ਫਾਜ਼ਿਲਕਾ ਦੇ ਪੈਰਾ ਬੈਡਮਿੰਟਨ ਖਿਡਾਰੀ ਨੇ ਯੁਗਾਂਡਾ ਵਿੱਚ ਜਿੱਤੇ 3 ਮੈਡਲ

  • ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ

ਫਾਜ਼ਿਲਕਾ 11 ਜੁਲਾਈ : ਫਾਜ਼ਿਲਕਾ ਜ਼ਿਲ੍ਹੇ ਦੀ ਤਹੀਸੀਲ ਅਬੋਹਰ ਦੇ ਪਿੰਡ ਤੇਲੂਪੁਰਾ ਦੇ ਵਸਨੀਕ ਸੰਜੀਵ ਕੁਮਾਰ ਜੋ ਕਿ ਵੀਲ੍ਹਚੇਅਰ ਪੈਰਾ ਬੈਡਮਿੰਟਨ ਖਿਡਾਰੀ ਹੈ ਨੇ 3 ਤਗ਼ਮੇ ਜਿੱਤ ਕੇ ਆਪਣੇ ਆਪ ਵਿੱਚ ਹੀ ਇਕ ਮਿਸਾਲ ਕਾਇਮ ਨਹੀਂ ਕੀਤੀ ਸਗੋਂ ਦੇਸ਼ ਅਤੇ ਜ਼ਿਲ੍ਹੇ ਦੇ ਹੋਰਨਾਂ ਬੱਚਿਆਂ ਲਈ ਵੀ ਮਿਸਾਲ ਕਾਇਮ ਕੀਤੀ ਹੈ। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦਾ ਹੁਨਰ ਕਾਬਲੇ ਤਾਰੀਫ ਹੈ। ਜਿਸ ਨੇ ਇਹ 3 ਮੈਡਲ ਜਿੱਤ ਕੇ ਨਾ ਕੇਵਲ ਜ਼ਿਲ੍ਹੇ ਦਾ ਸਗੋਂ ਆਪਣੇ ਮਾਤਾ ਪਿਤਾ ਦਾ ਵੀ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਸੰਜੀਵ ਕੁਮਾਰ ਦੇ ਚੰਗੇ ਭਵਿੱਖ ਲਈ ਕਾਮਨਾਵਾਂ ਵੀ ਕੀਤੀਆਂ। ਜਿਕਰਯੋਗ ਹੈ ਕਿ ਬੀ.ਡਬਲਯੂ.ਐੱਫ ਯੂਗਾਂਡਾ ਅੰਤਰਰਾਸ਼ਟਰੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 3 ਤੋਂ 9 ਜੁਲਾਈ 2023 ਕੰਪਾਲਾ ਯੂਗਾਂਡਾ ਵਿੱਚ ਹੋਈ ਜਿਸ ਵਿੱਚ ਸੰਜੀਵ ਕੁਮਾਰ ਨੇ ਭਾਰਤ ਲਈ 3 ਮੈਡਲ ਜਿੱਤੇ। ਪੁਰਸ਼ ਸਿੰਗਲ ਵਿੱਚ 1 ਚਾਂਦੀ, ਪੁਰਸ਼ ਡਬਲਜ਼ ਵਿੱਚ 1 ਚਾਂਦੀ ਤੇ ਮਿਕਸਡ ਡਬਲਜ਼ ਵਿੱਚ 1 ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਹੀ ਨਹੀਂ ਸਗੋਂ ਆਪਣੇ ਜ਼ਿਲ੍ਹੇ ਦਾ ਵੀ ਨਾਮ ਰੌਂਸ਼ਨ ਕੀਤਾ।