ਮੋਰਿੰਡਾ ਬੇਅਦਬੀ ਵਰਤਾਰੇ ਪਿੱਛੇ ਅਸਲ ਮਾਸਟਰ ਮਾਈਂਡ ਨੂੰ ਨੰਗਾ ਕਰ ਕੇ ਮਿਸਾਲੀ ਸਜ਼ਾ ਦੇਣ ਦੀ ਲੋੜ: ਸੁਖਬੀਰ ਸਿੰਘ ਬਾਦਲ

  • ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੇ ਅਮਨ ਕਨੂੰਨ ਸਬੰਧੀ ਨਿਖਿਧ ਕਾਰਗੁਜ਼ਾਰੀ ਤੋਂ ਧਿਆਨ ਭਟਕਾਉਣ ਦੀ ਘਿਨਾਉਣੀ ਸਾਜ਼ਿਸ਼
  • ਮੋਰਿੰਡਾ ਕਾਂਡ ਨੇ ਸਿੱਖ ਸੰਗਤਾਂ ਦੇ ਮਨ ਵਲ਼ੂੰਧਰੇ

ਚੰਡੀਗੜ੍ਹ, 24 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਨੂੰ “ ਦਿਲ ਦਹਿਲਾ ਦੇਣ ਵਾਲੀ ਤੇ ਕਦੇ ਵੀ ਨਾ ਮੁਆਫ਼ ਕੀਤੇ ਜਾਣ ਯੋਗ “ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਦੀ ਡੂੰਘੀ ਸਾਜ਼ਿਸ਼ ਪਿੱਛੇ ਕੰਮ ਕਰ ਰਹੇ ਮਾਸਟਰ ਮਾਈਂਡ ਨੂੰ ਨੰਗਾ ਕਰਕੇ ਮਿਸਾਲੀ ਸਜ਼ਾ ਦਿੱਤੇ ਜਾਣਾ ਅਤਿ ਜ਼ਰੂਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦੇ ਸ਼ਰਮਨਾਕ ਕਾਰੇ ਨਾਲ ਸਿੱਖ ਮਨ ਬੁਰੀ ਤਰਾਂ ਵਲ਼ੂੰਧਰੇ ਗਏ ਹਨ। ਅੱਜ ਇਸ ਦਰਦਨਾਕ ਘਟਨਾ ’ਤੇ ਤਿੱਖਾ ਪ੍ਰਤੀਕਰਮ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿਲ ਦਹਿਲਾ ਦੇਣ ਵਾਲੇ ਤੇ ਸ਼ਰਮਨਾਕ ਕਾਰੇ ਦਾ ਸੰਬੰਧ ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੇ ਅਮਨ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਵਿਚ ਨਾਕਾਮੀ ਨਾਲ ਬੁਰੀ ਤਰ੍ਹਾਂ ਘਿਰ ਚੁੱਕੀ ਪੰਜਾਬ ਸਰਕਾਰ ਦੀ ਹਤਾਸ਼ਾ ਨਾਲ ਜਾਪਦਾ ਹੈ। ਪਰ ਉਹਨਾਂ ਕਿਹਾ ਇਹ ਸਾਜ਼ਿਸ਼ਾਂ ਪੁਠੀਆਂ ਪੈ ਰਹੀਆਂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਕ ਪਾਸੇ ਤਾਂ ਦੇਸ਼ ਭਗਤ ਸਿੱਖ ਕੌਮ ਦੇ ਮਾਸੂਮ ਨੌਜਵਾਨ ਹੀਰਿਆਂ ਵਿਰੁੱਧ ਸਰਕਾਰੀ ਤਸ਼ੱਦਦ ਦਾ ਝੱਖੜ ਝੁਲਾਇਆ ਹੋਇਆ ਹੈ ਤੇ ਦੂਜੇ ਪਾਸੇ ਇਹ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਤੇ ਭਾਈਚਾਰਕ ਸਾਂਝ ਉਤੇ ਪਹਿਰਾ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਸਭ ਕੁਝ ਤੋਂ ਧਿਆਨ ਹਟਾਉਣ ਲਈ ਇਹ ਸਰਕਾਰ ਤੇ ਇਸ ਦੇ ਦਿੱਲੀ ਵਿੱਚ ਬੈਠੇ ਸ਼ਾਤਰ ਆਕਾ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।