73ਵੀਂ ਸੀਨੀਅਰ ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਦੇ ਦੂਜੇ ਦਿਨ ਹੋਏ ਰੌਚਕ ਮੁਕਾਬਲੇ

ਜਗਰਾਉਂ, 22 ਮਾਰਚ (ਰਛਪਾਲ ਸਿੰਘ ਸ਼ੇਰਪੁਰੀ) : ਅਰਜਨਾ ਐਵਾਰਡੀ ਸ੍ਰ ਗੁਰਦਿਆਲ ਸਿੰਘ ਮੱਲ੍ਹੀ ਦੀ ਯਾਦ ਵਿੱਚ ਪਿੰਡ ਗੁੜ੍ਹੇ ਵਿਖੇ ਖੇਡੀ ਜਾ ਰਹੀ 73ਵੀਂ ਸੀਨੀਅਰ ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਵਿੱਚ ਅੱਜ ਦੂਜੇ ਦਿਨ ਬਹੁਤ ਹੀ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਇਹ ਚੈਂਪੀਅਨਸ਼ਿਪ 23 ਮਾਰਚ ਤੱਕ ਖੇਡੀ ਜਾਵੇਗੀ। ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਅਕਾਦਮੀ ਨੇ ਅੰਮ੍ਰਿਤਸਰ ਨੂੰ 81-62 ਅੰਕਾਂ ਨਾਲ ਅਤੇ ਜਲੰਧਰ ਨੇ ਹੁਸ਼ਿਆਰਪੁਰ ਨੂੰ 71-65 ਅੰਕਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਬਾਸਕਿਟਬਾਲ ਅਕੈਡਮੀ ਨੇ ਜ਼ਿਲ੍ਹਾ ਲੁਧਿਆਣਾ ਨੂੰ 62-51 ਅੰਕਾਂ ਨਾਲ ਅਤੇ ਅੰਮ੍ਰਿਤਸਰ ਨੇ ਸੰਗਰੂਰ ਨੂੰ 80-54 ਅੰਕਾਂ ਨਾਲ ਮਾਤ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ ਸੁਖਜੀਤ ਸਿੰਘ ਵਿਰਕ, ਸਾਬਕਾ ਸਰਪੰਚ ਸੋਹਣ ਸਿੰਘ, ਸ੍ਰ ਜਰਨੈਲ ਸਿੰਘ, ਸ੍ਰ ਵੀਰਪਾਲ ਸਿੰਘ, ਸ੍ਰ ਹਰਦੀਪ ਸਿੰਘ, ਨਰਿੰਦਰਪਾਲ ਸਿੰਘ, ਸ੍ਰ ਅਮਨ ਖੈਹਰਾ ਅਤੇ ਹੋਰ ਹਾਜ਼ਰ ਸਨ। ਦੱਸਣਯੋਗ ਹੈ ਕਿ ਅਰਜਨਾ ਐਵਾਰਡੀ ਸ੍ਰ ਗੁਰਦਿਆਲ ਸਿੰਘ ਮੱਲ੍ਹੀ ਪਿੰਡ ਗੁੜ੍ਹੇ ਨਾਲ ਸਬੰਧਤ ਸਨ। ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਅਤੇ ਅਕੈਡਮੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਚੈਂਪੀਅਨਸ਼ਿਪ ਦਾ ਉਦਘਾਟਨ ਬੀਤੇ ਦਿਨੀਂ ਸ੍ਰ ਗੁਰਬਾਜ਼ ਸਿੰਘ ਓਲੰਪੀਅਨ ਹਾਕੀ ਖਿਡਾਰੀ ਅਤੇ ਐੱਸ ਪੀ ਸਥਾਨਕ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਕੀਤਾ ਗਿਆ ਸੀ।