- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵੱਲੋਂ ਵਿੱਤ ਕਮਿਸ਼ਨਰ ਅਤੇ ਡਾਇਰੈਕਟਰ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਸਮੂਹ ਅਮਲੇ ਦੀਆਂ ਸੂਚੀਆਂ ਮੁਹੱਈਆ ਕਰਾਉਣ ਦੇ ਨਿਰਦੇਸ਼
ਚੰਡੀਗੜ੍ਹ, 4 ਜੂਨ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਵਿਭਾਗ ਵਿੱਚ ਹੇਠਲੇ ਪੱਧਰ ਤੱਕ ਦੇ ਕੰਮਕਾਜ ਵਿੱਚ ਹੋਰ ਤੇਜ਼ੀ ਲਿਆਉਣ ਲਈ ਛੇਤੀ ਹੀ ਸਟਾਫ਼ ਨੂੰ ਤਰਕਸੰਗਤ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਸਟਾਫ਼ ਵਾਧੂ ਗਿਣਤੀ ਵਿੱਚ ਤੈਨਾਤ ਹੈ ਅਤੇ ਕਈ ਜ਼ਿਲ੍ਹੇ ਸਟਾਫ਼ ਦੀ ਕਮੀ ਕਰਕੇ ਆਪਣਾ ਕੰਮ ਸਮਾਂਬੱਧ ਤਰੀਕੇ ਨਾਲ ਨਹੀਂ ਕਰ ਪਾ ਰਹੇ। ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਵਿੱਤ ਕਮਿਸ਼ਨਰ ਸ੍ਰੀ ਕੇ. ਸਿਵਾ ਪ੍ਰਸਾਦ ਅਤੇ ਡਾਇਰੈਕਟਰ ਸ. ਗੁਰਪ੍ਰੀਤ ਸਿੰਘ ਖਹਿਰਾ ਨੂੰ ਹਦਾਇਤ ਕੀਤੀ ਹੈ ਕਿ ਉਹ ਦੋ ਦਿਨਾਂ ਦੇ ਅੰਦਰ-ਅੰਦਰ ਤੁਰੰਤ ਸਮੂਹ ਵਿੰਗਾਂ ਦੇ ਅਮਲੇ ਦੀਆਂ ਸੂਚੀਆਂ ਮੁਹੱਈਆ ਕਰਾਉਣ ਤਾਂ ਜੋ ਸਾਰੇ ਜ਼ਿਲ੍ਹਿਆਂ ਵਿੱਚ ਸਟਾਫ਼ ਨੂੰ ਲੋੜੀਂਦੀ ਗਿਣਤੀ ਵਿੱਚ ਭੇਜਿਆ ਜਾ ਸਕੇ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਕੁੱਲ 153 ਬਲਾਕਾਂ ਵਿੱਚ ਰੈਗੂਲਰ 73 ਬੀ.ਡੀ.ਪੀ.ਓਜ਼ ਕੰਮ ਕਰ ਰਹੇ ਹਨ ਜਦ ਕਿ ਬੀ.ਡੀ.ਪੀ.ਓ. ਦੀਆਂ 80 ਆਸਾਮੀਆਂ ਖ਼ਾਲੀ ਹਨ। ਇਸੇ ਤਰ੍ਹਾਂ 97 ਬਲਾਕਾਂ ਵਿੱਚ ਕੋਈ ਵੀ ਸੀਨੀਅਰ ਸਹਾਇਕ (ਲੇਖਾ) ਤੈਨਾਤ ਨਹੀਂ ਹੈ। ਕੈਬਨਿਟ ਮੰਤਰੀ ਨੇ ਉੱਚ ਅਧਿਕਾਰੀਆਂ ਤੋਂ ਕਈ-ਕਈ ਵਰ੍ਹਿਆਂ ਤੋਂ ਇੱਕੋ ਜ਼ਿਲ੍ਹੇ ਵਿੱਚ ਬੈਠੇ ਡੀ.ਡੀ.ਪੀ.ਓਜ਼ ਅਤੇ ਬੀ.ਡੀ.ਪੀ.ਓਜ਼ ਦੀਆਂ ਸੂਚੀਆਂ ਵੀ ਮੰਗੀਆਂ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਬੀ.ਡੀ.ਪੀ.ਓਜ਼ ਦੀਆਂ ਸਿੱਧੀਆਂ ਅਤੇ ਤਰੱਕੀ ਰਾਹੀਂ ਭਰੀਆਂ ਜਾਣ ਵਾਲੀਆਂ ਖ਼ਾਲੀ ਆਸਾਮੀਆਂ ਦੀ ਗਿਣਤੀ ਮੁਹੱਈਆ ਕਰਵਾਉਣ ਅਤੇ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਭਰਨ ਲਈ ਚਾਰਾਜੋਈ ਕਰਨ ਲਈ ਵੀ ਕਿਹਾ ਗਿਆ ਹੈ।