ਕੋਟਕਪੁਰਾ ਨੇੜੇ ਵਾਪਰੇ ਸੜਕ ਹਾਦਸੇ ‘ਚ 2 ਨੋਜਵਾਨਾਂ ਦੀ ਮੌਤ

ਕੋਟਕਪੁਰਾ, 09 ਮਈ : ਨੇੜਲੇ ਪਿੰਡ ਦੇਵੀਵਾਲਾ ਦੇ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇਵੀਵਾਲਾ ਦੇ ਅਜੈ ਕੁਮਾਰ ਅਤੇ ਗੋਰਾ ਸਿੰਘ, ਮੋਟਰਸਾਈਕਲ ਤੇ ਸਵਾਰ ਹੋ ਕੇ ਰਾਤ ਕਰੀਬ 8 ਵਜੇ, ਕੋਟਕਪੁਰਾ ਨੂੰ ਜਾ ਰਹੇ ਸਨ, ਜਦੋਂ ਉਹ ਨੈਸ਼ਨਲ ਹਾਈਵੇ ਨਜ਼ਦੀਕ ਪੁੱਜੇ ਤਾਂ ਲਿੰਕ ਸੜਕ ਤੇ ਹੀ ਉਨ੍ਹਾਂ ਦਾ ਟਰੈਕਟਰ-ਟਰਾਲੀ ਨਾਲ ਹਾਦਸਾ ਵਾਪਰ ਗਿਆ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਸਰਾ ਨੌਜਵਾਨ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੌਕੇ ਤੇ ਮੌਜ਼ੂਦ ਲੋਕਾਂ ਵੱਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਉੱਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾਂ ਦੀ ਜਾਂਚ ਪੜਤਾਲ ਕਰ ਰਹੇ ਏਐਸਆਰੀ ਜੈਜੀਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੇ ਬਿਆਨਾਂ ਤੇ ਟਰੈਕਟਰ-ਟਰਾਲੀ ਚਾਲਕ ਖਿਲਾਫ ਮਾਮਲਾ ਦਰਜ ਕਰਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕਾਂ ਅਜੈ ਕੁਮਾਰ ਅਤੇ ਗੋਰਾ ਸਿੰਘ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਉਪਰੰਤ ਪਰਿਵਾਰਾਂ ਨੂੰ ਸੌਂਪ ਦਿੱਤਾ ਜਾਵੇਗਾ।