ਪਿੰਡ ਸਿਧਾਣਾ 'ਚ  ਠੀਕਰੀ ਪਹਿਰਾ ਦੇ ਰਹੇ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਰਾਮਪੁਰਾ ਫੂਲ, 10 ਸਤੰਬਰ : ਰਾਮਪੁਰਾ ਫੂਲ ਵਿੱਚ ਪੈਂਦੇ ਪਿੰਡ ਸਿਧਾਣਾ ਵਿਖੇ ਬੀਤੀ ਰਾਤ ਠੀਕਰੀ ਪਹਿਰਾ ਦੇ ਰਹੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਮੈਂਬਰ ਨੂੰ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜਸਵੀਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਕਤਲ ਨੂੰ ਅੰਜਾਮ ਦੇਣ ਵਾਲਿਆਂ ਦੀ ਗਿਣਤੀ ਦੋ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਸਿਧਾਣਾ ਵਿੱਚ ਨਸ਼ਾ ਕਮੇਟੀ ਬਣਾ ਕੇ ਦਿਨ ਰਾਤ ਪਹਿਰੇਦਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਪਿੰਡ ਨੂੰ ਆਉਣ ਜਾਣ ਵਾਲੇ ਰਸਤਿਆਂ ਉੱਪਰ ਨਸ਼ਾ ਕਮੇਟੀ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਦੋ ਜਣਿਆਂ ਨੂੰ ਕਮੇਟੀ ਮੈਂਬਰਾਂ ਨੇ ਰੋਕਣਾ ਚਾਹਿਆ, ਪਰ ਉਹ ਨਾਕਾ ਤੋੜ ਕੇ ਭੱਜ ਨਿਕਲੇ। ਕਮੇਟੀ ਮੈਂਬਰਾਂ ਨੇ ਇਸਦੀ ਸੂਚਨਾ ਅਗਲੇ ਨਾਕੇ ਤੇ ਤਾਇਨਾਤ ਜਸਵੀਰ ਸਿੰਘ ਨੂੰ ਦਿੱਤੀ, ਜਿੱਥੇ ਦੋਵਾਂ ਮੋਟਰ ਸਾਈਕਲ ਸਵਾਰਾਂ ਨੂੰ ਰੋਕਣ ਦਾ ਯਤਨ ਕੀਤਾ। ਪਰ ਇਸ ਦੌਰਾਨ ਉਨ੍ਹਾਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜਸਵੀਰ ਸਿੰਘ ਕਤਲ ਕਰ ਦਿੱਤਾ। ਪਿੰਡ ਵਾਸੀਆਂ ਵੱਲੋਂ ਦੋਵਾਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸਰਕਾਰੀ ਤੌਰ ਤੇ ਇਸ ਮਾਮਲੇ ਦਾ ਅਜੇ ਕੋਈ ਪੱਖ ਸਾਹਮਣੇ ਨਹੀਂ ਆਇਆ ਹੈ। ਪਤਾ ਲੱਗਿਆ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਵੀ ਮੌਕੇ ਤੇ ਪਹੁੰਚੇ ਅਤੇ ਵਿਸ਼ਵਾਸ ਦਿਵਾਇਆ ਕਿ ਦੋਸ਼ੀ ਕਿਸੇ ਵੀ ਹਾਲਾਤ ਵਿੱਚ ਬਖਸ਼ੇ ਨਹੀਂ ਜਾਣਗੇ।