ਲੋਕ ਤੱਥ

ਡੱਬ ਵਾਲਾ ਬੱਚਾ ਕਦੇ ਜੋਸ਼ 'ਚ ਨਹੀਂ ਕੱਢੀਦਾ,
     ਤਾਹਨਾ ਨਹੀਂਓ ਦੇਈਦਾ ਲੂਣ ਵਾਲੀ ਲੱਸੀ ਦਾ।


    ਮਾਣ ਕਦੇ ਤੋੜੀਏ ਨਾ ਬਾਣੀਏ ਦੀ ਹੱਟੀ ਦਾ,
    ਹੱਕ ਕਦੇ ਰੱਖੀਏ ਨਾ  ਦਾਣਿਆ ਦੀ ਭੱਠੀ ਦਾ।


    ਵੈਰੀ ਦੀ ਬਗੀਚੀ ਚੋਂ ਵੀ ਬੂਟਾ ਨਹੀਂਓ ਪੁੱਟੀਦਾ,
    ਮਾਰ ਕੇ ਜਹਿਰੀਲਾ ਸੱਪ ਝਾੜੀ 'ਚ ਨਹੀਂ ਸੁੱਟੀਦਾ ।


    ਸੱਚੀਆਂ ਮੁਹੱਬਤਾਂ ਦਾ ਮੁੱਲ ਨਹੀਂਓ ਵੱਟੀਦਾ ,
    ਸੱਜਣਾਂ 'ਤੇ ਭੀੜ ਪਵੇ ਛੱਡ ਕੇ ਨਹੀਂ ਨੱਸੀਦਾ ।
  
    ਨਾਗ ਨਾ ਬਣਾਈਏ ਕਦੇ ਹੱਥ ਆਈ ਰੱਸੀ ਦਾ,
    ਰੱਬੋਂ ਮਾਰੇ ਬੰਦੇ ਦੀ ਗਰੀਬੀ  'ਤੇ  ਨਹੀਂ ਹੱਸੀਦਾ।


    ਛੱਡੀਏ ਨਾ ਹੱਥ ਕਦੇ ਲਾਵਾਂ ਲੈ ਕੇ ਨੱਢੀਦਾ,
    ਬਿਨਾ ਪੁੱਛੇ ਸਾਂਝਾ ਕਦੇ ਰੁੱਖ ਨਹੀਂਓ ਵੱਢੀਦਾ।


    ਗੁੱਸੇ ਵਿੱਚ ਬਾਬਲੇ ਦਾ ਘਰ ਨਹੀਂਓ ਛੱਡੀਦਾ ,
    ਪਿੱਛਾ ਨਹੀਂ ਤਕਾਈਦਾ ਭਾਬੋ ਛੋਟੀ ਵੱਡੀ ਦਾ।


    ਜੋਰੂ ਵੀ ਵਿਕਾ ਦਿੰਦਾ ਮੱਟ ਘਰ  ਕੱਢੀਦਾ ,
    ਲੱਗ ਕੇ ਸ਼ਰੀਕਾਂ ਪਿੱਛੇ ਭਾਈ ਨਹੀਂਓ ਵੱਢੀਦਾ ।


    ਰੱਖ ਲਈਏ ਮਾਣ ਗੱਲ ਕੀਤੀ ਭੈਣ ਵੱਡੀ ਦਾ ,
    ਵਿਧਵਾ ਜੇ ਭਾਬੋ ਹੋਜੇ ਘਰੋਂ ਨਹੀਂਓ  ਕੱਢੀਦਾ।


    ਪੁੱਛ ਦੁੱਖ ਪ੍ਰਦੇਸੀਆਂ ਨੂੰ ਟਾਈਮੋਂ ਖੁੰਝੀ ਗੱਡੀਦਾ ,
   'ਗਿੱਲ' ਮਾਪਿਆਂ ਨੂੰ ਸੁੰਨੇ ਨਹੀਂ ਬੁਢੇਪੇ ਵਿੱਚ ਛੱਡੀਦਾ।
    'ਗਿੱਲ' ਮਾਪਿਆਂ ਨੂੰ ਸੁੰਨੇ ਨਹੀਂ ਬੁਢੇਪੇ ਵਿੱਚ ਛੱਡੀਦਾ।

ਬੇਅੰਤ ਕੌਰ ਗਿੱਲ ਮੋਗਾ

ਮੁਆਫੀਂ ਨਾਲੋਂ ਵੱਡਾ ਕੋਈ ਹੈ ਦਾਨ ਨੀ।
ਹਉਮੈ ਨਾਲੋਂ ਉੱਚਾ ਕੋਈ ਆਸਮਾਨ ਨੀ।
ਘੁਮੰਡ 'ਚ ਨਾ ਆ ਕੇ ਸਿਰ ਉੱਚਾ ਚੁੱਕੀਏ।
ਦੁਸ਼ਮਣ ਨੂੰ ਵੇਖ ਕੇ ਕਦੇ ਨਾ ਥੁੱਕੀਏੇ।
ਸੂਈ ਵਾਲਾ ਕੰਮ ਕਰੇ ਤਲਵਾਰ ਨਾ।
ਯਾਰ ਨਾਲ ਕਰੋ ਕਦੇ ਯਾਰ ਮਾਰ ਨਾ।
ਗਿਆਨ ਨੂੰ ਬਣਾਓ ਜੀ ਗੁਰੂ ਆਪਣਾ।
ਪਾਪ ਕਰਨੋਂ ਹਟਣ ਕਦੇ ਨਾ ਪਾਪਣਾ।
ਨਿੰਦਾ ਸੁਣ ਆਪਣੀ ਖਾਮੋਸ਼ ਰਹੀਏ ਜੀ।
ਉਸਤਾਦਾਂ ਦੀ ਹਮੇਸ਼ਾਂ ਪੈਂਦ ਵੱਲ੍ਹੇ ਬਹੀਏ ਜੀ।
ਝੂਠੀ ਪ੍ਰਸ਼ੰਸਾ ਖਾਵੇ ਚੰਗਿਆਈ ਨੂੰ।
ਦੂਜਿਆਂ ਦੇ ਰਾਹ 'ਚ ਖੋਦੀਏ ਨਾ ਖਾਈ ਨੂੰ।
ਕਰੋਧ ਤੇ ਹਨੇਰ ਹੁੰਦੇ ਪੱਕੇ ਯਾਰ ਨੇ।
ਅਖੀਰ ਵੇਲੇ ਕੰਮ ਆਉਂਦੇ ਬੰਦੇ ਚਾਰ ਨੇ।
ਅਪਰਾਧ ਨੂੰ ਨਾ ਦੇਈਏ ਬਈ ਹੱਲਾਸ਼ੇਰੀ ਜੀ।
 ਮੌਤ ਪਿੱਛੋਂ ਮੁਕਦੀ ਬੰਦੇ ਦੀ ਮੇਰੀ ਜੀ।
ਭਰਿੰਡਾਂ ਦੇ ਖੱਖਰ ਨੂੰ ਕਦੇ ਨਾ ਛੇੜੀਏ।
ਬਿਨਾਂ ਵਜ੍ਹਾ 'ਬੜੈਚ ਸਿਆ' ਨਾ ਨਲ ਗੇੜੀਏ।
                 –ਤਸਵਿੰਦਰ ਸਿੰਘ ਬੜੈਚ