ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਪੂਰੀ ਦ੍ਰਿੜਤਾ ਨਾਲ ਕਾਰਜਸ਼ੀਲ : ਅਰੋੜਾ 

ਸੁਨਾਮ, 22 ਫਰਵਰੀ : ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਵਿਆਪਕ ਪੱਧਰ ’ਤੇ ਪ੍ਰਫੁੱਲਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਰਾਜ ਭਰ ਵਿੱਚ ਲਗਾਤਾਰ ਖੇਡ ਸਰਗਰਮੀਆਂ ਜਾਰੀ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਚੱਠਾ ਸੇਖਵਾਂ ਵਿਖੇ ਆਯੋਜਿਤ ਵਾਲੀਬਾਲ ਅਤੇ ਰੱਸਾਕਸੀ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਪੂਰੀ ਦ੍ਰਿੜਤਾ ਨਾਲ ਕਾਰਜਸ਼ੀਲ ਹੈ ਅਤੇ ਹਰ ਪਿੰਡ, ਕਸਬੇ, ਸ਼ਹਿਰ ਵਿੱਚ ਖਿਡਾਰੀਆਂ ਨੂੰ ਉਚਿਤ ਖੇਡ ਮੰਚ ਮੁਹੱਈਆ ਕਰਵਾਉਣ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਖੇਡ ਟੂਰਨਾਮੈਂਟਾਂ ਦੌਰਾਨ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਇਸ ਗੱਲ ਦੀ ਪੂਰੀ ਆਸ ਬੱਝਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਇਹ ਖੇਡ ਹੀਰੇ ਵੱਖ-ਵੱਖ ਖੇਡਾਂ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਸ਼੍ਰੀ ਅਰੋੜਾ ਨੇ ਟੂਰਨਾਮੈਂਟ ਦਾ ਆਯੋਜਨ ਕਰਨ ਲਈ ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਚੱਠਾ ਸੇਖਵਾਂ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੇ ਨਾਲ ਨਾਲ ਵਾਲੀਬਾਲ ਤੇ ਰੱਸਾਕਸੀ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਪਹੁੰਚੀਆਂ ਟੀਮਾਂ ਦੀ ਹੌਂਸਲਾ ਅਫ਼ਜਾਈ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡਾਂ ਸਰੀਰਕ ਤੇ ਮਾਨਸਿਕ ਸੰਤੁਲਨ ਨੂੰ ਯਕੀਨੀ ਬਣਾਉਂਦੀਆਂ ਹਨ ਇਸ ਲਈ ਹਰ ਨਾਗਰਿਕ ਨੂੰ ਕਿਸੇ ਨਾ ਕਿਸੇ ਢੰਗ ਨਾਲ ਖੇਡ ਗਤੀਵਿਧੀਆਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਯਾਦਗਾਰੀ ਤਸਵੀਰਾਂ ਖਿਚਵਾਈਆਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸ਼੍ਰੀ ਅਮਨ ਅਰੋੜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਮੌਕੇ ਗੁਰਮੀਤ ਸਿੰਘ ਮੀਤ, ਮਨਪ੍ਰੀਤ ਸਿੰਘ ਮਨੀ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਕਾਕਾ ਸੇਖੋਂ, ਗੁਰਦੀਪ ਸਿੰਘ, ਗੋਗਾ ਸਿੰਘ ਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ।