ਸਿਆਸੀ ਤੇ ਸੰਗੀਤ ਜਗਤ ’ਚੋਂ ਉੱਠੀ ਸਾਜਿਸ਼ ਕਾਰਨ ਹੀ ਹੋਇਆ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ : ਬਲਕੌਰ ਸਿੰਘ ਸਿੱਧੂ

ਮਾਨਸਾ, 20 ਅਗਸਤ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਪਿੰਡ ਮੂਸਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਤਲ ਕੇਸ ਦੀ ਜਾਂਚ ਲਈ ਬਣਾਈ ਗਈ ਸਿੱਟ ਤੋਂ ਫਿਲਹਾਲ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ 447 ਦਿਨਾਂ ਵਿੱਚ ਮੂਸੇਵਾਲਾ ਕਤਲ ਕੇਸ ਦੀ ਜਾਂਚ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂ.ਪੀ ਵਿੱਚ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਟ੍ਰੇਨਿੰਗ ਦੇਣ ਦੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੁਣ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਸ ਕਤਲ ਦੇ ਜਿੁੰਮੇਵਾਰ ਵਿਅਕਤੀਆਂ ਦੇ ਖਿਲਾਫ ਜਾਂਚ ਹੋਣ ਦੀ ਉਮੀਦ ਖ਼ਤਮ ਹੋ ਗਈ ਹੈ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਯੂ.ਪੀ ਗੈਂਗਸਟਰਾਂ ਨੂੰ ਟ੍ਰੈਨਿੰਗ ਦੇਣ ਵਿੱਚ ਇੱਕ ਐੱਮ.ਪੀ ਦਾ ਨਾਮ ਆ ਰਿਹਾ ਹੈ ਅਤੇ ਭਾਜਪਾ ਵਾਲੇ ਦੱਸਣ ਕਿ ਯੂ.ਪੀ ਵਿੱਚ ਕਿਹੜਾ ਰਾਮ ਰਾਜ ਹੈ।ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਰਕਾਰਾਂ ਦੀ ਸ਼ਹਿ ਮਿਲੀ ਹੋਈ ਹੈ।ਉਨ੍ਹਾਂ ਕਿਹਾ ਕਿ ਉਸਦੇ ਪੁੱਤ ਨੂੰ ਮਰਵਾਉਣ ਲਈ ਯੂ.ਪੀ ਵਿੱਚ ਸਭ ਕੁੱਝ ਹੋਇਆ ਅਤੇ ਹੁਣ ਇਸ ਉੱਤੇ ਕੋਈ ਵੀ ਸਰਕਾਰ ਮੂੰਹ ਨਹੀਂ ਖੋਲ੍ਹ ਰਹੀ ਹੈ।ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੀ ਗੱਲ ਲੀਕ ਕਰਨ ਵਾਲੇ ਬਲਤੇਜ ਪੰਨੂੰ ’ਤੇ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ, ਜਿਹੜੇ ਵਿਅਕਤੀਆਂ ਦਾ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਨਾਮ ਰੱਖਿਆ,ਉਨ੍ਹਾਂ ਪ੍ਰਤੀ ਕੋਈ ਵੀ ਜਾਂਚ ਨਹੀਂ ਕੀਤੀ ਜਾ ਰਹੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਬਲਤੇਜ ਪੰਨੂੰ ਅੱਜ ਉਨ੍ਹਾਂ ਦਾ ਨਾਮ ਲੈਕੇ ਸੁਰੱਖਿਆ ਦੀ ਮੰਗ ਕਰ ਰਿਹਾ ਹੈ ਅਤੇ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਜਾਵੇ, ਇਸ ’ਤੇ ਕੋਈ ਇਤਰਾਜ਼ ਨਹੀਂ ਅਤੇ ਸਰਕਾਰ ਲਾਰਾ ਲਾਊ ਨੀਤੀ ਬੰਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਉਹ ਕੋਈ ਵੀ ਕਾਰਵਾਈ ਜਾਂ ਜਾਂਚ ਨਹੀਂ ਕਰ ਸਕਦੀ ਤਾਂ ਜਵਾਬ ਦੇ ਦੇਵੇ ਅਤੇ ਉਹ ਚੁੱਪ ਕਰਕੇ ਘਰ ਬੈਠ ਜਾਣਗੇ। ਬਲਕੌਰ ਸਿੰਘ ਸਿੱਧੂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਮਰਵਾਉਣ ਪਿੱਛੇ ਰਾਜਨੀਤਿਕ ਜਾਂ ਸੰਗੀਤ ਇੰਡਸਟਰੀ ਵਿੱਚੋਂ ਹੀ ਕੋਈ ਸਾਜਿਸ਼ ਉੱਠੀ ਹੈ ਅਤੇ ਇਹੀ ਮੰਗ ਉਹ ਸ਼ੁਰੂ ਤੋਂ ਕਰਦੇ ਆ ਰਹੇ ਹਨ ਅਤੇ ਸਰਕਾਰਾਂ ਦੀ ਛਤਰ ਛਾਇਆ ਹੇਠ ਹੀ ਸਭ ਕੁੱਝ ਵਾਪਰਿਆ ਹੈ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਕੇਂਦਰ ਏਜੰਸੀਆਂ ਸਚਿਨ ਥਾਪਨ,ਲਾਰੈਂਸ ਬਿਸ਼ਨੋਈ ਅਤੇ ਵਿਦੇਸ਼ ਤੋਂ ਗੋਲਡੀ ਬਰਾੜ ਨੂੰ ਭਾਰਤ ਲਿਆਕੇ ਸਖ਼ਤੀ ਨਾਲ ਪੁੱਛਗਿੱਛ ਕਰਨ ਤਾਂ ਉਹ ਸਪੱਸ਼ਟ ਕਰ ਦੇਣਗੇ ਕਿ ਸੰਗੀਤ ਇੰਡਸਟਰੀ ਅਤੇ ਸਿਆਸੀ ਧਿਰਾਂ ਦੇ ਕਿਹੜੇ-ਕਿਹੜੇ ਆਗੂਆਂ ਨੇ ਮੂਸੇਵਾਲਾ ਨੂੰ ਮਰਵਾਉਣ ਲਈ ਮੋਟੀ ਸੁਪਾਰੀ ਦਿੱਤੀ ਸੀ।