ਜਨਤਕ ਬੱਸ ਸੇਵਾ ਨੂੰ ਸੁਚਾਰੂ ਤੇ ਪਾਰਦਰਸ਼ੀ ਬਣਾਉਣ ਦੀ ਮੁਹਿੰਮ ਤਹਿਤ 35 ਲੀਟਰ ਡੀਜ਼ਲ ਚੋਰੀ ਕਰਦੇ ਦੋ ਡਰਾਈਵਰ ਕਾਬੂ : ਭੁੱਲਰ

  • ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਹਰਿਆਣਾ ਵਿਖੇ ਕੀਤੀ ਛਾਪੇਮਾਰੀ
  • ਅਣਅਧਿਕਾਰਤ ਰੂਟ ‘ਤੇ ਚਲਦੀ ਬੱਸ ਸਣੇ ਅਣਅਧਿਕਾਰਤ ਢਾਬੇ ‘ਤੇ ਖੜ੍ਹੀ ਬੱਸ ਨੂੰ ਵੀ ਕੀਤਾ ਰਿਪੋਰਟ
  • ਰਿਪੋਰਟ ਕੀਤੇ ਗਏ ਡਰਾਈਵਰਾਂ ਤੇ ਕੰਡਕਟਰਾਂ ਵਿਰੁੁੱਧ ਬਣਦੀ ਵਿਭਾਗੀ ਕਾਰਵਾਈ ਦੇ ਆਦੇਸ਼

ਚੰਡੀਗੜ੍ਹ, 7 ਜੁਲਾਈ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਸੂਬੇ ਦੀ ਜਨਤਕ ਬੱਸ ਸੇਵਾ ਵਿੱਚ ਗ਼ਲਤ ਪ੍ਰਵਿਰਤੀਆਂ ਨੂੰ ਨੱਥ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ 35 ਲੀਟਰ ਡੀਜ਼ਲ ਚੋਰੀ ਕਰਨ ਵਾਲੇ ਦੋ ਡਰਾਈਵਰਾਂ ਨੂੰ ਕਾਬੂ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਬੀਤੇ ਦਿਨੀਂ ਹਰਿਆਣਾ ਵਿਖੇ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਿਰਸਾ ਬੱਸ ਸਟੈਂਡ ਵਿਖੇ ਬੀਤੀ ਰਾਤ 10:30 ਵਜੇ ਕੀਤੀ ਗਈ ਚੈਕਿੰਗ ਦੌਰਾਨ ਪਨਬੱਸ ਡਿਪੂ ਰੂਪਨਗਰ ਦੀ ਬੱਸ ਨੰਬਰ ਪੀ.ਬੀ-12-ਵਾਈ 1540 ਦੇ ਡਰਾਈਵਰ ਰਾਜਪਾਲ ਸਿੰਘ ਨੂੰ ਕਰੀਬ 20 ਲੀਟਰ ਡੀਜ਼ਲ ਚੋਰੀ ਕਰਦਿਆਂ ਰੰਗੇ-ਹੱਥੀਂ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਹਿਸਾਰ (ਹਰਿਆਣਾ) ਦੇ ਬੱਸ ਸਟੈਂਡ ਵਿਖੇ ਰਾਤ ਵੇਲੇ ਚੈਕਿੰਗ ਦੌਰਾਨ ਪਨਬੱਸ ਡਿਪੂ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਨੰਬਰ ਪੀ.ਬੀ-04-ਏ.ਏ. 7459 ਦੇ ਡਰਾਈਵਰ ਲਖਵਿੰਦਰ ਸਿੰਘ ਨੂੰ ਕਰੀਬ 15 ਲੀਟਰ ਡੀਜ਼ਲ ਚੋਰੀ ਦੇ ਮਾਮਲੇ ਵਿੱਚ ਰਿਪੋਰਟ ਕੀਤਾ ਗਿਆ ਹੈ। ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਅਣਅਧਿਕਾਰਤ ਰੂਟ ‘ਤੇ ਚਲ ਰਹੀ ਇੱਕ ਬੱਸ ਨੂੰ ਵੀ ਰਿਪੋਰਟ ਕੀਤਾ ਹੈ। ਇਸ ਮਾਮਲੇ ਵਿੱਚ ਮੁੱਲਾਂਪੁਰ ਦਾਖਾ ਵਿਖੇ ਚੈਕਿੰਗ ਦੌਰਾਨ ਡਰਾਈਵਰ ਬਲਦੇਵ ਸਿੰਘ ਅਤੇ ਕੰਡਕਟਰ ਹਰਪਾਲ ਸਿੰਘ ਨੂੰ ਬੱਸ ਨੂੰ ਅਣਅਧਿਕਾਰਤ ਰੂਟ ‘ਤੇ ਲਿਜਾਂਦਿਆਂ ਫੜਿਆ ਗਿਆ, ਜੋ ਅਸਲ ਰੂਟ ‘ਤੇ ਸਵਾਰੀਆਂ ਨੂੰ ਛੱਡ ਕੇ ਵਿਭਾਗ ਨੂੰ ਵਿੱਤੀ ਨੁਕਸਾਨ ਪਹੁੰਚਾ ਰਹੇ ਸਨ। ਫ਼ਿਰੋਜ਼ਪੁਰ ਡਿਪੂ ਦੀ ਇਹ ਬੱਸ (ਨੰਬਰ ਪੀ.ਬੀ-05-ਏ.ਬੀ. 5350) ਮੁੱਲਾਂਪੁਰ ਬੱਸ ਸਟੈਂਡ ਦੀ ਬਜਾਏ ਪੁੱਲ ਤੋਂ ਲਿਜਾਈ ਜਾ ਰਹੀ ਸੀ। ਇਸੇ ਤਰ੍ਹਾਂ ਬਲਾਚੌਰ ਵਿਖੇ ਅੰਮ੍ਰਿਤਸਰ-2 ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 9376 ਨੂੰ ਅਣਅਧਿਕਾਰਤ ਢਾਬੇ ‘ਤੇ ਖੜ੍ਹਾ ਪਾਇਆ ਗਿਆ। ਇਸ ਮਾਮਲੇ ਵਿੱਚ ਡਰਾਈਵਰ ਰਣਜੀਤ ਸਿੰਘ ਅਤੇ ਕੰਡਕਟਰ ਜਗਜੀਤ ਸਿੰਘ ਨੂੰ ਰਿਪੋਰਟ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਨਾਮਜ਼ਦ ਡਰਾਈਵਰਾਂ ਤੇ ਕੰਡਕਟਰਾਂ ਵਿਰੁਧ ਬਣਦੀ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਹਨ।