਜਕੱਲ ਇਸ ਕਬੀਲੇ ਦੇ ਬਹੁਤੇ ਲੋਕ ਮੌਸਮੀ ਖੇਤੀਬਾੜੀ ਮਜ਼ਦੂਰ ਦੇ ਤੌਰ 'ਤੇ ਜਾਂ ਦਾਣਾ ਮੰਡੀਆਂ ਵਿੱਚ ਕੰਮ ਕਰਦੇ ਹਨ। ਦਿਹਾਤੀ ਪੰਜਾਬ ਵਿੱਚ ਟੈਲੀਵਿਜ਼ਨਾਂ ਵਿੱਚ ਵਾਧੇ ਦੇ ਨਾਲ ਇਨ੍ਹਾਂ ਦਾ ਬਾਜ਼ੀਗਰੀ ਦਾ ਰਵਾਇਤੀ ਕਿੱਤਾ ਬੰਦ ਹੀ ਹੋ ਗਿਆ ਹੈ। ਉਨ੍ਹਾਂ ਨੇ ਆਪਣੀ ਪਰੰਪਰਾਗਤ ਬੋਲੀ ਬਾਜ਼ੀਗਰੀ ਨੂੰ ਛੱਡ ਕੇ ਮਿਆਰੀ ਪੰਜਾਬੀ ਆਪਣਾ ਲਈ ਹੈ।
- ਪੰਜਾਬ ਦੇ ਬਾਜ਼ੀਗਰ
- ਰਾਵੀ ਦੇ ਬਾਜ਼ੀਗਰ
- ਖੜ੍ਹੀ ਦੇ ਬਾਜ਼ੀਗਰ
- ਸਥਾਨਕ ਬਾਜ਼ੀਗਰ