ਰਾਸ਼ਟਰੀ ਅਥਲੀਟ ਅਤੇ ਜੂਨੀਅਰ ਕੋਚ ਨੇ ਖੇਡ ਮੰਤਰੀ ’ਤੇ ਛੇੜਛਾੜ ਦੇ ਲਗਾਏ ਦੋਸ਼, ਮੰਤਰੀ ਨੇ ਦੋਸ਼ਾਂ ਨੂੰ ਨਕਾਰਿਆ

ਹਰਿਆਣਾ, 29 ਦਸੰਬਰ : ਹਰਿਆਣਾ ਸਰਕਾਰ ਦੇ ਖੇਡ ਮੰਤਰੀ ਸੰਦੀਪ ਸਿੰਘ ’ਤੇ ਰਾਸ਼ਟਰੀ ਅਥਲੀਟ ਅਤੇ ਜੂਨੀਅਰ ਕੋਚ ਨੇ ਮਨਚਾਹੀ ਪੋਸਟਿੰਗ ਕਰਨ ਬਹਾਨੇ ਛੇੜਛਾੜ ਕਰਨ ਦਾ ਗੰਭੀਰ ਦੋਸ਼ ਲਗਾਉਂਦਿਆਂ ਹਰਿਆਣਾ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਮਹਿਲਾ ਕੋਚ ਨੇ ਇਲਜ਼ਾਮ ਲਾਇਆ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਵੈਨਿਸ਼ ਮੋਡ 'ਤੇ ਗੱਲ ਕੀਤੀ, ਜਿਸ ਨਾਲ 24 ਘੰਟਿਆਂ ਬਾਅਦ ਮੈਸੇਜ ਡਿਲੀਟ ਕਰ ਦਿੱਤਾ। ਮਹਿਲਾ ਕੋਚ ਨੇ ਦੱਸਿਆ ਕਿ ਖੇਡ ਮੰਤਰੀ ਨੇ ਉਸ ਨਾਲ ਸਨੈਪਚੈਟ 'ਤੇ ਗੱਲ ਕਰਨ ਲਈ ਕਿਹਾ। ਫਿਰ ਮੈਨੂੰ ਚੰਡੀਗੜ੍ਹ ਸੈਕਟਰ 7 ਲੇਕ ਸਾਈਡ ਮਿਲਣ ਲਈ ਬੁਲਾਇਆ। ਮੈਂ ਨਹੀਂ ਗਈ ਤਾਂ ਉਹ ਉਸ ਨੂੰ ਇੰਸਟਾ 'ਤੇ ਬਲੌਕ ਅਤੇ ਅਨਬਲੌਕ ਕਰਦੇ ਰਹੇ। ਫਿਰ ਉਸ ਨੂੰ ਦਸਤਾਵੇਜ਼ ਦੇ ਬਹਾਨੇ ਘਰ ਬੁਲਾਇਆ, ਜਿੱਥੇ ਮੰਤਰੀ ਨੇ ਛੇੜਛਾੜ ਕੀਤੀ। ਮਹਿਲਾ ਕੋਚ ਨੇ ਦੱਸਿਆ ਕਿ ਖੇਡ ਮੰਤਰੀ ਸੰਦੀਪ ਸਿੰਘ ਨੇ ਉਸ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਗੱਲ ਮੰਨੋਗੇ ਤਾਂ ਤੁਹਾਨੂੰ ਸਾਰੀਆਂ ਸਹੂਲਤਾਂ ਅਤੇ ਲੋੜੀਂਦੀ ਜਗ੍ਹਾ 'ਤੇ ਤਾਇਨਾਤੀ ਮਿਲੇਗੀ। ਜਦੋਂ ਮੈਂ ਮੰਤਰੀ ਦੀ ਗੱਲ ਨਾ ਸੁਣੀ ਤਾਂ ਉਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਝੱਜਰ ਕਰ ਦਿੱਤਾ ਗਿਆ ਅਤੇ ਸਿਖਲਾਈ ਵੀ ਬੰਦ ਕਰ ਦਿੱਤੀ ਗਈ। ਪੀੜਤ ਨੇ ਦੱਸਿਆ ਕਿ ਮੈਂ ਇਸ ਬਾਰੇ ਡੀਜੀਪੀ ਦਫ਼ਤਰ, ਸੀਐਮ ਹਾਊਸ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਪੀੜਤ ਨੇ ਹੁਣ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਹੁਣ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਇਸ ਮਾਮਲੇ ਵਿਚ ਦਖ਼ਲ ਦਿੱਤਾ ਹੈ। ਉਨ੍ਹਾਂ ਇਸ ਮਾਮਲੇ 'ਚ ਮੁੱਖ ਮੰਤਰੀ ਤੋਂ ਖੇਡ ਮੰਤਰੀ ਸੰਦੀਪ ਸਿੰਘ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਇਸ ਮਾਮਲੇ 'ਚ ਐਸਆਈਟੀ ਗਠਿਤ ਕਰਕੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਖੇਡ ਮੰਤਰੀ ਸੰਦੀਪ ਸਿੰਘ ਨੇ ਅਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆਂ ਹੈ। ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਉਹ ਉਕਤ ਕੋਚ ਨੂੰ ਕਦੇ ਨਹੀਂ ਮਿਲੇ ਅਤੇ ਉਸ 'ਤੇ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ।