ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਘਾ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ

ਲੁਧਿਆਣਾ,  23 ਫਰਵਰੀ, (ਰਘਵੀਰ ਸਿੰਘ ਜੱਗਾ) :  ਨੇੜਲੇ ਪਿੰਡ ਬੁਰਜ ਹਰੀ ਸਿੰਘ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਬੀਤੇ ਦਿਨੀ ਕਰਵਾਏ ਗਏ 16ਵੇਂ ਸਲਾਨਾ ਪੇਂਡੂ ਖੇਡ ਮੇਲੇ ਦੌਰਾਨ ਕਲੱਬ ਵਲੋਂ ਪ੍ਰਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਘਾ (ਸਰਪੰਚ) ਨੂੰ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ, ਕੌਮਾਂਤਰੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਗੋਰੂ ਕੈਨੇਡਾ, ਅੰਤਰਾਸ਼ਟਰੀ ਕਬੱਡੀ ਖਿਡਾਰੀ ਡਿੱਪੀ ਧਾਲੀਵਾਲ ਨੇ ਦੱਸਿਆ ਕਿ ਸੰਦੀਪ ਸਿੰਘ ਸੰਘਾ ਲੰਮੇਂ  ਸਮੇਂ ਤੋਂ ਪਿੰਡ ਬੁਰਜ ਹਰੀ ਸਿੰਘ ਦੀ ਕਬੱਡੀ ਓਪਨ ਦੀ ਟੀਮ ਵਿੱਚ ਖੇਡ ਰਿਹਾ ਹੈ ਅਤੇ ਉਸ ਦੀ ਬਦੌਲਤ ਪਿੰਡ ਦੀ ਟੀਮ ਨੇ ਕਬੱਡੀ ਖੇਤਰ ਵਿੱਚ ਕਾਫੀ ਮੱਲਾਂ ਮਾਰੀਆਂ ਹਨ। ਜਿਸ ਨੂੰ ਦੇਖਦੇ ਹੋਏ ਕਲੱਬ ਵਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸੰਦੀਪ ਸਿੰਘ ਨੂੰ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸੰਦੀਪ ਸਿੰਘ ਸੰਘਾ ਨੇ ਸਮੂਹ ਕਲੱਬ ਮੈਂਬਰਾਂ ਅਤੇ ਪ੍ਰਵਾਸੀ ਪੰਜਾਬੀ ਭਰਾਵਾਂ ਦਾ ਇਹ ਮਾਣ ਬਖਸ਼ਣ ਲਈ ਤਹਿ ਦਿਲੋਂ ਧੰਨਵਾਦ ਕੀਤਾ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਦਲਜੀਤ ਸਿੰਘ ਜੀਤਾ ਗਰੇਵਾਲ, ਕਬੱਡੀ ਪ੍ਰਮੋਟਰ ਬੂਟਾ ਸਿੰਘ ਛਾਪਾ, ਟੀਟੂ ਗਰੇਵਾਲ, ਜੱਗਾ ਗਿੱਲ, ਜੱਸਾ ਗਿੱਲ, ਸ਼ਿੰਦਾ ਗਿੱਲ, ਦੀਪਾ ਸਿੰਘ ਗਿੱਲ, ਰਾਜਾ ਧਾਲੀਵਾਲ, ਲਖਵੀਰ ਗਿਰ, ਕਾਕਾ ਗਿੱਲ, ਜੈਜੀ ਗਿੱਲ, ਪੀਤਾ ਗਰੇਵਾਲ, ਜੰਟੀ ਗਿੱਲ ਸਮੇਤ ਹੋਰ ਕਈ ਪਤਵੰਤੇ ਸੱਜਣ ਮੌਜ਼ੂਦ ਸਨ।