ਅਧਿਆਪਕਾ ਵੱਲੋਂ ਕਲਾਸ ਦੇ ਵਿਦਿਆਰਥੀਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਲਗਵਾਏ ਗਏ ਨਾਅਰੇ, ਵੀਡੀਓ ਹੋਈ ਵਾਇਰਲ, ਅਧਿਆਪਕਾ ਨੂੰ ਨੋਟਿਸ ਜਾਰੀ

ਸੰਗਰੂਰ, 06 ਜੁਲਾਈ : ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਮਹਿਲਾ ਅਧਿਆਪਕ ਵੱਲੋਂ ਬੱਚਿਆਂ ਆਪਣੀ ਕਲਾਸ ਦੇ ਵਿਦਿਆਰਥੀਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਉਣੇ ਮਹਿੰਗੇ ਪੈ ਗਏ ਹਨ। ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਡਾਇਰੈਕਟਰ ਸਕੂਲ ਐਜੂਕੇਸ਼ਨ (ਐ.ਸਿ.)ਪੰਜਾਬ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੰਗਰੂਰ ਦੇ ਪਿੰਡ ਕਨੋਈ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਮਹਿਲਾ ਅਧਿਆਪਕ ਵੱਲੋਂ ਬੱਚਿਆਂ ਨਾਲ ਬਣਾਈ ਵੀਡੀਓ ਤੋਂ ਬਾਅਦ ਵਿਭਾਗ ਨੇ ਸਕੂਲ ਨੂੰ ਨੋਟਿਸ ਭੇਜਿਆ ਹੈ। ਮਹਿਲਾ ਅਧਿਆਪਕ ਵੱਲੋਂ ਬੱਚਿਆਂ ਨਾਲ ਵੀਡੀਓ ਬਣਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ , ਜਿਸ ਵਿੱਚ ਬੱਚਿਆਂ ਨੇ ਭਾਗ ਲਿਆ, ਸਿੱਖਿਆ ਵਿਭਾਗ ਦਾ ਅਕਸ ਖਰਾਬ ਕੀਤਾ ਗਿਆ, 5 ਦਿਨਾਂ ਵਿੱਚ ਸਪੱਸ਼ਟੀਕਰਨ ਦਿਓ ਨਹੀਂ ਤਾਂ ਹੋਵੇਗੀ ਕਾਰਵਾਈ। ਵੀਡੀਓ ਵਾਇਰਲ ਕਰਨ ਵਾਲੀ ਮਹਿਲਾ ਟੀਚਰ ਦਾ ਕਹਿਣਾ ਹੈ ਕਿ ਨੋਟਿਸ ਮਿਲ ਗਿਆ ਹੈ ਪਰ ਸਕੂਲ ਦੇ ਬੱਚਿਆਂ ਨੇ ਪੁੱਛਿਆ ਕਿ ਮੈਡਮ ਤੁਹਾਡੇ ਪੈਰਾਂ ਨੂੰ ਕੀ ਹੋਇਆ ਹੈ ਤਾਂ ਮੈਂ ਆਪਣੀ ਪੂਰੀ ਗੱਲ ਦੱਸ ਦਿੱਤੀ, ਮੈਨੂੰ ਕੋਈ ਪਛਤਾਵਾ ਨਹੀਂ ਹੈ। ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਸਿੱਖਿਆ ਪ੍ਰੋਵਾਈਡਰ ਮਨਪ੍ਰੀਤ ਕੌਰ ਨੇ ਕਿਹਾ ਕਿ ਮੈਂ ਨੋਟਿਸ ਦਾ ਜਵਾਬ ਨਹੀਂ ਦੇਵਾਂਗੀ। ਦੱਸ ਦੇਈਏ ਕਿ ਜੋ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ,ਉਸ ਵਿਚ ਅਧਿਆਪਕਾ ਆਪਣੀ ਕਲਾਸ ਦੇ ਬੱਚਿਆਂ ਨੂੰ ਆਪਣੇ ਪੈਰ ’ਤੇ ਬੰਨ੍ਹੀ ਪੱਟੀ ਦਿਖਾਉਂਦਿਆਂ ਕਹਿ ਰਹੀ ਹੈ ਕਿ ਬੱਚਿਓ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਵਿਚ ਮੌਜ-ਮਸਤੀ ਕੀਤੀ ਪਰ ਆ ਦੇਖੋ ਪੰਜਾਬ ਸਰਕਾਰ ਨੇ ਸਾਡਾ ਕੀ ਹਾਲ ਕਰ ਦਿੱਤਾ ਹੈ। ਉਸ ਨੇ ਬੱਚਿਆਂ ਨੂੰ ਦੱਸਿਆ ਕਿ ਕੱਚੇ ਅਧਿਆਪਕਾਂ ਨੇ ਇਕ ਜੁਲਾਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਵਿਚ ਧਰਨਾ ਦਿੱਤਾ ਸੀ ਕਿਉਂਕਿ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ। ਅਧਿਆਪਕਾ ਨੇ ਅੱਗੇ ਕਿਹਾ ਕਿ ਇਸ ਕਾਰਨ ਉਨ੍ਹਾਂ ਦੀ ਤਨਖਾਹ ਵੀ ਹੋਰ ਪੱਕੇ ਅਧਿਆਪਕਾਂ ਦੇ ਮੁਕਾਬਲੇ ਬੇਹੱਦ ਘੱਟ ਹੈ। ਧਰਨੇ ਦੌਰਾਨ ਮੁੱਖ ਮੰਤਰੀ ਦੀ ਸ਼ਹਿ ’ਤੇ ਪੁਲਿਸ ਨੇ ਅਧਿਆਪਕਾਂ ’ਤੇ ਲਾਠੀਚਾਰਜ ਕੀਤਾ। ਇਸ ਲਈ ਬੱਓ, ਤੁਸੀਂ ਚੌਕਸ ਹੋ ਜਾਓ, ਸਰਕਾਰਾਂ ਕਦੇ ਵੀ ਕਿਸੇ ਦੇ ਹੱਕ ਆਸਾਨੀ ਨਾਲ ਨਹੀਂ ਦਿੰਦੀਆਂ, ਇਹ ਹਮੇਸ਼ਾ ਲੋਕ ਵਿਰੋਧੀ ਰਹੀਆਂ ਹਨ। ਇਸ ਲਈ ਬੱਚਿਓ ਤੁਹਾਨੂੰ ਵੀ ਵੱਡੇ ਹੋ ਕੇ ਸਰਕਾਰ ਤੋਂ ਲਾਠੀਆਂ ਹੀ ਮਿਲਣਗੀਆਂ। ਇਸ ਲਈ ਤੁਸੀਂ ਪੜ੍ਹ-ਲਿਖ ਕੇ ਕਾਬਲ ਬਣੋ ਤਾਂ ਕਿ ਸਰਕਾਰਾਂ ਤੋਂ ਆਪਣੇ ਹੱਕ ਪ੍ਰਾਪਤ ਕਰ ਸਕੋ।’ ਇਸ ਤੋਂ ਬਾਅਦ ਅਧਿਆਪਕਾ ਨੇ ਬੱਚਿਆਂ ਤੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਵਾਏ।

01