ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ 2 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, 57 ਆਈਫੋਨ ਜ਼ਬਤ

ਅੰਮ੍ਰਿਤਸਰ, 16 ਅਗਸਤ : ਅੰਮ੍ਰਿਤਸਰ ਵਿਚ ਕਸਟਮ ਵਿਭਾਗ ਨੇ ਦੁਬਈ ਤੋਂ ਹੋ ਰਹੀ ਤਸਕਰੀ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ ਹੈ। ਕਸਟਮ ਵਿਭਾਗ ਨੇ ਇਸ ਦੌਰਾਨ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਦੁਬਈ ਤੋਂ ਸੋਨੇ ਦੀ ਤਸਕਰੀ ਕਰ ਰਹੇ ਹਨ। ਇੰਨਾ ਹੀ ਨਹੀਂ ਕਸਟਮ ਨੇ ਦੋਵਾਂ ਨੌਜਵਾਨਾਂ ਤੋਂ 57 ਆਈਫੋਨ ਵੀ ਜ਼ਬਤ ਕੀਤੇ ਹਨ, ਜੋ ਇਹ ਆਪਣੇ ਨਾਲ ਦੁਬਈ ਤੋਂ ਲੈ ਕੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਏ ਸਨ। ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਫਲਾਈਟ ਦੀ ਚੈਕਿੰਗ ਦੌਰਾਨ 2 ਨੌਜਵਾਨਾਂ ‘ਤੇ ਕਸਟਮ ਵਿਭਾਗ ਨੂੰ ਸ਼ੱਗ ਹੋਇਆ। ਜਦੋਂ ਉਨ੍ਹਾਂ ਦੇ ਬੈਗ ਖੋਲ੍ਹੇ ਗਏ ਤਾਂ ਉਸ ਵਿਚ ਆਈ ਫੋਨ ਭਰੇ ਹੋਏ ਸਨ। ਇੰਨਾ ਹੀ ਨਹੀਂ ਨੌਜਵਾਨਾਂ ਨੇ ਗਲੇ ਵਿਚ ਮੋਟੀ-ਮੋਟੀ ਸੋਨੇ ਦੀ ਚੇਨ ਤੇ ਮੁੰਦਰੀਆਂ ਪਾਈਆਂ ਹੋਈਆਂ ਸਨ, ਜੋ ਰਾਅ ਗੋਲਡ ਦੀਆਂ ਸਨ। ਕਸਟਮ ਵਿਭਾਗ ਨੇ ਦੋਵੇਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ। ਕਸਟਮ ਵਿਭਾਗ ਨੇ ਇਕ ਨੌਜਵਾਨ ਦੇ ਬੈਗ ਤੋਂ 17 ਆਈਫੋਨ 14 ਪ੍ਰੋ, 11 ਆਈਫੋਨ ਪ੍ਰੋ ਤੇ 245 ਗ੍ਰਾਮ ਰਾਅਗੋਲਡ ਜ਼ਬਤ ਕੀਤਾ। ਕਸਟਮ ਨੇ ਦੂਜੇ ਨੌਜਵਾਨ ਦੇ ਬੈਗ ਤੋਂ 18 ਆਈਫੋਨ 14 ਪ੍ਰੋ, 11 ਆਈਫੋਨ 13 ਪ੍ਰੋ ਤੇ 245 ਗ੍ਰਾਮ ਰਾਅ ਗੋਲਡ ਜ਼ਬਤ ਕੀਤਾ। ਪੂਰੇ ਸਾਮਾਨ ਦੀ ਕੀਮਤ ਲਗਭਗ 94.83 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁੱਛਗਿਛ ਵਿਚ ਦੋਸ਼ੀ ਤਸਕਰਾਂ ਨੇ ਦਿੱਤੀ ਕਿ ਇਹ ਫੋਨ ਵੇਚਣ ਲਈ ਲਏ ਸਨ। ਦੁਬਈ ਵਿਚ ਆਈਫੋਨ ਪ੍ਰੋ ਮਾਡਲ ਦੇ ਰੇਟ ਵਿਚ ਲਗਭਗ 15-20 ਹਜ਼ਾਰ ਦਾ ਫਰਕ ਹੈ ਜਿਸ ਦੇ ਬਾਅਦ ਦੋਵੇਂ ਨੌਜਵਾਨ ਦੁਬਈ ਤੋਂ ਫੋਨ ਲਿਆ ਕੇ ਭਾਰਤ ਵਿਚ ਵੇਚ ਕੇ ਮੋਟੇ ਪੈਸੇ ਕਮਾਉਣਾ ਚਾਹੁੰਦੇ ਸਨ।