ਪਿੰਡਾਂ ਵਿੱਚ ਖੇਡ ਮੇਲੇ ਸ਼ੁਰੂ ਹੋਣੇ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਗਵਾਹ : ਕੈਬਨਟ ਮੰਤਰੀ ਜੋੜੇਮਾਜਰਾ 

  • ਨੌਜਵਾਨ ਖੇਡਾਂ ਨਾਲ ਜੁੜ ਕੇ ਆਪਣਾ ਬਿਹਤਰ ਭਵਿੱਖ ਬਣਾ ਸਕਦੇ ਹਨ 
  • ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕਰ ਰਹੀ ਕੰਮ 
  • ਕੈਬਨਟ ਮੰਤਰੀ ਚੇਤਨ ਸਿੰਘ ਜੌੜੇ ਮਾਜਰਾ ਨੇ ਪਿੰਡ ਸੌਂਢਾ ਵਿਖੇ ਕਰਾਏ 23ਵੇਂ ਕਬੱਡੀ ਕੱਪ ਵਿੱਚ ਕੀਤੀ ਸ਼ਿਰਕਤ
  • ਪਿੰਡ ਸੌਂਢਾ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ

ਫ਼ਤਹਿਗੜ੍ਹ ਸਾਹਿਬ, 29 ਅਗਸਤ 2024 : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਜਦੋਂ ਤੋਂ ਸੂਬੇ ਦੀ ਬਾਗਡੋਰ ਸੰਭਾਲੀ ਹੈ ਉਦੋਂ ਤੇ ਹੀ ਖੇਡਾਂ ਨੂੰ ਹੋਰ ਉੱਚਾ ਚੁੱਕਣ ਵਾਸਤੇ ਵਿਸ਼ੇਸ਼ ਯਤਨ ਕੀਤੇ ਗਏ ਹਨ ਅਤੇ ਪਿੰਡਾਂ ਵਿੱਚ ਸ਼ੁਰੂ ਹੋਣ ਵਾਲੇ ਖੇਡ ਮੇਲੇ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਗਵਾਹ ਬਣਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੂਚਨਾ ਤੇ ਲੋਕ ਸੰਪਰਕ ਮੰਤਰੀ ਸਰਦਾਰ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਪਿੰਡ ਸੌਂਢਾ ਵਿਖੇ ਨੌਜਵਾਨ ਸਭਾ, ਗੁਗਾ ਮਾੜੀ ਕਮੇਟੀ ਤੇ ਨਗਰ ਪੰਚਾਇਤ ਵੱਲੋਂ ਕਰਵਾਏ ਗਏ 23ਵੈ ਕਬੱਡੀ ਕੱਪ ਦੌਰਾਨ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿੱਚ ਲਿਆਉਣ ਲਈ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਸੀਜਨ ਸ਼ੁਰੂ ਹੋ ਰਿਹਾ ਹੈ ਜੋ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਨੌਜਵਾਨ ਵੱਧ ਚੜ ਕੇ ਖੇਡ ਮੈਦਾਨਾਂ ਵਿੱਚ ਆ ਰਹੇ ਹਨ ਅਤੇ ਸੂਬੇ ਦਾ ਨਾਮ ਵਿਸ਼ਵ ਭਰ ਵਿੱਚ ਉੱਚਾ ਕਰ ਰਹੇ ਹਨ। ਸਰਦਾਰ ਜੌੜੇ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਵੀ ਖੇਡਾਂ ਵਿੱਚ ਵਧੀਆ ਨਾਵਣਾ ਖੱਟਣ ਵਾਲੇ ਖਿਡਾਰੀਆਂ ਨੂੰ ਉੱਚ ਪਦਵੀਆਂ ਦੇ ਕੇ ਸਨਮਾਨਿਆ ਹੈ ਅਤੇ ਹੁਣ ਵੀ ਜਿਹੜੇ ਵੀ ਖਿਡਾਰੀ ਸੂਬੇ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰਨਗੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਉੱਚ ਅਹੁਦੇ  ਦਿੱਤੇ ਜਾਣਗੇ। ਉਹਨਾਂ ਹੋਰ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਿਸ਼ ਤੋਂ ਤਕਰੀਬਨ 47 ਹਜਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਜਿਨਾਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਦੀ ਵੀ ਹੈ। ਉਹਨਾਂ ਹੋਰ ਕਿਹਾ ਕਿ ਅੱਜ ਦੇ ਦੌਰ ਵਿੱਚ ਖੇਡਾਂ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਨਾਲ ਜੁੜ ਕੇ ਹੀ ਸਾਡੇ ਨੌਜਵਾਨ ਸਮਾਜਿਕ ਲਾਣਤਾਂ ਤੋਂ ਦੂਰ ਰਹਿ ਸਕਦੇ ਹਨ। ਕੈਬਨਟ ਮੰਤਰੀ ਜੋੜੇ ਮਾਜਰਾ ਨੇ ਨੌਜਵਾਨ ਪੀੜੀ ਨੂੰ ਪ੍ਰੇਰਤ ਕਰਦਿਆਂ ਕਿਹਾ ਕਿ ਖੇਡਾਂ ਇੱਕ ਅਜਿਹਾ ਖੇਤਰ ਹਨ ਜਿਸ ਨਾਲ ਜੁੜ ਕੇ ਜਿੱਥੇ ਸਮਾਜ ਵਿੱਚ ਫੈਲੀ ਨਸ਼ਿਆਂ ਦੀ ਲਾਹਣਤ ਦਾ ਖਾਤਮਾ ਕੀਤਾ ਜਾ ਸਕਦਾ ਹੈ ਉਥੇ ਹੀ ਨੌਜਵਾਨ ਆਪਣਾ ਭਵਿੱਖ ਵੀ ਰੌਸ਼ਨ ਕਰ ਸਕਦੇ ਹਨ ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਤਾਂ ਜੋ ਸਾਡਾ ਸੂਬਾ ਹਰੇਕ ਪੱਖੋਂ ਵਿਕਸਿਤ ਸੂਬਾ ਬਣ ਸਕੇ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਅੱਜ ਸਾਡੇ ਪੰਜਾਬੀ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਦਕਾ ਹੀ ਅੱਜ ਓਲੰਪਿਕ ਖੇਡਾਂ ਵਿੱਚ ਹਾਕੀ ਦੀ ਟੀਮ ਵੱਲੋਂ ਕਾਸੀ ਦਾ ਤਗਮਾ ਜਿੱਤਿਆ ਗਿਆ ਹੈ। ਜਿਸ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸਰਕਾਰ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾ ਰਹੀ ਹੈ ਅਤੇ ਖਿਡਾਰੀਆਂ ਦੀ ਸਹੂਲਤ ਲਈ ਹੋਰ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ ਤਾਂ ਜੋ ਸਾਡੇ ਨੌਜਵਾਨ ਪੀੜੀ ਖੇਡਾਂ ਦੇ ਖੇਤਰ ਵਿੱਚ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰ ਸਕੇ। ਉਹਨਾਂ ਇਸ ਮੌਕੇ ਕੈਬਨਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਪਿੰਡ ਸੌਂਢਾ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਚੈਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ੍ਰੀ ਅਜੇ ਸਿੰਘ ਲਿਬੜਾ, ਗੁਰਪ੍ਰੀਤ ਸਿੰਘ ਜੀਪੀ ਸਾਬਕਾ ਵਿਧਾਇਕ ਬਸੀ ਪਠਾਣਾਂ,  ਚੈਅਰਮੈਨ ਮਾਰਕੀਟ ਕਮੇਟੀ ਗੁਰਵਿੰਦਰ ਸਿੰਘ ਢਿੱਲੋਂ, ਕਲੱਬ ਪ੍ਰਧਾਨ ਹਰਵਿੰਦਰ ਸਿੰਘ ਨੱਪੀ , ਸਤੀਸ਼ ਲਟੋਰ, ਕੌਂਸਲਰ ਜਸਬੀਰ ਸਿੰਘ ਜੱਸੀ, ਅਸੀਸ ਅੱਤਰੀ, ਕੁਲਦੀਪ ਸਿੰਘ ਸੌਂਢਾ, ਪਰਵਿੰਦਰ ਸਿੰਘ ਸੌਂਢਾ, ਤੀਰਥ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਪੰਜੋਲਾ, ਰਵਿੰਦਰ ਸਿੰਘ ਸੌਂਢਾ, ਗੁਰਜੀਤ ਸਿੰਘ, ਸੁਭਾਸ਼ ਸੂਦ, ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।