ਧਰਥਰਾ ਕੇ ਵੱਜਣ ਵਾਲੇ ਸਾਜ਼ਾਂ ਵਿੱਚ ਤੂੰਬੀ, ਸਾਰੰਗੀ, ਰਬਾਬ, ਬੁਗਚੂ, ਦਿਲਰੁਬਾ, ਤਾਊਸ ਆਦਿ ਸਾਜ਼ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਜਿਹਨਾਂ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ -
ਤੂੰਬੀ : ਇਹ ਇੱਕ ਪ੍ਰਮੁੱਖ ਪੰਜਾਬੀ ਸੰਗੀਤ ਸਾਜ਼ ਹੈ । ਇਸਦੀ ਹੋਂਦ ਦੇ ਸਬੰਧ ਵਿੱਚ ਵੱਖ-ਵੱਖ ਧਾਰਨਾ ਬਣੀ ਹੋਈ ਹੈ । ਤਾਰ ਵਾਦਕ ਪਰੰਪਰਾ ਵਿੱਚੋਂ ਤੂੰਬੀ ਦਾ ਇੱਕ ਨਵਾਂ ਰੂਪ ਨਿੱਖਰਕੇ ਸਾਹਮਣੇ ਆਉਣ ਦੇ ਸੰਕੇਤ ਮਿਲਦੇ ਹਨ । “ਤੂੰਬੀ” ਸ਼ਬਦ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਪਹਿਲਾਂ ਤੂੰਬੇ (ਸਬਜੀ) ਨੂੰ ਸੁਕਾ ਕੇ ਇਸਨੂੰ ਅੰਦਰੋਂ ਖੋਖਲਾ ਕਰਕੇ ਪੁਰਾਣੇ ਸਮੇਂ ਵਿੱਚ ਸਾਜ਼ ਬਣਾਉਣ ਲਈ ਵਰਤਿਆ ਜਾਂਦਾ ਸੀ । ਪਹਿਲਾਂ ਚਕਾਰਾ ( ਚਾਰ ਤਾਰਾਂ ਵਾਲਾ ਵਾਦਯ ) ਅਤੇ ਫਿਰ ਮਗਰੋਂ ਦੋ-ਤਾਰਾ ਉਂਗਲਾਂ ਨਾਲ ਵਜਾਉਣ ਵਾਲਾ ਸਾਜ਼ ਹੋਂਦ ਵਿੱਚ ਆਇਆ । ਭਾਰਤੀ ਸੰਸਕ੍ਰਿਤੀ ਦੇ ਪ੍ਰਾਚੀਨ ਗਰੰਥਾਂ ਵਿੱਚ ਇਸਦੇ ਅਨੇਕਾਂ ਪ੍ਰਮਾਣ ਦਰਜ ਮਿਲਦੇ ਹਨ ਕਿ ਵੱਖ-ਵੱਖ ਰੂਪਾਂ ਵਿੱਚ ਭਗਤ ਨਾਮਦੇਵ, ਮੀਰਾ ਬਾਈ ਅਤੇ ਭਗਤ ਸੂਰਦਾਸ ਦੀ ਭਗਤੀ ਪ੍ਰੰਪਰਾ ਨਾਲ ਜੋੜਕੇ ਇਸਨੂੰ ਦੇਖਿਆ ਗਿਆ ਹੈ। ਪੂਰਬ ਅਤੇ ਪੱਛਮ ਵਿੱਚ ਦੋ-ਤਾਰਾ ਆਮ ਹੀ ਵੱਜਦਾ ਰਿਹਾ ਹੈ, ਜਦਕਿ ਇੱਕ-ਤਾਰਾ ਨਾਲ ਸਿਰਫ ਆਸ਼ਕ ਜੱਟ ਨੇ ਹੀ ਗਾਇਆ ਹੈ । ਪਾਕਿਸਤਾਨ ਦੇ ਜਾਂਗਲੀ (ਮੁਸੱਲੀ) ਲੋਕ ਪਹਿਲਾਂਤੰਬੀ ਨਾਲ ਗਾਇਆ ਕਰਦੇ ਸਨ ।
ਇਹ ਧਾਰਨਾ ਬਣੀ ਹੋਈ ਹੈ ਕਿ ਇਸਤੋਂ ਬਾਦ ਬਟਾਲੇ ਦੇ ਪੰਡਤ ਸਾਹਿਬ ਦਿਆਲ ਨੇ ਲਾਲ ਚੰਦ ਯਮਲਾ ਜੱਟ ਨੂੰ ਇੱਕ ਤਾਰਾ (ਤੂੰਬੀ) ਬਣਾਉਣ ਦਾ ਖਿਆਲ ਦਿੱਤਾ ਜੋ ਕਿ ਯਮਲਾ ਜੱਟ ਨੂੰ ਪਸੰਦ ਆ ਗਿਆ ਅਤੇ ਉਸਨੇ ਇਸਦੀ ਬਣਤਰ ਵਿੱਚ ਨਿਖਾਰ ਲਿਆਕੇ ਗਾਉਣਾ ਸੁਰੂ ਕੀਤਾ । ਇਸ ਤਰਾਂ ਯਮਲਾ ਜੱਟ ਨੇ ਤੂੰਬੀ ਨੂੰ ਲੋਕਾਂ ਵਿੱਚ ਲਿਆ ਕੇ ਪੰਜਾਬ ਦਾ ਲੋਕ ਸਾਜ਼ ਅਖਵਾ ਦਿੱਤਾ । ਭਾਵੇਂ ਤੂੰਬੀ ਪੰਜਾਬ ਦਾ ਅੱਜ ਪ੍ਰਵਾਨਿਤ ਲੋਕ ਸਾਜ਼ ਬਣ ਚੁੱਕਾ ਹੈ ਪਰ ਜਪਾਨੀਆਂ ਨੇ ਕੰਪਿਊਟਰ ਦੀ ਤਕਨੀਕ ਨਾਲ ਇਸਦੀ ਨਕਲ ਕਰਕੇ ਆਰਗਨ ਨਾਮਕ ਸਾਜ਼ ਦੀ ਹੂ - ਬਹੂ ਈਜਾਦ ਕਰ ਦਿੱਤੀ । ਬਣਤਰ ਪੱਖੋਂ ਜੇਕਰ ਦੇਖਿਆ ਜਾਵੇ ਤਾਂ ਤੂੰਬੀ ਦਾ ਕੋਈ ਨਿਸ਼ਚਿਤ ਅਤੇ ਵਿਸ਼ੇਸ਼ ਅਕਾਰ ਨਹੀਂ ਹੁੰਦਾ । ਪਰ ਆਮ ਤੌਰ ਤੇ ਇਹ ਅਕਾਰ ਵਿੱਚ ਡੇਢ ਤੋਂ ਦੋ ਜਾਂ ਸਵਾ ਦੋ ਕੁ ਫੁੱਟ ਤੱਕ ਦੀ ਬਣੀ ਹੁੰਦੀ ਹੈ ।
ਅਜੋਕੇ ਦੌਰ ਵਿੱਚ ਤੂੰਬੀ ਕੱਦੂ ਤੋਂ ਇਲਾਵਾ ਹੁਣ ਨਾਰੀਅਲ, ਲੱਕੜ ਜਾਂ ਪਿੱਤਲ ਤੋਂ ਤਿਆਰ ਤੂੰਬੀ ਵੀ ਬਜ਼ਾਰ ਵਿੱਚ ਮਿਲਣ ਲੱਗ ਪਈ ਹੈ । ਇਸਨੂੰ ਆਮ ਬੱਕਰੀ ਦੀ ਖੱਲ ਨਾਲ ਮੜ੍ਹਿਆ ਜਾਂਦਾ ਹੈ । ਬੱਕਰੀ ਦੇ ਚੰਮ ਨਾਲ ਮੜ੍ਹੀ ਇਸ ਤੂੰਬੀ ਦੇ ਆਰ-ਪਾਰ ਦੋ ਸੁਰਾਖਾਂ ਵਿੱਚ ਗੋਲ ਡੰਡੀ ਫਿੱਟ ਕਰ ਲਈ ਜਾਂਦੀ ਹੈ ਅਤੇ ਇਸ ਡੰਡੀ ਦੇ ਸਿਰੇ ਤੇ ਸੁਰਾਖ਼ ਕਰਕੇ ਇਸ ਵਿੱਚ ਇੱਕ ਛੋਟੇ ਲਾਟੂ ਵਾਲੀ ਲੱਕੜ ਦੀ ਕਿੱਲੀ ਫਿੱਟ ਕਰ ਲਈ ਜਾਂਦੀ ਹੈ । ਤੂੰਬੀ ਵਾਲੇ ਪਾਸਿਓਂ ਡੰਡੀ ਨਾਲ ਬਰੀਕ ਸਟੀਲ ਦੀ ਤਾਰ ਕਸਕੇ ਖੱਲ ਮੜ੍ਹੇ ਹਿੱਸੇ ਉੱਪਰੋਂ ਲੰਘਾਕੇ ਡੰਡੀ ਦੇ ਦੂਸਰੇ ਪਾਸੇ ਲਾਟੂ ਵਾਲੀ ਛੋਟੀ ਕਿੱਲੀ ਨਾਲ ਕਸ ਲਈ ਜਾਂਦੀ ਹੈ । ਤੂੰਬੀ ਦੀ ਖੱਲ ਉੱਪਰ ਤਾਰ ਦੇ ਹੇਠ ਲੱਕੜ ਦਾ ਇੱਕ ਛੋਟਾ ਟੁਕੜਾ ਫਿੱਟ ਕਰ ਲਿਆ ਜਾਂਦਾ ਹੈ ਅਤੇ ਇਸ ਟੁਕੜੇ ਨੂੰ ਤੂੰਬੀ ਦੀ ਘੋੜੀ ਕਹਿੰਦੇ ਹਨ । ਤੂੰਬੀ ਨੂੰ ਸੁਰ ਪੱਖੋਂ ਤਿੱਖਾ ਜਾਂ ਭਾਰਾ ਕਰਨ ਲਈ ਇਸਦੀ ਲਾਟੂ ਵਾਲੀ ਕਿੱਲੀ ਨੂੰ ਢਿੱਲਾ ਕਰ ਲਿਆ ਜਾਂਦਾ ਹੈ ਜਾਂ ਕੱਸ ਲਿਆ ਜਾਂਦਾ ਹੈ । ਅੱਜ ਤੂੰਬੀ ਪੰਜਾਬ ਦਾ ਇੰਨਾ ਹਰਮਨ ਪਿਆਰਾ ਸਾਜ਼ ਬਣ ਗਿਆ ਹੈ ਕਿ ਇਸਨੂੰ ਹਰ ਸ਼ਹਿਰ ਅਤੇ ਕਸਬੇ ਤੋਂ ਸਾਜ਼ਾਂ ਸੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ । ਪਰ ਅੱਜ ਦੇ ਮਸ਼ੀਨੀ ਯੁੱਗ ਤੋਂ ਪਹਿਲਾਂ ਫਗਵਾੜੇ ਦੇ ਨੰਦ ਲਾਲ ਦੀਆਂ ਬਣੀਆਂ ਤੂੰਬੀਆਂ ਦੀ ਕਦੇ ਤੂਤੀ ਬੋਲਿਆ ਕਰਦੀ ਸੀ । ਪਰ ਪ੍ਰੇਮ ਰੋਪੜੀਏ ਦੀ ਤੂੰਬੀ ਵੀ ਕਿਸੇ ਸਮੇਂ ਮਸ਼ਹੂਰ ਮੰਨੀ ਜਾਂਦੀ ਸੀ । ਤੂੰਬੀ ਦੇ ਉਕਤ ਮੰਨੇ ਪ੍ਰਮੰਨੇ ਕਾਰੀਗਰਾਂ ਤੋਂ ਬਿਨਾਂ ਮਲੇਰਕੋਟਲੇ ਅਤੇ ਹੁਸ਼ਿਆਰਪੁਰ ਦੀਆਂ ਬਣੀਆਂ ਹੋਈਆਂ ਤੂੰਬੀਆਂ ਵੀ ਪ੍ਰਸਿੱਧ ਹਨ । ਪਰ ਅੱਜਕੱਲ ਤੂੰਬੀ ਬਣਾਉਣ ਵਾਲੇ ਬਾਬਾ ਰਮਤੇ ਦੀ ਹੱਥੀਂ ਬਣੀ ਤੂੰਬੀ ਦੀ ਬਾਹਰਲੇ ਮੁਲਕਾਂ ਵਿੱਚ ਪੂਰੀ ਮੰਗ ਹੈ ।
ਰਬਾਬ : ਰਬਾਬ ਭਾਰਤ ਦੀ ਸੰਗੀਤ ਕਲਾ ਦਾ ਸਭ ਤੋਂ ਪਹਿਲਾ ਅਤੇ ਪ੍ਰਮੁੱਖ ਤੰਤੀ - ਸਾਜ਼ ਹੈ ਜੋ ਕਿ ਪੰਜ ਮੂਲ ਸਾਜ਼ਾਂ, ਵੀਣਾ, ਮ੍ਰਿਦੰਗ, ਸ਼ਹਿਨਾਈ ਅਤੇ ਸਾਰੰਗੀ ਵਿੱਚੋਂ ਇੱਕ ਸਿਰਕੱਢਵਾਂ ਸਾਜ਼ ਹੈ । ਇਸਦੇ ਵਿਕਸਤ ਹੋਣ ਦੇ ਪ੍ਰਮਾਣ ਅੱਠਵੀਂ ਸਦੀ ਤੋਂ ਵੀ ਪਹਿਲਾਂ ਦੇ ਮਿਲਦੇ ਹਨ। ਰਬਾਬ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਪ੍ਰਾਚੀਨ ਲੋਕ ਸਾਜ਼ ਮੁਗਲਾਂ ਦੇ ਵਪਾਰ ਜ਼ਰੀਏ ਉੱਤਰੀ ਅਫਰੀਕਾ, ਮੱਧ ਪੂਰਬ, ਯੂਰਪੀ ਖਿੱਤਿਆਂ ਸਮੇਤ ਪੂਰੇ ਪੂਰਬ ਤੱਕ ਪ੍ਰਚੱਲਿਤ ਸੀ । ਜਦਕਿ “ਭਾਰਤੀ ਸੰਗੀਤ ਵਾਦਿਆ” ਪੁਸਤਕ ਵਿੱਚ ਇਸਦੇ ਲੇਖਕ ਡਾਕਟਰ ਲਾਲ ਮਣੀ ਮਿਸ਼ਰ ਲਿਖਦੇ ਹਨ ਕਿ ਰਬਾਬ ਪ੍ਰਾਚੀਨ ਚਿਤਰਾ ਵੀਣਾ ਦਾ ਵਿਕਸਤ ਰੂਪ ਹੈ, ਜੋ ਲੱਗਭਗ ਚੌਦ੍ਹਵੀਂ ਸ਼ਤਾਬਦੀ ਵਿੱਚ ਵਿਕਸਿਤ ਹੋਇਆ ਹੈ । ਕਿਹਾ ਜਾਂਦਾ ਹੈ ਕਿ ਸਿਕੰਦਰ ਦੇ ਰਾਜ ਕਾਲ ਵਿੱਚ ਰਬਾਬ ਹੋਂਦ ਵਿੱਚ ਆਈ ਸੀ ਅਤੇ ਇਸਦੀ ਖੋਜ਼ ਮਹਾਨ ਅਲੈਗਜ਼ੈਂਡਰ ਨੇ ਕੀਤੀ ਸੀ । ਡਾਕਟਰ ਲਾਲ ਮਣੀ ਅਨੁਸਾਰ ਭਾਰਤ ਵਿੱਚ ਦੋ ਪ੍ਰਕਾਰ ਦੇ ਰਬਾਬ ਪ੍ਰਚੱਲਿਤ ਸੀ ਅਤੇ ਇੱਕ ਰਬਾਬ ਨੂੰ ਤਿਕੋਣੀ ਨਾਲ ਜਾਂ ਹੱਡੀ ਨਾਲ ਵਜਾਇਆ ਜਾਂਦਾ ਹੈ, ਜਿਸਨੂੰ ਜਵਾ ਕਿਹਾ ਜਾਂਦਾ ਹੈ । ਦੂਸਰੀ ਕਿਸਮ ਦੀ ਰਬਾਬ ਗਜ਼ ਨਾਲ ਵਜਾਈ ਜਾਂਦੀ ਸੀ । ਤੰਤੀ ਸਾਜ਼ਾਂ ਵਿੱਚੋਂ ਰਬਾਬ ਇੱਕ ਅਜਿਹਾ ਸਾਜ਼ ਹੈ ਜਿਸਦਾ ਗੁਰਮਤਿ ਸੰਗੀਤ ਵਿੱਚ ਵਿਸ਼ੇਸ਼ ਸਥਾਨ ਹੈ । ਕਿਉਂਕਿ ਰਬਾਬ ਗੁਰਬਾਣੀ ਨੂੰ ਰੂਹਾਨੀ ਸੰਗੀਤ ਵਿੱਚ ਬਦਲਣ ਦੀ ਤਾਕਤ ਰੱਖਦੀ ਹੈ । ਇਸ ਲਈ ਸਿੱਖ ਧਰਮ ਵਿੱਚ ਰਬਾਬ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਰਾਹੀਂ ਪ੍ਰਮਾਤਮਾ ਦੀ ਸਿਫਤ ਅਰਥਾਤ ਕੀਰਤਨ ਰਾਹੀਂ ਇਨਸਾਨ ਨੂੰ ਧਿਆਨ ਦੀ ਅਵਸਥਾ ਤੱਕ ਪਹੁੰਚਾਉਂਦੀ ਹੈ । ਰਬਾਬ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਗੁਰਮਤਿ ਸੰਗੀਤ ਪ੍ਰੰਪਰਾ ਦਾ ਅੰਗ ਬਣਦੀ ਆ ਰਹੀ ਹੈ । ਉਹਨਾਂ ਦੇ ਸੰਗੀ ਭਾਈ ਮਰਦਾਨਾ ਜੀ ਇੱਕ ਉੱਤਮ ਰਬਾਬ ਵਾਦਕ ਸਨ । ਗੁਰੂ ਨਾਨਕ ਸਾਹਿਬ ਰਬਾਬ ਦੀ ਮਧੁਰ ਅਤੇ ਰੂਹਾਨੀ ਧੁੰਨ ਉੱਤੇ ਹੀ ਬਾਣੀ ਉਚਾਰਿਆ ਕਰਦੇ ਸਨ । ਗੁਰੂ ਜੀ ਦੀਆਂ ਜਨਮ ਸਾਖੀਆਂ ਵਿੱਚ ਵੀ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਕਿਹਾ ਕਰਦੇ ਸਨ, “ਮਰਦਾਨਿਆ , ਰਬਾਬ ਉਠਾ । ਬਾਣੀ ਆਈ ਹੈ।” ਇਸਦਾ ਵਰਨਣ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਹੇਠ ਲਿਖੇ ਅਨੁਸਾਰ ਕੀਤਾ ਹੈ - ਫਿਰਿ ਬਾਬਾ ਗਇਆ ਬਗਦਾਦਿਨੋਬਾਹਰਿ ਜਾਇ ਕੀਆ ਅਸਥਾਨਾ॥ ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ ॥ ਬਣਾਵਟ ਪੱਖੋਂ ਰਬਾਬ ਤਿੰਨ ਕੁ ਫੁੱਟ ਦੀ ਇੱਕ ਖਾਸ ਕਿਸਮ ਦੀ ਲੱਕੜ ਦੇ ਟੁਕੜੇ ਤੋਂ ਬਣੀ ਹੁੰਦੀ ਹੈ ।ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਲੱਕੜ ਦੇ ਟੁਕੜੇ ਨੂੰ ਅੰਦਰੋਂ ਖੋਖਲਾ ਕਰ ਲਿਆ ਜਾਂਦਾ ਹੈ ਅਤੇ ਜੋ ਕਿ ਡਾਂਡ ਕਹਾਉਂਦਾ ਹੈ । ਰਬਾਬ ਨੂੰ ਤੂੰਬੇ ਡਾਂਡ ਨਾਲ ਜੋੜ ਲਿਆ ਜਾਂਦਾ ਹੈ । ਤੂੰਬਾ ਬਣਤਰ ਵਿੱਚ ਕੁਝ ਚੌੜਾ ਹੁੰਦਾ ਹੈ ਅਤੇ ਡਾਂਡ ਵਾਲੇ ਪਾਸੇ ਤੋਂ ਇਹ ਘੱਟ ਚੌੜਾ ਹੁੰਦਾ ਹੈ । ਤੰਬੇ ਦੇ ਉੱਪਰਲੇ ਖੁੱਲ੍ਹੇ ਪਾਸੇ ਨੂੰ ਚਮੜੇ ਦੀ ਖੱਲ ਨਾਲ ਮੜ੍ਹਿਆ ਹੁੰਦਾ ਹੈ । ਇਹ ਖੱਲ ਜਿਆਦਾਤਰ ਬੱਕਰੀ ਦੀ ਹੁੰਦੀ ਹੈ ਅਤੇ ਇਹ “ਮਾਂਦ” ਅਖਵਾਉਂਦੀ ਹੈ । ਰਬਾਬ ਦੀ ਡਾਂਡ ਦੇ ਉੱਪਰ ਇੱਕ ਤਾਰਾਂ ਲੰਘਾਉਣ ਵਾਸਤੇ ਘੜੁੱਚ ਲੱਗਾ ਹੁੰਦਾ ਹੈ ਜੋ ਕਿ “ਤਾਰ ਘਣੀ” ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਆਮ ਪ੍ਰਚੱਲਿਤ ਰਬਾਬ ਚਾਰ ਦੀ ਬਜਾਏ ਛੇ ਤਾਰਾਂ ਵਾਲੀ ਹੁੰਦੀ ਹੈ ਅਤੇ ਇਹਨਾਂ ਨੂੰ ਹਨ -ਜੀਲ ਦੀ ਤਾਰ, ਮਿਆਨ ਦੀ ਤਾਰ, ਸੁਰ ਦੀ ਤਾਰ, ਮੰਦਰ ਦੀ ਤਾਰ, ਘੌਰ ਦੀ ਤਾਰ ਅਤੇ ਖਰਜ਼ ਦੀ ਤਾਰ ਕਿਹਾ ਜਾਂਦਾ ਹੈ । ਇਹ ਤਾਰਾਂ ਲੜੀਵਾਰ ਕ੍ਰਮ ‘ਚ ਮੱਧ- ਪ, ਮੱਧ - ਰੇ, ਮੱਧ - ਸ, ਮੰਦਰ-ਪ, ਮੰਦਰ - ਮ ਅਤੇ ਮੰਦਰ ਸਪਤਕ ਦੇ ਸ ਨਾਲ ਮਿਲਾਈਆਂ ਹੁੰਦੀਆਂ ਹਨ । ਅੱਜਕੱਲ ਰਬਾਬ ਵਿੱਚ ਤਰਬ ਦੀਆਂ ਤਾਰਾਂ ਦੀ ਵਰਤੋਂ ਵੀ ਹੋਣ ਲੱਗ ਪਈਆਂ ਹਨ । ਰਬਾਬ ਦੀ ਮਾਂਦ ਦੇ ਉੱਪਰ ਤਾਰਾਂ ਹੇਠ ਇੱਕ ਹੱਡੀ ਦੀ ਘੋੜੀ ਰੱਖੀ ਜਾਂਦੀ ਹੈ ਜੋ ਘੜੁਚ ਜਾਂ ਘੜੁਚ ਘਣੀ ਅਖਵਾਉਂਦੀ ਹੈ ।ਰਬਾਬ ਵਾਦਕ ਰਬਾਬ ਨੂੰ ਲੱਕੜੀ ਜਾਂ ਹਾਥੀ ਦੰਦ ਦੇ ਛੋਟੇ ਟੁਕੜੇ ਨਾਲ ਵਜਾਉਂਦਾ ਹੈ ਅਤੇ ਜਿਸਨੂੰ ਜਵਾ ਜਾਂ ਜ਼ਰਬ ਆਖਦੇ ਹਨ ।ਅਕਸਰ ਹੀ ਪ੍ਰੰਪਰਾਗਤ ਰਬਾਬ ਵਿੱਚ ਪਰਦੇ ਨਹੀਂ ਹੁੰਦੇ ਸਨ , ਪਰ ਜਦੋਂ ਕਿ ਇਸ ਵਿੱਚ ਪਰਦੇ ਲਗਾਏ ਜਾ ਸਕਦੇ ਹਨ । ਰਬਾਬ ਸ਼ੂਫ਼ੀ ਸੰਗੀਤ ਕਲਾ ਦਾ ਰੂਹਾਨੀਅਤ ਭਰਿਆ ਸੰਗੀਤ ਸਿਰਜਣ ਵਾਲਾ ਇੱਕ ਰੂਹਾਨੀ ਸਾਜ਼ ਹੈ ।
ਸਾਰੰਗੀ : ਸਾਰੰਗੀ ਕਲਾਸੀਕਲ ਸੰਗੀਤ ਦਾ ਤੰਤੀ ( ਤਾਰਾਂ ਵਾਲਾ ) ਸਾਜ਼ ਹੈ ਜੋ ਕਿ ਇਸਦੀਆਂ ਤਾਰਾਂ ਉੱਤੇ ਗਜ ਫੇਰ ਕੇ ਵਜਾਇਆ ਜਾਣ ਵਾਲਾ ਸਾਜ ਹੈ ।ਸਾਰੰਗੀ ਦੇ ਵਿਕਸਤ ਹੋਣ ਸਬੰਧੀ ਕਿਹਾ ਜਾਂਦਾ ਹੈ ਕਿ ਇਸਦੀ ਖੋਜ ਪੰਜ ਹਜ਼ਾਰ ਬੀ ਸੀ ਵਿੱਚ ਹੋਈ ਮੰਨੀ ਜਾ ਰਹੀ ਹੈ । ਇਹ ਪੰਜਾਬ ਦਾ ਪ੍ਰਮੁੱਖ ਲੋਕ ਸਾਜ਼ ਹੈ ਜੋ ਭਾਰਤ ਦੀ ਸ਼ਾਸ਼ਤਰੀ ਸੰਗੀਤ ਪ੍ਰੰਪਰਾ ਤੋਂ ਇਲਾਵਾ ਗੁਰਮਤਿ ਸੰਗੀਤ ਵਿੱਚ ਵੀ ਸਤਿਕਾਰਤ ਸਾਜ਼ ਹੈ । ਇਸੇ ਕਾਰਨ ਇਹ ਸਾਜ਼ ਪੰਜਾਬੀ ਸੰਗੀਤ ਜਗਤ ਵਿੱਚ ਵਿਸ਼ੇਸ਼ ਮਹੱਤਤਾ ਹੈ । ਢਾਡੀ ਕਲਾ ਵਿੱਚ ਸਾਰੰਗੀ ਨੂੰ ਇਤਿਹਾਸਕ ਵਾਰਾਂ ਗਾਉਣ ਸਮੇਂ ਅਤੇ ਕਿਸੇ ਅਤੇ ਲੋਕ ਗਾਥਾ ਗਾਉਣ ਸਮੇਂ ਢੱਡ ਨਾਲ ਵਜਾਇਆ ਜਾਂਦਾ ਹੈ । ਸਰੰਗੀ ਬਣਤਰ ਪੱਖੋਂ ਰਬਾਬ ਨਾਲ ਮੇਲ ਖਾਂਦੀ ਸ਼ਕਲ ਦੀ ਹੁੰਦੀ ਹੈ । ਬਣਤਰ ਪੱਖੋਂ ਇਹ ਲੱਕੜੀ ਤੋਂ ਬਣੀ ਹੋਈ ਹੁੰਦੀ ਹੈ, ਜਿਸਦੇ ਤਲ ਉੱਤੇ ਬੱਕਰੀ ਦੀ ਖੱਲ ਮੜ੍ਹੀ ਹੁੰਦੀ ਹੈ । ਇਸਦੇ ਖੱਲ ਮੜ੍ਹੇ ਤਲ ਉੱਤੇ ਸਿੰਗ ਨਾਲ ਘੋੜੀ ਬਣੀ ਹੁੰਦੀ ਹੈ ਅਤੇ ਇਸ ਘੋੜੀ ਦੇ ਛੇਦਾਂ ਰਾਹੀਂ ਤਾਰ ਦੂਸਰੇ ਪਾਸੇ ਬੰਨ੍ਹੇ ਹੋਏ ਹੁੰਦੇ ਹਨ । ਸਾਰੰਗੀ ਵਿੱਚ ਲੱਗੀਆਂ ਤਾਰਾਂ ਦੀ ਗਿਣਤੀ 29 ਹੁੰਦੀ ਹੈ ਅਤੇ ਮੁੱਖ ਬਾਜ਼ ਵਿੱਚ 4 ਤਾਰਾਂ ਹੁੰਦੀਆਂ ਹਨ । ਇਸਤੋਂ ਇਲਾਵਾ ਝੋਰ ਦੀਆਂ 8 ਅਤੇ ਝੀਲੇ ਦੀਆਂ 17 ਤਾਰਾਂ ਹੁੰਦੀਆਂ ਹਨ । ਇਹਨਾਂ ਨੂੰ ਰਾਂਦਾ ਕਿਹਾ ਜਾਂਦਾ ਹੈ । ਇਸ ਤਰਾਂ ਸਾਰੰਗੀ ‘ਤੇ ਗਜ਼ ਫੇਰਨ ਨਾਲ ਧੁੰਨ ਪੈਦਾ ਹੁੰਦੀ ਹੈ ।
ਬੁਗਚੂ : ਇਹ ਪੰਜਾਬ ਦਾ ਇੱਕ ਰਵਾਇਤੀ ਲੋਕ ਸਾਜ਼ ਹੈ । ਇਸਨੂੰ ਬੁਘਚੂ, ਬੁਗਦੂ ਅਤੇ ਬਘਦੂ ਵੀ ਕਿਹਾ ਜਾਂਦਾ ਹੈ । ਬੁਗਚੂ ਮਲਵਈ ਗਿੱਧੇ ਸਮੇਂ ਵਜਾਇਆ ਜਾਣ ਵਾਲਾ ਮੁੱਖ ਸਾਜ਼ ਹੈ । ਇਸਨੂੰ ਵਜਾੳਣ ਸਮੇਂ ਇਸ ਵਿੱਚੋਂ ਨਿਕਲਣ ਵਾਲੀ ਅਵਾਜ ਵੀ “ਬੁਗਚੂ” ਹੀ ਹੁੰਦੀ ਹੈ, ਜਿਸ ਕਰਕੇ ਇਸਨੂੰ ਬੁਗਚੂ ਦੇ ਨਾਮ ਤੋਂ ਜਾਣਿਆ ਜਂਦਾ ਹੈ । ਸ਼ਕਲ ਤੋਂ ਇਹ ਡਮਰੂ ਦੀ ਸ਼ਕਲ ਦਾ ਹੁੰਦਾ ਹੈ ਜੋ ਅੰਦਰ ਤੋਂ ਡਮਰੂ ਵਾਂਗ ਹੀ ਖੋਖਲਾ ਹੁੰਦਾ ਹੈ । ਇਸਨੂੰ ਇੱਕ ਪਾਸਿਓਂ ਡਮਰੂ ਵਾਂਗ ਖੱਲ ਨਾਲ ਮੜ੍ਹਿਆ ਹੁੰਦਾ ਹੈ । ਇਸ ਖੱਲ ਦੇ ਐਨ ਵਿਚਕਾਰੋਂ ਸੁਰਾਖ ਕਰਕੇ ਇੱਕ ਮੋਟੀ ਤਾਰ ਲੰਘਾਕੇ ਦੂਸਰੇ ਸਿਰੇ ਤੋਂ ਇੱਕ ਲੱਕੜ ਦੀ ਗੁੱਲੀ ਨਾਲ ਬੰਨ੍ਹ ਦਿੱਤੀ ਜਾਂਦੀ ਹੈ । ਇਸਨੂੰ ਵਜਾਉਣ ਲਈ ਕੱਛ ਵਿੱਚ ਘੁੱਟਕੇ ਕਸਕੇ ਫੜਿਆ ਹੋਇਆ ਹੁੰਦਾ ਹੈ । ਗੁੱਲੀ ਨੂੰ ਦੂਸਰੇ ਹੱਥ ਨਾਲ ਫੜਕੇ ਖਿੱਚਣ ਨਾਲ ਬੁਗਚੂ ਵੱਜਦਾ ਹੈ ।
ਤਾਊਸ : ਤਾਊਸ ਫਾਰਸੀ ਭਾਸ਼ਾ ਦਾ ਇੱਕ ਸ਼ਬਦ, ਜਿਸਦਾ ਅਰਥ ਪੰਛੀ ਮੋਰ ਹੈ । ਇਹ ਸਾਜ਼ ਪ੍ਰਾਚੀਨ ਵੀਣਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਹ ਉੱਤਰੀ ਅਤੇ ਮੱਧ ਭਾਰਤ ਖਿੱਤੇ ਦਾ ਹਰਮਨ ਪਿਆਰਾ ਸਾਜ਼ ਹੈ । ਤਾਊਸ ਦੀ ਰਚਨਾ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕੀਤੀ ਸੀ ਅਤੇ ਉਸ ਵੇਲੇ ਤੋਂ ਹੀ ਇਹ ਗੁਰਮਤਿ ਸੰਗੀਤ ਵਿੱਚ ਸਾਜ਼ਾਂ ਦਾ ਮੁੱਖ ਹਿੱਸਾ ਬਣਦਾ ਆ ਰਿਹਾ ਹੈ ।ਤਾਊਸ ਕੁਝ ਗਿਣੇ ਚੁਣੇ ਸਾਜ਼ਾਂ ਵਿੱਚੋਂ ਇੱਕ ਹੈ ਜੋ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਣ ਵਾਲੇ ਕੀਰਤਨ ਦਰਬਾਰ ‘ਚ ਵਜਾਇਆ ਜਾਂਦਾ ਹੈ । ਬਣਤਰ ਪੱਖੋਂ ਤਾਊਸ ਪੰਛੀ ਮੋਰ ਦੇ ਅਕਾਰ ਦਾ ਬਣਿਆ ਹੁੰਦਾ ਹੈ । ਇਸਦੇ ਮੋਰ ਦੇ ਅਕਾਰ ਦੇ ਹੇਠਲੇ ਹਿੱਸੇ ਨੂੰ ਤੂੰਬਾ ਕਹਿੰਦੇ ਹਨ । ਇਹ ਸਾਜ਼ ਦਿਲਰੁਬਾ ਸਾਜ਼ ਅਤੇ ਇਸਰਾਜ਼ ਨਾਮੀ ਸਾਜ਼ ਨਾਲ ਸ਼ਕਲ ਪੱਖੋਂ ਮਿਲਦਾ ਜੁਲਦਾ ਹੈ । ਇਹ ਗਜ਼ ਨਾਲ ਵਜਾਇਆ ਜਾਂਦਾ ਹੈ । ਤਾਊਸ ਦੇ ਵਾਦਕ ਅੱਜਕੱਲ ਬਹੁਤ ਘੱਟ ਹਨ ।
ਸਰੰਦਾ : ਸਰੰਦਾ ਗੁਰਮਤਿ ਸੰਗੀਤ ਸਾਜ਼ ਨਾਲ ਜੁੜਿਆ ਸਾਜ਼ ਹੈ ਅਤੇ ਇਹ ਸਰਿੰਦਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਸਰਿੰਦਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਪ੍ਰਚੱਲਿਤ ਹੋਇਆ ਸੀ । ਕਹਿੰਦੇ ਹਨ ਕਿ ਇਸ ਸਾਜ਼ ਨੂੰ ਗੁਰੂ ਜੀ ਨੇ ਆਪਣੇ ਹੱਥੀਂ ਆਪ ਤਿਆਰ ਕੀਤਾ ਸੀ ਅਤੇ ਉੱਨ੍ਹਾਂ ਦਾ ਤਿਆਰ ਕੀਤਾ ਸਰਿੰਦਾ ਸਿੱਖ ਅਜਾਇਬ ਘਰ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਹੋਇਆ ਹੈ । ਸਿੱਖ ਗੁਰੂਆਂ ਦੇ ਇਤਿਹਾਸ ਨਾਲ ਜੁੜਿਆ ਇੱਕ ਸਰਿੰਦਾ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਸ਼ਹਿਰ ਦੇ ਗੁਰੂ-ਘਰ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਹੋਇਆ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਰਿੰਦਾ ਮੰਨਿਆ ਜਾਂਦਾ ਹੈ । ਸ਼੍ਰੀ ਦਰਬਾਰ ਸਾਹਿਬ ਵਿਖੇ ਮਹੰਤ ਸ਼ਾਮ ਸਿੰਘ ਨੇ ਸੱਤਰ ਸਾਲਾਂ ਤੱਕ ਇਸੇ ਹੀ ਸਰਿੰਦੇ ਨਾਲ ਕੀਰਤਨ ਦੀ ਸੇਵਾ ਨਿਭਾਈ ਸੀ । ਇਸ ਤਰਾਂ ਸਰਿੰਦਾ ਸਿੱਖੀ ਦੀ ਗੁਰਮਤਿ ਪ੍ਰੰਪਰਾ ਦਾ ਪ੍ਰਚੀਨ ਸਾਜ਼ ਮੰਨਿਆ ਜਾ ਸਕਦਾ ਹੈ ।
ਦਿਲਰੁਬਾ : ਦਿਲਰੁਬਾ ਗੁਰਮਤਿ ਸੰਗੀਤ ਕਲਾ ਦਾ ਤੰਤ-ਸਾਜ਼ ਹੈ ਅਤੇ ਇਹ ਸਾਜ਼ ਬੰਗਾਲ ਦੇ ਲੋਕ ਸਾਜ਼ ਇਸਰਾਜ ਦੀ ਸ਼ਕਲ ਨਾਲ ਮਿਲਦਾ ਜੁਲਦਾ ਹੈ । ਇਸਦਾ ਜਨਮ ਦਾਤਾ ਲੋਕ ਸਾਜ਼ ਤਾਊਸ ਮੰਨਿਆ ਜਾਂਦਾ ਹੈ ਕਿਉਂਕਿ ਤਾਊਸ ਦੀ ਬਣਤਰ ਵਿੱਚ ਤਬਦੀਲੀਆਂ ਕਰਕੇ ਦਿਲਰੁਬਾ ਨੂੰ ਹੋਂਦ ਵਿੱਚ ਲਿਆਂਦਾ ਗਿਆ ਹੈ । ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਇਸ ਸਾਜ਼ ਦਾ ਪ੍ਰਚੱਲਨ ਹੋਇਆ ਸੀ । ਇਹ ਗਜ਼ ਨਾਲ ਵਜਾਇਆ ਜਾਣ ਵਾਲਾ ਲੋਕ ਸਾਜ਼ ਹੈ । ਗੁਰਮਤਿ ਸੰਗੀਤ ਅਕੈਡਮੀ ਅਨੰਦਪੁਰ ਸਾਹਿਬ ਵਿਖੇ ਇਸਦੀ ਸਿਖਲਾਈ ਦਿੱਤੀ ਜਾਂਦੀ ਹੈ ।