ਲੋਕ ਕਿੱਸੇ

 

ਕਿੱਸਾ ਸਾਹਿਤ ਦੀਆਂ ਅਮਰ ਰਚਨਾਵਾਂ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਜਨ ਜੀਵਨ ਦੀ ਝਲਕ ਸਾਫ਼ ਦਿਸ ਆਉਂਦੀ ਹੈ। ਪੰਜਾਬ ਦਾ ਲੋਕ ਸੱਭਿਆਚਾਰ ਇਨ੍ਹਾਂ ਵਿੱਚ ਵਿਦਮਾਨ ਹੈ। ਇਨ੍ਹਾਂ ਪ੍ਰਮੁੱਖ ਪ੍ਰੀਤ ਕਥਾਵਾਂ ਤੋਂ ਬਿਨਾਂ ਸਥਾਨਕ ਇਲਾਕਿਆਂ ਦੀਆਂ ਪ੍ਰੀਤ ਕਥਾਵਾਂ ਰੋਡਾ ਜਲਾਲੀ, ਸੋਹਣਾ ਜ਼ੈਲੀ, ਕਾਕਾ ਪਰਤਾਪੀ ਅਤੇ ਇੰਦਰ ਬੇਗੋ ਪੰਜਾਬ ਦੇ ਲੋਕ ਮਾਨਸ ਦੀਆਂ ਹਰਮਨ ਪਿਆਰੀਆਂ ਪ੍ਰੀਤਾਂ ਹਨ, ਜਿਨ੍ਹਾਂ ਨੂੰ ਅਨੇਕਾਂ ਲੋਕ ਕਵੀਆਂ ਨੇ ਆਪਣੇ ਕਿੱਸਿਆਂ ਵਿੱਚ ਸਾਂਭਿਆ ਹੋਇਆ ਹੈ।

ਮੱਧ-ਕਾਲੀਨ ਕਾਲ ਦੀਆਂ ਇਨ੍ਹਾਂ ਮੁਹੱਬਤੀ ਰੂਹਾਂ ਨੇ ਆਪਣੀ ਮੁਹੱਬਤ ਦੀ ਪੂਰਤੀ ਲਈ ਉਸ ਸਮੇਂ ਦੇ ਸਮਾਜ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਹੈ-ਨਾ ਕੋਈ ਧਰਮ, ਨਾ ਜਾਤ, ਨਾ ਗੋਤ ਉਨ੍ਹਾਂ ਦੇ ਮਿਲਾਪ ਨੂੰ ਰੋਕ ਨਹੀਂ ਸਕਿਆ। ਉਨ੍ਹਾਂ ਸਮਾਜੀ ਬੰਦਿਸ਼ਾਂ ਨੂੰ ਤੋੜ ਕੇ ਆਪਣੇ ਇਸ਼ਕ ਨੂੰ ਤੋੜ ਨਿਭਾਇਆ ਹੈ। ਅਸਲ ਵਿੱਚ ਉਨ੍ਹਾਂ ਨੇ ਆਪਣੇ ਤੌਰ `ਤੇ ਸਖ਼ਸ਼ੀ ਆਜ਼ਾਦੀ ਦੀ ਲੜਾਈ ਲੜ ਕੇ ਇਤਿਹਾਸ ਸਿਰਜਿਆ ਹੈ। ਲੋਕ ਨਾਇਕ ਵਜੋਂ ਨਿਭਾਏ ਇਤਿਹਾਸਕ ਰੋਲ ਕਰਕੇ ਹੀ ਪੰਜਾਬ ਦਾ ਲੋਕ ਮਾਨਸ ਉਨ੍ਹਾਂ ਨੂੰ ਆਪਣੇ ਚੇਤਿਆਂ ਵਿੱਚ ਵਸਾਈ ਬੈਠਾ ਹੈ ਅਤੇ ਅੱਜ ਵੀ ਸਾਂਦਲ ਬਾਰ ਦੇ ਲੋਕ ਹੀਰ ਨੂੰ ‘ਮਾਈ ਹੀਰ' ਤੇ ਰਾਂਝੇ ਨੂੰ ‘ਮੀਆਂ ਰਾਂਝੇ' ਦੇ ਲਕਬ ਨਾਲ ਯਾਦ ਕਰਦੇ ਹਨ।

ਪੁਰਾਤਨ ਸਮੇਂ ਤੋਂ ਹੀ ਪੰਜਾਬ ਵਿਦੇਸ਼ੀ ਹਮਲਾਵਰਾਂ ਲਈ ਮੁਖਦੁਆਰ ਰਿਹਾ ਹੈ, ਜਿਸ ਕਰਕੇ ਆਏ ਦਿਨ ਪੰਜਾਬੀਆਂ ਨੂੰ ਵਿਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬ ਨੂੰ ਭਾਰਤ ਦੀ ਖੜਗ ਭੁਜਾ ਕਿਹਾ ਜਾਂਦਾ ਹੈ। ਨਿੱਤ ਦੀਆਂ ਲੜਾਈਆਂ ਕਾਰਨ ਪੰਜਾਬੀਆਂ ਦੇ ਖੂਨ ਵਿੱਚ ਸੂਰਮਤਾਈ ਅਤੇ ਬਹਾਦਰੀ ਦੇ ਅੰਸ਼ ਸਮੋਏ ਹੋਏ ਹਨ। ਸਦਾ ਚੜ੍ਹ‌‍‌ਦੀ ਕਲਾ ਵਿੱਚ ਰਹਿਣ ਵਾਲੇ ਪੰਜਾਬੀ ਜਿੱਥੇ ਮੁਹੱਬਤੀ ਰੂਹਾਂ ਨੂੰ ਪਿਆਰ ਕਰਦੇ ਹਨ ਉੱਥੇ ਉਹ ਉਹਨਾਂ ਯੋਧਿਆਂ ਸੂਰਬੀਰਾਂ ਦੀਆਂ ਵਾਰਾਂ ਵੀ ਗਾਉਂਦੇ ਹਨ ਜੋ ਆਪਣੇ ਸਮਾਜ, ਭਾਈਚਾਰੇ, ਸਵੈ ਅਣਖ਼ ਅਤੇ ਸਵੈਮਾਨ ਲਈ ਜੂਝਦੇ ਹੋਏ ਸੂਰਮਤਾਈ ਵਾਲੇ ਕਾਰਨਾਮੇ ਕਰ ਵਿਖਾਉਂਦੇ ਹਨ। ਇਹ ਸੂਰਬੀਰ ਯੋਧੇ ਜਨ ਸਾਧਾਰਨ ਲਈ ਇਕ ਆਦਰਸ਼ ਸਨ ਤੇ ਲੋਕ ਕਵੀ ਇਹਨਾਂ ਨਾਇਕਾਂ ਦੀ ਜੀਵਨ ਕਹਾਣੀ ਆਪਣੇ ਕਿੱਸਿਆਂ ਵਿੱਚ ਬੜੀਆਂ ਲਟਕਾਂ ਨਾਲ ਬਿਆਨ ਕਰਦੇ ਰਹੇ ਹਨ। ਕਾਫ਼ੀ ਲੰਮਾ ਸਮਾਂ ਆਸ਼ਕਾਂ ਅਤੇ ਸੂਰਮਿਆਂ ਦੇ ਕਿੱਸੇ ਪੰਜਾਬੀ ਮਹਿਫਲਾਂ ਦਾ ਸ਼ਿੰਗਾਰ ਰਹੇ ਹਨ। ਪੂਰਨ ਭਗਤ, ਰਾਜਾ ਰਸਾਲੂ, ਦੁੱਲਾ ਭੱਟੀ, ਮਿਰਜ਼ਾ, ਜੀਉਣਾ ਮੌੜ, ਸੁੱਚਾ ਸਿੰਘ ਸੂਰਮਾ, ਜੱਗਾ ਡਾਕੂ, ਸੁੰਦਰ ਸਿੰਘ ਧਾੜਵੀ ਅਤੇ ਹਰਫੂਲ ਸਿੰਘ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ਹਨ।