ਫਰੀਦਕੋਟ ਦੇ ਵਿਧਾਇਕ ਸੇਖੋਂ ਦੀ ਪਾਇਲਟ ਗੱਡੀ ਦੀ ਮੋਟਰਸਾਇਕਲ ਨਾਲ ਹੋਈ ਟੱਕਰ, 2 ਦੀ ਮੌਤ

ਫਰੀਦਕੋਟ, 16 ਜੂਨ : ਫਰੀਦਕੋਟ ਦੇ ਸਾਦਿਕ ਰੋਡ ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇੱਕੋ ਪਿੰਡ ਦੇ 2 ਮੋਟਰਸਾਇਕਲ ਸਵਾਰ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਗੁਰੂ ਹਰਿ ਸਹਾਇ ਰੋਡ ਤੇ ਇਕ ਕਥਿਤ ਤੇਜ ਰਫ਼ਤਾਰ ਪਾਇਲਟ ਜਿਪਸੀ ਨੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰਾਂ ਨੂੰ ਅਚਾਨਕ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਹੇਂ ਮੋਟਰਸਾਈਕਲ ਸਵਾਰਾਂ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ। ਦੋਹਾਂ ਮੋਟਰਸਾਈਕਲ ਸਵਾਰਾਂ ਦੀ ਪਹਿਚਾਣ ਪਿੰਡ ਝੋਟੀ ਵਾਲਾ ਵਾਸੀ ਨਛੱਤਰ ਸਿੰਘ ਅਤੇ ਮੰਨਾ ਸਿੰਘ ਵਜੋਂ ਹੋਈ ਹੈ ਜੋ ਫਰੀਦਕੋਟ ਤੋਂ ਝੋਨੇ ਦਾ ਬੀਜ ਲੈ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸਨ। ਪਰ ਰੱਸਤੇ ਵਿੱਛ ਹਾਦਸਾ ਹੋਣ ਨਾਲ ਦੋਹਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਪਿੰਡ ਝੋਟੀ ਵਾਲਾ ਦੇ ਲੋਕਾਂ ਅਤੇ ਮਿਰਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਿਸ ਜਿਪਸੀ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਉਹ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਗੱਡੀ ਹੈ। ਇਸ ਮਾਮਲੇ ਵਿਚ ਪੁਲਿਸ ਕਾਰਵਾਈ ਦੀ ਮੰਗ ਨੂੰ ਲੈ ਕੇ ਮਿਰਤਕਾਂ ਦੇ ਪਰਿਵਾਰਾਂ ਅਤੇ ਪਿੰਡ ਵਾਲਿਆਂ ਨੇ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਮ੍ਰਿਤਕ ਦੇਹਾਂ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਮ੍ਰਿਤਕ ਨੱਛਤਰ ਸਿੰਘ ਦੇ ਭਰਾ ਚਮਕੌਰ ਸਿੰਘ ਦੇ ਬਿਆਨਾਂ ਤੇ ਜਿਪਸੀ ਦੇ ਡਰਾਈਵਰ ਅੰਗਰੇਜ ਸਿੰਘ ਖਿਲਾਫ ਧਾਰਾ 304ਏ ਅਤੇ 279 ਤਹਿਤ ਮੁਕੱਦਮਾਂ ਦਰਜ ਕਰ ਲਿਆ ਜਿਸ ਤੋਂ ਬਾਅਦ ਮਿਰਤਕਾਂ ਦੇ ਪਰਿਵਾਰਾਂ, ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਪਿੰਡ ਵਾਸੀਆਂ ਨੇ ਧਰਨਾ ਚੁੱਕ ਲਿਆ ਅਤੇ ਪੁਲਿਸ ਵਲੋਂ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਿਰਤਕਾਂ ਦਾ ਅੰਤਿਮ ਸੰਸਕਾਰ ਕੱਲ੍ਹ ਉਹਨਾਂ ਦੇ ਪਿੰਡ ਝੋਟੀ ਵਾਲਾ ਵਿਚ ਕੀਤਾ ਜਾਵੇਗਾ।

ਵਿਧਾਇਕ ਸੇਖੋਂ ਨੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ 
ਵਿਧਾਇਕ ਗੁਰਦਿੱਤ ਸਿੰਘ ਨੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ।

01