ਡੇਰਾਬੱਸੀ ‘ਚ ਗੈਸ ਹੋਈ ਲੀਕ , 25 ਲੋਕਾਂ ਦੀ ਹਾਲਤ ਨਾਜ਼ੁਕ

ਡੇਰਾਬੱਸੀ, 4 ਜੁਲਾਈ : ਡੇਰਾਬੱਸੀ ‘ਚ ਗੈਸ ਲੀਕ ਹੋਣ ਕਾਰਨ 25 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਚੰਧੇਰੀ ‘ਚ ਰਿਹਾਇਸ਼ੀ ਖੇਤਰ ‘ਚ ਲੱਗੇ ਟਿਊਬਵੈੱਲ ‘ਤੇ ਰੱਖੀ ਕਲੋਰੀਨ ਗੈਸ ਅਚਾਨਕ ਲੀਕ ਹੋ ਗਈ, ਜੋ ਕਰੀਬ 10 ਸਾਲ ਪੁਰਾਣਾ ਸੀ। ਰਿਹਾਇਸ਼ੀ ਖੇਤਰ ‘ਚ ਅਚਾਨਕ ਗੈਸ ਲੀਕ ਹੋਣ ਕਾਰਨ 25 ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ‘ਚ ਆ ਗਏ ਅਤੇ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਅਤੇ ਅੱਖਾਂ ‘ਚ ਜਲਣ ਸ਼ੁਰੂ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ, ਜਿਨ੍ਹਾਂ ਨੇ ਇਕ ਘੰਟੇ ਦੀ ਮੁਸ਼ੱਕਤ ਬਾਅਦ ਹਾਲਾਤ ‘ਤੇ ਕਾਬੂ ਪਾਇਆ। ਗੈਸ ਲੀਕ ਹੋਣ ਕਾਰਨ ਲੋਕ ਬੱਚਿਆਂ ਨੂੰ ਲੈ ਕੇ ਘਰਾਂ ਤੋਂ ਬਾਹਰ ਆ ਗਏ। ਗੈਸ ਦੀ ਲਪੈਟ ‘ਚ ਆਏ ਲੋਕਾਂ ਨੂੰ ਇਲਾਜ ਲਈ ਡੇਰਾਬੱਸੀ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿਨ੍ਹਾਂ ‘ਚੋਂ ਇਕ ਗਰਭਵਤੀ ਔਰਤ ਨੂੰ ਜੀ. ਐੱਮ. ਸੀ. ਐੱਚ.-32 ਦਾਖ਼ਲ ਕਰਾਇਆ ਗਿਆ ਹੈ।  ਜਾਣਕਾਰੀ ਮੁਤਾਬਕ ਪਿੰਡ ਚੰਧੇਰੀ ‘ਚ ਲੱਗੇ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਤੋਂ ਬਾਅਦ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅੰਦਰ ਪਿਆ ਕਲੋਰੀਨ ਗੈਸ ਨਾਲ ਭਰਿਆ ਸਿਲੰਡਰ ਬਾਹਰ ਕੱਢ ਕੇ ਰੱਖ ਦਿੱਤਾ ਗਿਆ, ਜੋ ਅਚਾਨਕ ਲੀਕ ਹੋਣ ਲੱਗਾ। ਠੇਕੇਦਾਰ ਨਾਲ ਕੰਮ ਕਰਦੇ ਟਿਊਬਵੈੱਲ ਅਪਰੇਟਰ ਸੰਦੀਪ ਨੇ ਦੱਸਿਆ ਕਿ ਕਲੋਰੀਨ ਗੈਸ ਦਾ ਸਿਲੰਡਰ ਕਰੀਬ ਸੱਤ-ਅੱਠ ਸਾਲਾਂ ਤੋਂ ਲਾਵਾਰਸ ਪਿਆ ਸੀ। ਸੋਮਵਾਰ ਤੜਕੇ ਕਰੀਬ 3 ਵਜੇ ਸਿਲੰਡਰ 'ਚ ਅਚਾਨਕ ਧਮਾਕਾ ਹੋਇਆ। ਚਾਰੇ ਪਾਸੇ ਚਿੱਟਾ ਧੂੰਆਂ ਫੈਲ ਗਿਆ। ਗੈਸ ਕਾਰਨ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦਾ ਦਮ ਘੁੱਟਣ ਲੱਗ ਪਿਆ, ਉਨ੍ਹਾਂ ਦੀਆਂ ਅੱਖਾਂ ਵਿੱਚ ਜਲਨ ਹੋਣ ਲੱਗੀ। ਉਹ ਖੁਦ ਇਸ ਦਾ ਸ਼ਿਕਾਰ ਹੋ ਗਿਆ। ਉਹ ਆਪਣੀ ਕਾਰ ਵਿੱਚ ਛੇ ਲੋਕਾਂ ਨਾਲ ਹਸਪਤਾਲ ਪਹੁੰਚਿਆ।