ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਸ਼ੀਆਈ ਖੇਡਾਂ ਦੇ ਚੈਂਪੀਅਨ ਤਜਿੰਦਰਪਾਲ ਤੂਰ ਦਾ ਮੋਗਾ ਪਹੁੰਚਣ 'ਤੇ ਸ਼ਾਨਦਾਰ ਸਵਾਗਤ

  • ਮੁੱਖ ਮੰਤਰੀ ਮਾਨ ਤਮਗ਼ਾ ਜੇਤੂਆਂ ਨੂੰ ਜਲਦ ਕਰਨਗੇ ਨਗਦ ਇਨਾਮੀ ਰਾਸ਼ੀ ਨਾਲ ਸਨਮਾਨਤ : ਵਿਧਾਇਕ
  • ਤੂਰ ਨੇ ਵਿੱਤੀ ਮੱਦਦ ਲਈ ਸੂਬਾ ਸਰਕਾਰ ਦਾ ਕੀਤਾ ਉਚੇਚਾ ਧੰਨਵਾਦ
  • ਪੰਜਾਬ ਦੇ 32 ਖਿਡਾਰੀਆਂ ਨੇ 8 ਸੋਨੇ, 6 ਚਾਂਦੀ 6 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 20 ਤਮਗ਼ੇ ਜਿੱਤ ਕੇ 72 ਸਾਲ ਦਾ ਰਿਕਾਰਡ ਤੋੜਿਆ : ਡਿਪਟੀ ਕਮਿਸ਼ਨਰ

ਮੋਗਾ, 13 ਅਕਤੂਬਰ : ਹਾਂਗਜ਼ੂ ਏਸ਼ੀਅਨ ਖੇਡਾਂ 2023 ਦੇ ਚੈਂਪੀਅਨ ਅਤੇ ਜ਼ਿਲ੍ਹਾ ਮੋਗਾ ਦੇ ਮਾਣਮੱਤੇ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਦਾ ਅੱਜ ਜ਼ਿਲ੍ਹਾ ਮੋਗਾ ਵਿਖੇ ਪਹੁੰਚਣ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢੋਲ ਦੀ ਥਾਪ ਅਤੇ ਫੁੱਲਾਂ ਦੀ ਵਰਖਾ ਦਰਮਿਆਨ ਸ਼ਾਨਦਾਰ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿੱਚ ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ, ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ, ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ ਇਲਨਚੇਲੀਅਨ, ਨਗਰ ਨਿਗਮ ਮੋਗਾ ਦੇ ਮੇਅਰ ਸ੍ਰ ਬਲਜੀਤ ਸਿੰਘ ਚਾਨੀ, ਐੱਸ ਡੀ ਐੱਮ ਚਾਰੁਮਿਤਾ ਅਤੇ ਹੋਰ ਵੀ ਹਾਜ਼ਰ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਅੰਤਰਰਾਸ਼ਟਰੀ ਪੱਧਰ ਤੇ ਜਿੱਤਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਪੰਜਾਬ ਦੇ ਨੌਜਵਾਨਾਂ ਦੇ ਆਦਰਸ਼ ਵਜੋਂ ਪੇਸ਼ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਏਸ਼ੀਅਨ ਖੇਡਾਂ ਦੇ ਤਗਮਾ ਜੇਤੂ ਤੇਜਿੰਦਰਪਾਲ ਸਿੰਘ ਤੂਰ ਨੂੰ ਨਿੱਘਾ ਸਨਮਾਨ ਦਿੱਤਾ ਗਿਆ। ਜ਼ਿਲੇ ਦੇ ਉਭਰਦੇ ਖਿਡਾਰੀਆਂ ਅਤੇ ਲੋਕਾਂ ਨੇ ਸਥਾਨਕ ਗੋਧੇਵਾਲਾ ਸਟੇਡੀਅਮ ਵਿਖੇ ਢੋਲ ਦੀ ਥਾਪ ਨਾਲ , ਪੰਜਾਬ ਦੀ ਮਿੱਟੀ ਦੇ ਜਾਏ ਇਸ ਖਿਡਾਰੀ 'ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਅਤੇ ਸੈਲਫੀਆਂ ਲੈਣ ਦੇ ਨਾਲ ਨਾਲ ਖਿਡਾਰੀਆਂ ਨੇ ਉਨ੍ਹਾਂ ਨੂੰ ਵੀ ਪਿਆਰ ਤੇ ਮਾਣ ਨਾਲ ਜੱਫੀ ਵੀ ਪਾਈ। ਜ਼ਿਕਰਯੋਗ ਹੈ ਕਿ ਤਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁੱਟ ਵਿੱਚ ਸੋਨ ਤਗ਼ਮਾ ਜਿੱਤਿਆ ਹੈ । ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਤੂਰ ਦਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤਰਫੋਂ ਸਵਾਗਤ ਤੇ  ਕਰਦਿਆਂ ਕਿਹਾ ਕਿ ਪੰਜਾਬ ਦੇ ਮੋਗਾ ਜ਼ਿਲੇ ਦੇ ਇਸ ਮਾਣਮੱਤੇ ਖਿਡਾਰੀ ਨੇ ਏਸ਼ੀਅਨ ਗੇਮਜ਼ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਮੁੜ ਖੇਡ ਨਕਸ਼ੇ ਉਤੇ ਨਾਮ ਚਮਕਾਉਣ ਵਾਲੇ ਤਮਗ਼ਾ ਜੇਤੂਆਂ ਨੂੰ ਜਲਦ ਹੀ ਸਾਰੇ ਖਿਡਾਰੀਆਂ ਦੇ ਦੇਸ਼ ਵਾਪਸ ਆਉਣ ਉੱਤੇ ਵਿਸ਼ੇਸ਼ ਸਮਾਗਮ ਦੌਰਾਨ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ। ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਏਸ਼ੀਅਨ ਖੇਡਾਂ ਦੌਰਾਨ ਸਾਡੇ ਦੇਸ਼ ਅਤੇ ਸੂਬੇ ਲਈ ਕਈ ਤਗਮੇ ਜਿੱਤਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਪੰਜਾਬ ਦੇ 32 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 6 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 20 ਤਮਗ਼ੇ ਜਿੱਤ ਕੇ,  ਖੇਡਾਂ ਦੇ 72 ਸਾਲ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਜੇ ਇਲਨਚੇਲੀਅਨ ਨੇ ਕਿਹਾ ਕਿ ਤੂਰ ਆਪਣੀ ਸਖਤ ਮਿਹਨਤ ਅਤੇ ਲਗਨ ਨਾਲ ਏਸ਼ੀਅਨ ਗੇਮਜ਼ ਵਿੱਚ ਸੋਨ ਤਮਗ਼ਾ ਜਿੱਤ ਕੇ ਸੂਬੇ ਦੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣੇ ਹਨ। ਉਨ੍ਹਾਂ ਉਸ ਦੀ ਪ੍ਰਾਪਤੀ ਦਾ ਸਿਹਰਾ ਮਾਪਿਆਂ ਤੇ ਕੋਚਾਂ ਸਿਰ ਬੰਨ੍ਹਿਆਂ। ਇਸ ਮੌਕੇ ਤੇਜਿੰਦਰਪਾਲ ਸਿੰਘ ਤੂਰ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਖੇਡਾਂ ਦੀ ਤਿਆਰੀ ਲਈ ਪਹਿਲਾਂ ਹੀ 8 ਲੱਖ ਰੁਪਏ ਦੀ ਰਾਸ਼ੀ ਨਾਲ ਮਦਦ ਕੀਤੀ। ਉਸ ਨੇ ਕਿਹਾ ਕਿ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਦੇਸ਼ ਅਤੇ ਸੂਬੇ ਦਾ ਨਾਮ ਚਮਕਾਉਣ ਲਈ ਪੂਰੀ ਮਿਹਨਤ ਕਰੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਖੇਡ ਪ੍ਰਸੰਸਕ ਤੇ ਖਿਡਾਰੀ ਵੀ ਹਾਜ਼ਰ ਸਨ।