ਚੰਡੀਗੜ੍ਹ, 03 ਜੂਨ : ਬੀਤੇ ਦਿਨੀਂ ਜਲੰਧਰ ਵਿਖੇ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਇੱਕ ਦੂਜੇ ਦੇ ਵਿਰੋਧੀ ਨਵਜੋਤ ਸਿੰਘ ਸਿੱਧੂ ਅਤੇ ਬਿਕਰਮਜੀਤ ਸਿੰਘ ਮਜੀਠਆ ਵੱਲੋਂ ਪਾਈ ਜੱਫੀ ਨਾਲ ਸਿਆਸਤ ਗਰਮਾ ਗਈ ਹੈ, ਸਿੱਧੂ ਅਤੇ ਮਜੀਠੀਆ ਦੀ ਜੱਫੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ਼ ਕਸ਼ਦਿਆਂ ਕਿਹਾ ਕਿ ਦੋਵਾਂ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਦੋਵਾਂ ਨੂੰ ਜੱਫੀਆਂ ਪਾਉਂਦਿਆਂ ਦੇਖ ਲਿਆ।ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਦੇ ਹੱਥਾਂ ਵਿੱਚ ਮੋਬਾਇਲ ਹਨ ਤੇ ਪੁਰਾਣੀਆਂ ਵੀਡੀਓ ਵੀ ਨਿਕਲ ਆਉਂਦੀਆਂ ਹਨ। ਪੁਰਾਣੀਆਂ ਵੀਡੀਓਜ਼ 'ਚ ਲੋਕ ਦੇਖ ਰਹੇ ਹਨ ਕਿ ਪਹਿਲਾਂ ਇਹ ਇਕ ਦੂਜੇ ਬਾਰੇ ਕੀ ਕਹਿੰਦੇ ਸੀ ਤੇ ਹੁਣ ਕੀ ਕਹਿ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਦਿਲ 'ਚ ਹੁੰਦਾ ਹੈ, ਜ਼ੁਬਾਨ 'ਤੇ ਵੀ ਉਹੀ ਆਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਾਅਨਾ ਵੀ ਮਾਰਿਆ ਕਿ ਉਹ ਇੱਥੇ ਇਸ ਲਈ ਆਏ ਹਨ ਤਾਂ ਜੋ ਗਰੀਬਾਂ ਦਾ ਹੱਕ ਕੋਈ ਖੋਹ ਨਾ ਸਕੇ ਪਰ ਜੋ ਲੋਕ ਪਹਿਲਾਂ ਆਉਂਦੇ ਰਹੇ ਹਨ, ਉਹ ਆਪਣੇ ਘਰਾਂ ਨੂੰ ਸੰਭਾਲਦੇ ਰਹੇ। ਉਹ ਆਪਣੀਆਂ ਪੀੜ੍ਹੀਆਂ, ਚਾਚਿਆਂ, ਭਤੀਜਿਆਂ, ਭਾਣਜਿਆਂ ਤੱਕ ਹੀ ਸੀਮਤ ਰਹੇ।