ਚੰਡੀਗੜ੍ਹ, 29 ਮਈ : ਪੰਜਾਬ ਦੇ ਬਾਗਬਾਨੀ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸਵੇਰੇ 7:30 ਵਜੇ ਡਾਇਰੈਕਟਰ ਬਾਗਬਾਨੀ, ਪੰਜਾਬ ਦੇ ਮੁੱਖ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਅਚਨਚੇਤ ਚੈਕਿੰਗ ਦੌਰਾਨ 06 ਅਧਿਕਾਰੀ/ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਕੈਬਨਿਟ ਮੰਤਰੀ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦਫ਼ਤਰ ਵਿੱਚ ਸਮੇਂ ਦੇ ਪਾਬੰਦ ਰਹਿਣ ਲਈ ਕਿਹਾ। ਭਗਵੰਤ ਮਾਨ ਸਰਕਾਰ ਵੱਲੋਂ ਦਫ਼ਤਰਾਂ ਦੇ ਸਮੇਂ ਵਿੱਚ ਤਬਦੀਲੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਸਾਡੇ ਦੂਰਅੰਦੇਸ਼ੀ ਮੁੱਖ ਮੰਤਰੀ ਦਾ ਉਦੇਸ਼ ਸੂਬੇ ਵਿੱਚ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਹੈ। ਇਸ ਨਾਲ ਆਮ ਲੋਕ ਦਿਨ ਦੇ ਸ਼ੁਰੂਆਤੀ ਘੰਟਿਆਂ ਦੌਰਾਨ ਲੋੜੀਂਦੀਆਂ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਦੇ ਯੋਗ ਹੋਣਗੇ। ਦਿਨ ਦੇ ਸ਼ੁਰੂਆਤੀ ਘੰਟਿਆਂ ਦੌਰਾਨ ਹੀ ਲੋੜੀਂਦੀਆਂ ਸੇਵਾਵਾਂ ਪ੍ਰਾਪਤ ਕਰਨ ਉਪਰੰਤ ਲੋਕ ਆਪਣੀਆਂ ਹੋਰ ਪਰਿਵਾਰਕ ਜ਼ਿੰਮੇਵਾਰੀਆਂ ਵੱਲ ਧਿਆਨ ਦੇ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਸ਼ਾਮ 5 ਵਜੇ ਤੱਕ ਉਡੀਕ ਨਹੀਂ ਕਰਨੀ ਪਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਵੀ ਆਪਣੀ ਆਦਤ ਬਦਲਣ ਦੀ ਜ਼ਰੂਰਤ ਹੈ। ਹਰ ਸਰਕਾਰੀ ਕਰਮਚਾਰੀ ਸਵੇਰੇ 7:30 ਵਜੇ ਦੇ ਨਿਰਧਾਰਤ ਸਮੇਂ 'ਤੇ ਦਫ਼ਤਰ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਭਗਵੰਤ ਮਾਨ ਦੇ ਰੰਗਲਾ ਪੰਜਾਬ ਦੀ ਸਿਰਜਣਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਸ ਤਬਦੀਲੀ ਦੇ ਪ੍ਰੇਰਕ ਬਣਨ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਭਵਿੱਖ ਵਿੱਚ ਜੇਕਰ ਕੋਈ ਕਰਮਚਾਰੀ ਦੇਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਬਾਗਬਾਨੀ ਮੰਤਰੀ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਵੀ ਲਿਆ। ਜੌੜਾਮਾਜਰਾ ਨੇ ਡਾਇਰੈਕਟਰ ਬਾਗਬਾਨੀ ਨੂੰ ਹਦਾਇਤ ਕੀਤੀ ਕਿ ਵਿਭਾਗੀ ਸਕੀਮਾਂ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਕਿਸਾਨ ਵਿਭਾਗੀ ਸਕੀਮਾਂ ਦਾ ਲਾਭ ਲੈ ਸਕਣ।