ਭਾਰਤੀ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਟੀ-20 ਮੁਕਾਬਲੇ ਲਈ ਤਿਆਰ

ਇੰਦੌਰ : ਸੀਰੀਜ਼ 'ਤੇ ਕਬਜ਼ਾ ਕਰ ਚੁੱਕੀ ਭਾਰਤੀ ਟੀਮ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਟੀ-20 ਮੁਕਾਬਲੇ ਲਈ ਤਿਆਰ ਹੈ। ਦੋਵਾਂ ਟੀਮਾਂ ਵਿਚਾਲੇ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਮੰਗਲਵਾਰ ਨੂੰ ਮੈਚ ਖੇਡਿਆ ਜਾਵੇਗਾ। ਇਹ ਮੈਦਾਨ ਭਾਰਤ ਲਈ ਕਿਸਮਤ ਵਾਲਾ ਰਿਹਾ ਹੈ ਜਿੱਥੇ ਮੇਜ਼ਬਾਨ ਟੀਮ ਕਦੀ ਵੀ ਕੋਈ ਮੈਚ ਨਹੀਂ ਹਾਰੀ। ਇਹੀ ਰਿਕਾਰਡ ਟੀਮ ਇੰਡੀਆ ਇਸ ਵਾਰ ਵੀ ਕਾਇਮ ਰੱਖਣਾ ਚਾਹੇਗੀ। ਸੀਰੀਜ਼ ਜਿੱਤ ਤੋਂ ਬਾਅਦ ਮੈਚ ਦਾ ਨਤੀਜਾ ਹੁਣ ਮਾਅਨੇ ਨਹੀਂ ਰੱਖਦਾ ਇਸ ਲਈ ਭਾਰਤ ਨੇ ਮੁੱਖ ਖਿਡਾਰੀਆਂ ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਨੂੰ ਆਰਾਮ ਦਿੱਤਾ। ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਭਾਰਤੀ ਟੀਮ ਨੇ ਸਾਰੇ ਨੌਂ ਅੰਤਰਰਾਸ਼ਟਰੀ ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿਚ ਪੰਜ ਵਨ ਡੇ, ਦੋ ਟੈਸਟ ਤੇ ਦੋ ਟੀ-20 ਸ਼ਾਮਲ ਹਨ। ਟੀਮ ਇੰਡੀਆ ਇਹੀ ਰਿਕਾਰਡ ਕਾਇਮ ਰੱਖਣਾ ਚਾਹੇਗੀ। ਸੱਟ ਤੋਂ ਠੀਕ ਹੋ ਕੇ ਟੀਮ ਵਿਚ ਵਾਪਸੀ ਕਰਨ ਵਾਲੇ ਕੇਐੱਲ ਰਾਹੁਲ ਨੂੰ ਆਰਾਮ ਦਿੱਤਾ ਗਿਆ ਹੈ। ਇਸ ਕਾਰਨ ਰਿਸ਼ਭ ਪੰਤ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਕੋਹਲੀ ਦੀ ਥਾਂ 'ਤੇ ਸ਼੍ਰੇਅਸ ਅਈਅਰ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਨਗੇ। ਰੋਹਿਤ ਸ਼ਰਮਾ ਨੂੰ ਇੰਦੌਰ ਰਾਸ ਆਉਂਦਾ ਹੈ। ਉਹ ਇਸ ਮੈਦਾਨ 'ਤੇ ਸੈਂਕੜਾ ਲਾ ਚੁੱਕੇ ਹਨ। ਸੂਰਿਆ ਕੁਮਾਰ ਵਿਰੋਧੀ ਗੇਂਦਬਾਜ਼ਾਂ ਲਈ ਸਿਰਦਰਦ ਬਣੇ ਹੋਏ ਹਨ। ਤਜਰਬੇਕਾਰ ਦਿਨੇਸ਼ ਕਾਰਤਿਕ ਨੇ ਐਤਵਾਰ ਨੂੰ ਤੇਜ਼ ਛੋਟੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਟੀਮ ਵਿਚ ਅਕਸ਼ਰ ਪਟੇਲ ਹਨ ਜੋ ਵੱਡੀਆਂ ਪਾਰੀਆਂ ਖੇਡ ਸਕਦੇ ਹਨ। ਆਖ਼ਰੀ ਓਵਰਾਂ ਵਿਚ ਭਾਰਤੀ ਗੇਂਦਬਾਜ਼ੀ ਕੁਝ ਖ਼ਰਾਬ ਰਹੀ ਹੈ। ਪਿਛਲੇ ਮੈਚ ਵਿਚ 237 ਦੌੜਾਂ ਦੇ ਵੱਡੇ ਸਕੋਰ ਦੇ ਜਵਾਬ ਵਿਚ ਭਾਰਤ ਦੇ ਗੇਂਦਬਾਜ਼ਾਂ ਨੇ 221 ਦੌੜਾਂ ਦੇ ਦਿੱਤੀਆਂ। ਅਰਸ਼ਦੀਪ ਸਿੰਘ, ਹਰਸ਼ਲ ਪਟੇਲ ਤੇ ਅਕਸ਼ਰ ਪਟੇਲ ਕਾਫੀ ਮਹਿੰਗੇ ਸਾਬਤ ਹੋਏ। ਸਿਰਫ਼ ਦੀਪਕ ਚਾਹਰ ਹੀ ਕੁਝ ਹੱਦ ਤੱਕ ਕਾਮਯਾਬ ਰਹੇ। ਦੂਜੇ ਪਾਸੇ ਦੱਖਣੀ ਅਫਰੀਕੀ ਟੀਮ ਆਪਣੀ ਲੈਅ ਨੂੰ ਲੈ ਕੇ ਜੂਝ ਰਹੀ ਹੈ।