ਚੰਡੀਗੜ੍ਹ, 04 ਜੂਨ : ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਕਾਰਨ ਇਸ ਵਾਰ ਨੌਟਪਾ ਵੀ ਪੰਜਾਬ ਨੂੰ ਗਰਮ ਨਹੀਂ ਕਰ ਸਕਿਆ, ਪਰ ਹੁਣ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ‘ਚ ਘਟਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 35 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਸੀ। ਆਉਣ ਵਾਲੇ 7 ਦਿਨਾਂ ‘ਚ ਇਹ ਤਾਪਮਾਨ 45 ਡਿਗਰੀ ਨੂੰ ਪਾਰ ਕਰ ਜਾਵੇਗਾ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਿਤੇ ਵੀ ਮੀਂਹ ਨਹੀਂ ਪਿਆ ਹੈ। ਵੈਸਟਰਨ ਡਿਸਟਰਬੈਂਸ ਦੇ ਦਿੱਲੀ ਵੱਲ ਵਧਣ ਤੋਂ ਬਾਅਦ ਹੁਣ ਪੰਜਾਬ ‘ਚ ਵੀ ਗਰਮੀ ਵਧਣ ਲੱਗੀ ਹੈ। ਅਗਲੇ ਵੀਰਵਾਰ ਤੱਕ ਪੰਜਾਬ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਜਾਵੇਗਾ। ਇੰਨਾ ਹੀ ਨਹੀਂ ਅਗਲੇ ਐਤਵਾਰ ਤੱਕ ਕਈ ਸ਼ਹਿਰਾਂ ਦਾ ਤਾਪਮਾਨ 45 ਡਿਗਰੀ ਤੋਂ ਵੱਧ ਦਰਜ ਕੀਤਾ ਜਾਵੇਗਾ। ਇੱਕ ਹਫ਼ਤੇ ਵਿੱਚ ਤਾਪਮਾਨ ਵਿੱਚ ਇੰਨਾ ਜ਼ਿਆਦਾ ਬਦਲਾਅ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਤੱਕ ਕਿਸੇ ਤਰ੍ਹਾਂ ਦੀ ਹੀਟ-ਵੇਵ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮੀ ਦੇ ਲਗਾਤਾਰ ਵਧਣ ਦੇ ਆਸਾਰ ਹਨ ਪਰ ਇਸ ਦੌਰਾਨ ਇੱਕ ਦਿਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਪੰਜਾਬ ਦੇ ਕੁਝ ਹਿੱਸਿਆਂ ‘ਚ ਵੀਰਵਾਰ ਅਤੇ ਕੁਝ ਹਿੱਸਿਆਂ ‘ਚ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਇਸ ਬਾਰਿਸ਼ ਨਾਲ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਪਵੇਗਾ। ਪਿਛਲੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਦਿਨ ਅਤੇ ਰਾਤ ਦੇ ਤਾਪਮਾਨ ‘ਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 25 ਤੋਂ 28 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਅੰਮ੍ਰਿਤਸਰ ਵਿੱਚ ਸਵੇਰ ਦਾ ਘੱਟੋ-ਘੱਟ ਤਾਪਮਾਨ 23.8 ਡਿਗਰੀ ਦਰਜ ਕੀਤਾ ਗਿਆ। ਜੋ ਕਿ ਆਮ ਨਾਲੋਂ 4 ਡਿਗਰੀ ਵੱਧ ਸੀ। ਇਹ ਪਿਛਲੇ ਦਿਨ ਨਾਲੋਂ 2.2 ਡਿਗਰੀ ਵੱਧ ਹੈ। ਜਲੰਧਰ ਵਿੱਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 23 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੱਕ ਪਹੁੰਚ ਸਕਦਾ ਹੈ। ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 24.4 ਡਿਗਰੀ ਦਰਜ ਕੀਤਾ ਗਿਆ। ਇਹ ਪਿਛਲੇ ਦਿਨ ਨਾਲੋਂ 2.4 ਡਿਗਰੀ ਵੱਧ ਹੈ, ਪਰ ਅਜੇ ਵੀ ਤਾਪਮਾਨ ਆਮ ਨਾਲੋਂ 2 ਡਿਗਰੀ ਘੱਟ ਹੈ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ।