ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰ ਤਾਂ ਇਹ ਆਪ ਸਰਕਾਰ ਦੱਸੇ ਕਿ ਉਸਨੇ ਇਸ ਮਾਮਲੇ ’ਤੇ ਦਹਿਸ਼ਤ ਦਾ ਮਾਹੌਲ ਕਿਉਂ ਸਿਰਜਿਆ : ਡਾ. ਚੀਮਾ

  • ਅਕਾਲੀ ਦਲ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਲਾਹ ਅਨੁਸਾਰ ਆਪ ਗ੍ਰਿਫਤਾਰੀ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ

ਚੰਡੀਗੜ੍ਹ, 23 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜਿਸ ਤਰੀਕੇ ਸ਼ਾਂਤੀਪੂਰਨ ਢੰਗ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕੀਤਾ ਹੈ, ਆਮ ਆਦਮੀ ਪਾਰਟੀ ਸਰਕਾਰ ਉਹਨਾਂ ਖਿਲਾਫ ਕਾਨੂੰਨ ਮੁਤਾਬਕ ਹੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਿਰਦੋਸ਼ ਸਿੱਖਾਂ ਦੀ ਫੜੋ ਫੜੀ ਤੇ ਉਹਨਾਂ ਨੂੰ ਖਜੱਲ ਖੁਆਰ ਕਰਨਾ ਬੰਦ ਕਰਨਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਵਾਰਿਸ ਪੰਜਾਬ ਦੇ ਜਥੇਬੰਦੀਦੇ ਮੁਖੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹਾਲ ਹੀ ਵਿਚ ਸੱਦੇ ’ਪੰਥਕ ਇਕੱਠ’ ਵਿਚ ਦਿੱਤੀ ਸਲਾਹ ਅਨੁਸਾਰ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਡਾ. ਚੀਮਾ ਨੇ ਕਿਹਾ ਕਿ ਹੁਣ ਜਦੋਂ ਅੰਮ੍ਰਿਤਪਾਲ ਸਿੰਘ ਨੇ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰ ਦਿੱਤਾ ਹੈ ਤਾਂ ਇਹ ਆਪ ਆਦਮੀ ਪਾਰਟੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੱਸੇ ਕਿ ਉਸਨੇ ਇਸ ਮਾਮਲੇ ’ਤੇ ਦਹਿਸ਼ਤ ਦਾ ਮਾਹੌਲ ਕਿਉਂ ਸਿਰਜਿਆ। ਉਹਨਾਂ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਕੀਤੀ ਕਾਰਵਾਈ ਨਾਲ ਦੁਨੀਆਂ ਭਰ ਵਿਚ ਸਿੱਖ ਕੌਮ ਦੀ ਬਦਨਾਮੀ ਹੋਈ ਜਿਸਦੇ ਨਤੀਜੇ ਵਜੋਂ ਸੂਬੇ ਵਿਚੋਂ ਪੂੰਜੀ ਵੀ ਗਈ ਤੇ ਪੰਜਾਬੀਆਂ ਵਿਚ ਅਸੁਰੱਖਿਆ ਦੀ ਭਾਵਨਾ ਵੀ ਪੈਦਾ ਹੋਈ। ਫਿਰਕੂ ਤਣਾਅ ਪਹਿਲਾਂ ਹੀ ਜਾਣ ਬੁੱਝ ਕੇ ਪੈਦਾ ਕੀਤਾ ਜਾ ਰਿਹਾ ਹੈ। ਅਕਾਲੀ ਆਗੂ ਨੇ ਕਿਹਾ ਕਿ ਜਿਸ ਤਰੀਕੇ ਪੰਜਾਬੀਆਂ ਨੇ ਫਿਰਕੂ ਸਦਭਾਵਨਾ ਕਾਇਮ ਰੱਖੀ ਤੇ ਵੰਡ ਪਾਊ ਤਾਕਤਾਂ ਵੱਲੋਂ ਉਹਨਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਇਆ, ਉਸ ਤੋਂ ਸਾਬਤ ਹੁੰਦਾ ਹੈ ਕਿ ਉਹ ਹਮੇਸ਼ਾ ਸਾਰੇ ਭਾਈਚਾਰਿਆਂ ਵਿਚ ਆਪਸੀ ਸ਼ਾਂਤੀ ਤੇ ਭਾਈਚਾਰੇ ਵਾਸਤੇ ਡਟੇ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਨੀਮ ਫੌਜੀ ਦਸਤੇ ਸੱਦ ਕੇ ਤੇ ਮੀਡੀਆ ਤੇ ਬੁੱਧੀਜੀਵੀ ਵਰਗ ’ਤੇ ਪਾਬੰਦੀਆਂ ਲਾਉਣ ਵਰਗੇ ਕਦਮਾਂ ਨਾਲ ਜਾਣ ਬੁੱਝ ਕੇ ਦਹਿਸ਼ਤ ਵਾਲਾ ਮਾਹੌਲ ਪੈਦਾ ਕੀਤਾ ਜੋ ਹੁਣ ਤੁਰੰਤ ਬੰਦ ਹੋਣਾ ਚਾਹੀਦਾ ਹੈ।