ਮੋਗਾ ਵਿਚ ਦਿਨ ਦਿਹਾੜੇ ਸੁਨਿਆਰੇ ਨੂੰ ਗੋਲੀਆਂ ਮਾਰ ਕੇ ਗਹਿਣੇ ਲੁੱਟੇ, ਇੱਕ ਦਾ ਗੋਲੀਆਂ ਮਾਰ ਕੇ ਕਤਲ

ਮੋਗਾ, 12 ਜੂਨ : ਮੋਗਾ ਦੇ ਰਾਮਗੰਜ ਬਜ਼ਾਰ ਵਿਚ ਅੱਜ ਦਿਨ ਦਿਹਾੜੇ ਸੁਨਿਆਰੇ ਨੂੰ ਗੋਲੀਆਂ ਮਾਰ ਕੇ ਗਹਿਣੇ ਲੁੱਟ ਲਏ ਗਏ। ਜਾਣਕਾਰੀ ਮੁਤਾਬਿਕ, ਦੁਪਹਿਰ ਕਰੀਬ ਸਵਾ ਦੋ ਵਜੇ 5 ਅਣਪਛਾਤੇ ਵਿਅਕਤੀ ਸੋਨੇ ਦੇ ਗਹਿਣੇ ਖ਼ਰੀਦਣ ਬਹਾਨੇ ਰਾਮਗੰਜ ਸਥਿਤ ਏਸ਼ੀਆ ਜਵੈਲਰਜ਼ ਦੀ ਦੁਕਾਨ ਵਿਚ ਦਾਖ਼ਲ ਹੋਏ। ਇਸੇ ਦੌਰਾਨ ਜਦੋਂ ਸੁਨਿਆਰਾ ਵਿੱਕੀ ਜਦੋਂ ਗਹਿਣੇ ਵਿਖਾ ਰਿਹਾ ਸੀ ਤਾਂ ਉਕਤ ਪੰਜ ਹਮਲਾਵਰਾਂ ਨੇ ਵਿੱਕੀ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਵਿੱਕੀ ਜ਼ਖਮੀ ਹੋ ਗਿਆ ਅਤੇ ਉਕਤ ਲੁਟੇਰੇ ਕੁੱਝ ਹੀ ਮਿੰਟਾਂ ਵਿਚ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਜ਼ਖਮੀ ਹਾਲਤ ਵਿਚ ਸੁਨਿਆਰੇ ਵਿੱਕੀ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਵੇਖਦਿਆਂ ਉਹਨੂੰ ਰੈਫ਼ਰ ਲੁਧਿਆਣਾ ਕਰ ਦਿੱਤਾ ਗਿਆ, ਜਿਥੇ ਦੌਰਾਨੇ ਇਲਾਜ਼ ਵਿੱਕੀ ਦਮ ਤੋੜ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ, ਜਿਨ੍ਹਾਂ ਦੇ ਵਲੋਂ ਸੀਸੀਟੀਵੀ ਫੁਟੇਜ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉੱਧਰ ਵਾਰਦਾਤ ਦੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ 5 ਲੁਟੇਰੇ ਮੋਗਾ ਦੀ ਰਾਮਗੰਜ ਮੰਡੀ ਵਿੱਚ ਇੱਕ ਸਰਾਫੇ ਦੇ ਸ਼ੋਅਰੂਮ ਵਿੱਚ ਗਾਹਕ ਬਣ ਕੇ ਆਏ। ਕੁਝ ਦੇਰ ਬਾਅਦ ਉਨ੍ਹਾਂ ਨੇ ਮੌਕਾ ਪਾ ਕੇ ਦੁਕਾਨ ਦੇ ਮਾਲਕ ਵੱਲ ਪਿਸਤੌਲ ਤਾਣ ਦਿੱਤੀ। ਲੁਟੇਰਿਆਂ ਦੀ ਇਸ ਹਰਕਤ ਦੇ ਤੁਰੰਤ ਬਾਅਦ ਦੁਕਾਨਦਾਰ ਪਰਵਿੰਦਰ ਸਿੰਘ ਵਿੱਕ ਨੇ ਵੀ ਆਪਣੀ ਪਿਸਤੌਲ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਲੁਟੇਰੇ ਨੇ ਵਿੱਕੀ ‘ਤੇ ਗੋਲੀ ਚਲਾ ਦਿੱਤੀ ਸੀ। ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ। ਗੰਭੀਰ ਹਾਲਤ ਨੂੰ ਵੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਪਰ ਉੱਥੇ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਗੋਲੀ ਚੱਲਣ ਤੋਂ ਬਾਅਦ ਦਹਿਸ਼ਤ ਵਿੱਚ ਆਈ ਸੇਲਸ ਗਰਲ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਲੁਟੇਰਿਆਂ ਨੇ ਉਸਨੂੰ ਘਸੀਟ ਕੇ ਅੰਦਰ ਵੱਲ ਖਿੱਚ ਲਿਆ। ਬਾਅਦ ਵਿੱਚ ਇਹ ਲੁਟੇਰੇ ਉੱਥੋਂ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ। ਫਿਲਹਾਲ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੁਲਿਸ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਜੁਟ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਉਹ ਮੁਲਜ਼ਮਾਂ ਤੱਕ ਪਹੁੰਚ ਜਾਵੇਗੀ ਅਤੇ ਉਨ੍ਹਾਂ ਨੂੰ ਕਾਨੂੰ ਮੁਤਾਬਕ ਬਣਦੀ ਸਜ਼ਾ ਦੁਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।