ਕੀ ਭਾਰਤੀ ਸੰਵਿਧਾਨ ਤੇ ਸਿੱਖ ਨੁਮਾਇੰਦਿਆਂ ਨੇ ਦਸਖ਼ਤ ਕੀਤੇ?

ਭਾਰਤ ਦਾ ਸੰਵਿਧਾਨ ਲਗਭਗ 300 ਮੈਂਬਰੀ ਸੰਵਿਧਾਨ ਸਭਾ ਨੇ ਬਣਾਇਆ। ਸੰਵਿਧਾਨ ਸਭਾ ਦੀ ਇਲੈਕਸ਼ਨ 1946 ਨੂੰ ਜੁਲਾਈ-ਅਗਸਤ ਚ ਮੁਕੰਮਲ ਹੋਈ। ਇਹ ਚੋਣ ਓਵੇਂ ਹੋਈ ਜਿਵੇਂ ਅੱਜ ਕੱਲ ਰਾਜ ਸਭਾ ਮੈਂਬਰਾਂ ਦੀ ਚੋਣ ਹੁੰਦੀ ਹੈ। ਜਨਵਰੀ 1946 ’ਚ ਸੂਬਾਈ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ। ਇਹਨਾਂ ਵਿਧਾਨ ਸਭਾਵਾਂ ਨੇ ਹੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ। 10 ਲੱਖ ਦੀ ਅਬਾਦੀ ਮਗਰ 1 ਮੈਂਬਰ ਦੀ ਬਨਣਾ ਸੀ। 1945 ਵਿੱਚ ਕੈਬਨਿਟ ਮਿਸ਼ਨ ਪਲੈਨ ਤਹਿਤ ਇਹ ਸੰਵਿਧਾਨ ਕਰਨੀ ਅਸੈਂਬਲੀ ਬਣਾਉਣ ਦੀ ਤਜਵੀਜ ਹਿੰਦੂ ਅਤੇ ਮੁਸਲਿਮ ਧਿਰਾਂ ਨੇ ਮੰਨ ਲਈ ਸੀ। ਇਸ ਪਲੈਨ ਤਹਿਤ ਮੁਸਲਿਮ ਲੀਗ ਨੇ ਵੱਖਰਾ ਮੁਲਕ ਪਾਕਿਸਤਾਨ ਲੈਣ ਦੀ ਮੰਗ ਛੱਡ ਕੇ ਭਾਰਤ ਨੂੰ ਇੱਕ ਜੁਟ ਰੱਖਣਾ ਮੰਨ ਲਿਆ ਸੀ। ਪਲੈਨ ਮੁਤਾਬਿਕ  ਭਾਰਤ ਦੇ ਤਿੰਨ ਸਿਆਸੀ ਹਿੱਸੇ ਬਣਨੇ ਸੀ ਇੱਕ ਹਿੱਸਾ ਪੱਛਮ ਵਾਲੇ ਪਾਸੇ ਮੁਸਲਿਮ ਬਹੁਤ ਗਿਣਤੀ ਵਾਲਾ ਹਿੱਸਾ ਜੀਹਦੇ ’ਚ ਪੰਜਾਬ, ਸਿੰਧ ਅਤੇ ਸਰਹੱਦੀ ਸੂਬਾ ਆਉਂਦੇ ਸੀ। ਦੂਜਾ ਹਿੱਸਾ ਵੀ ਮੁਸਲਿਮ ਬਹੁਤ ਗਿਣਤੀ ਵਾਲਾ ਸੀ ਜੀਹਦੇ ’ਚ ਬੰਗਾਲ(ਪੱਛਮੀ ਬੰਗਾਲ+ਬੰਗਲਾ ਦੇਸ਼), ਅਸਾਮ ਆਉਂਦੇ ਸੀ। ਤੀਜਾ ਹਿੱਸਾ ਬਾਕੀ ਬਚਦਾ ਭਾਰਤ ਸੀ। ਇਹਨਾਂ ਤਿੰਨਾਂ ਹਿੱਸਿਆਂ ਦੇ ਆਪੋ ਆਪਣੇ ਸੰਵਿਧਾਨ ਹੋਣੇ ਸੀ। ਜਦਕਿ ਕੇਂਦਰੀ ਸਰਕਾਰ ਦਾ ਵੱਖਰਾ ਸੰਵਿਧਾਨ ਹੋਣਾ ਸੀ। ਕੰਮਨੀਕੇਸ਼ਨ, ਡਿਫੈਂਸ ,ਕਰੰਸੀ ਅਤੇ ਵਿਦੇਸ਼ ਮਹਿਕਮੇ ਕੇਂਦਰੀ ਸਰਕਾਰ ਕੋਲ ਹੋਣੇ ਸੀ ਤੇ ਬਾਕੀ ਮਹਿਕਮਿਆਂ ਦੇ ਸਾਰੇ ਅਖਤਿਆਰ ਤਿੰਨਾਂ ਹਿੱਸਿਆਂ ਦੀਆਂ ਸਰਕਾਰਾਂ ਅਤੇ ਇਹਨਾਂ ਦੇ ਤਹਿਤ ਆਉਂਦੇ ਸੂਬਿਆਂ ਕੋਲ ਹੋਣੇ ਸੀ। 

ਸੰਵਿਧਾਨ ਦੀਆਂ ਚੋਣਾਂ ਦਾ ਅਮਲ ਸ਼ੁਰੂ ਹੋ ਚੁੱਕਿਆ ਸੀ ਤੇ ਕਾਂਗਰਸ ਦੇ ਲੀਡਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਬਿਆਨ ਦੇ ਦਿੱਤਾ ਜੀਹਦੇ ਨਾਲ ਭਾਰਤ ਦੇ ਇੱਕ ਰਹਿਣ ਦੀ ਬਣੀ ਬਣਾਈ ਸਕੀਮ ਢਹਿ ਢੇਰੀ ਹੋ ਗਈ। ਹਿੰਦੂਆਂ ਨੇ ਇਸ ਤਜਵੀਜ ਨੂੰ ਮੰਨ ਲੈਣ ਕਰਕੇ ਕਾਂਗਰਸ ਦੀ ਇਹ ਕਹਿ ਕੇ ਆਲੋਚਨਾ ਕੀਤੀ ਕਿ ਇਸ ਤਹਿਤ ਬਣੇ ਸਿਆਸੀ ਢਾਂਚੇ ਨਾਲ ਪਾਕਿਸਤਾਨ ਦੀ ਮੰਗ ਕਾਫੀ ਹੱਦ ਤੱਕ ਪੂਰੀ ਹੁੰਦੀ ਹੈ। ਸੰਵਿਧਾਨ ਸਭਾ ਦੀ ਇਲੈਕਸ਼ਨ ਹੋਣ ਹੀ ਵਾਲੀ ਸੀ 10 ਜੁਲਾਈ 1946 ਨੂੰ ਬੰਬਈ ਚ ਪੰਡਿਤ ਨਹਿਰੂ ਨੇ ਹਿੰਦੂਆਂ ਦੀ ਤਸੱਲੀ ਕਰਾਉਣ ਖਾਤਰ ਇੱਕ ਬਿਆਨ ਦਿੱਤਾ ਕਿ ਤੁਸੀਂ ਫਿਕਰ ਨਾ ਕਰੋ ਇੱਕ ਵਾਰ ਅੰਗਰੇਜ਼ਾਂ ਨੂੰ ਇਥੋਂ ਚਲੇ ਜਾਣ ਦਿਓ ਬਾਅਦ ’ਚ ਆਪਾਂ ਮਨ ਮਰਜ਼ੀ ਦਾ ਸੰਵਿਧਾਨ ਬਣਾਵਾਂਗੇ ਕਿਉਂਕਿ ਆਪਣੇ ਕੋਲ ਸੰਵਿਧਾਨ ਸਭਾ ’ਚ ਬਹੁਮਤ ਹੋਣਾ ਹੈ। ਨਹਿਰੂ ਨੇ ਇਹ ਵੀ ਆਖਿਆ ਕਿ ਇਸ ਗੱਲ ਦਾ ਫੈਸਲਾ ਵੀ ਕੇਂਦਰੀ ਸੰਵਿਧਾਨ ਸਭਾ ਲਵੇਗੀ ਕਿ ਕਿਹੜਾ ਮਹਿਕਮਾ ਸੈਂਟਰ ਸਰਕਾਰ ਤਹਿਤ ਆਉਂਦਾ ਹੈ ਜਾਂ ਸੂਬਾਈ ਸਰਕਾਰਾਂ ਤਹਿਤ। 

ਇਸ ਬਿਆਨ ਨੇ ਮੁਸਲਿਮ ਲੀਗ ਨੂੰ ਡਰਾ ਦਿੱਤਾ ਜੀਹਦੇ ਕਰਕੇ ਉਹਨਾਂ ਨੇ ਕੈਬਨਿਟ ਮਿਸ਼ਨ ਪਲੈਨ ਨੂੰ ਦਿੱਤੀ ਮਨਜੂਰੀ ਵਾਪਸ ਲੈ ਲਈ ਅਤੇ ਵੱਖਰਾ ਮੁਲਕ ਪਾਕਿਸਤਾਨ ਲੈਣ ਦਾ ਤਹੱਈਆ ਕਰ ਲਿਆ । ਮੁਸਲਿਮ ਲੀਗ ਦੇ ਇਤਰਾਜ਼ ਦੇ ਬਾਵਜੂਦ ਵਾਇਸਰਾਏ ਸੰਵਿਧਾਨ ਸਭਾ ਦੀਆਂ ਚੋਣਾਂ ਜੁਲਾਈ-ਅਗਸਤ 1946 ’ਚ ਕਰਵਾ ਦਿੱਤੀਆਂ।  ਸੰਵਿਧਾਨ ਸਭਾ ਦੀਆਂ ਚੋਣਾਂ ’ਚ 292 ਮੈਂਬਰ ਚੁਣੇ ਗਏ ਜੀਹਦੇ ’ਚ ਕਾਂਗਰਸ ਦੇ 208 , ਮੁਸਲਿਮ ਲੀਗ ਦੇ ਸਿਰਫ 73 ਸਨ। ਰਿਆਸਤਾਂ ਦੇ ਨੁਮਾਇੰਦੇ 93 ਨਾਮਜਦ ਹੋਏ। 4 ਮੈਂਬਰ ਚੀਫ ਕਮਿਸ਼ਨਰਾਂ ਵੱਲੋਂ ਨਾਮਜਦ ਹੋਏ ਵਾਇਸ ਰਾਏ ਨੇ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਨਵੀਂ ਦਿੱਲੀ ਵਿੱਚ ਸੱਦੀ ਪਰ ਮੁਸਲਿਮ ਲੀਗ ਨੇ ਇਸ ਮੀਟਿੰਗ ਦਾ ਬਾਈਕਾਟ ਕੀਤਾ।

ਆਖਿਰ ਨੂੰ ਪਾਕਿਸਤਾਨ ਬਣ ਗਿਆ ਤੇ ਸੰਵਿਧਾਨ  ਦੇ ਮੁਸਲਮਾਨ  ਮੈਂਬਰ ਪਾਕਿਸਤਾਨ ਚਲੇ ਗਏ ਜਦਕਿ ਇਹਨਾਂ ਵਿਚੋਂ 28 ਮੈਂਬਰ ਭਾਰਤ ਵਿੱਚ ਹੀ ਰਹੇ ਤੇ ਇਹਨਾਂ ਨੇ ਭਾਰਤੀ ਸੰਵਿਧਾਨ ਸਭਾ ਵਿੱਚ ਹੀ ਕੰਮ ਕੀਤਾ। ਪੰਜਾਬ ਵਿਧਾਨ ਸਭਾ ਵਿਚੋਂ 2 ਸਿੱਖ ਬਤੌਰ ਸਿੱਖ ਨੁਮਾਇੰਦੇ ਅਗਸਤ 1946 ਨੂੰ ਹੋਈ ਸੰਵਿਧਾਨ ਸਭਾ ਦੀ ਚੋਣ ਵਿੱਚ ਚੁਣੇ ਗਏ ਤੇ 2 ਸਿੱਖ ਨੁਮਾਇੰਦੇ ਸਿੱਖ ਰਿਆਸਤਾਂ ਦੇ ਨਾਮਜ਼ਦ ਹੋਏ ਜੋ ਇਹ ਸਨ :-

1. ਸਰਦਾਰ ਬਲਦੇਵ ਸਿੰਘ ਦੁੱਮਣਾ: ਇਹ ਸਰਦਾਰ ਸਾਹਿਬ ਬਾਅਦ ’ਚ ਬਣੀ ਅੰਤਰਿਮ ਕੇਂਦਰੀ ਸਰਕਾਰ ’ਚ ਵਜੀਰ ਬਣੇ ਅਤੇ ਆਜ਼ਾਦ ਭਾਰਤ ਦੇ ਪਹਿਲੇ ਡਿਫੈਂਸ ਮਨੀਸਟਰ ਬਣੇ। ਉਹ ਸ੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸਰਦਾਰ ਰਵੀਇੰਦਰ ਸਿੰਘ ਦੇ ਚਾਚਾ ਜੀ ਸਨ। ਸਰਦਾਰ ਬਲਦੇਵ ਸਿੰਘ 1937 ਤੇ 1946 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਚੋਣ ਵਿੱਚ ਸਿੱਖਾਂ ਲਈ ਰਿਜ਼ਰਵ ਸੀਟ ਅੰਬਾਲਾ ਦੀਹਾਤੀ ਤੋਂ ਐਮ.ਐਲ.ਏ ਬਣੇ।

2. ਸਰਦਾਰ ਭੁਪਿੰਦਰ ਸਿੰਘ ਮਾਨ: ਮਾਨ ਸਾਹਿਬ ਵੀ ਬਤੌਰ ਸਿੱਖ ਨੁਮਾਇੰਦੇ ਸੰਵਿਧਾਨ ਸਭਾ ਦੀ 1946 ਚ ਹੋਈ ਚੋਣ ਮੌਕੇ ਮੈਂਬਰ ਬਣੇ।ਇੰਨਾਂ ਦਾ ਪਿਛੋਕੜ ਜਿਲਾ ਸ਼ੇਖ਼ੂਪੁਰਾ ਦੇ ਪਿੰਡ ਮਾਨਾਂਵਾਲਾ ਤੋਂ ਸੀ। ਵੰਡ ਤੋਂ ਮਗਰੋਂ ਇੰਨਾਂ ਨੂੰ ਪਿੰਡ ਬਾੜਾ (ਅੱਜ ਕੱਲ ਜਿਲਾ ਫਤਿਹਗੜ੍ਹ ਸਾਹਿਬ) ’ਚ ਪੈਲੀ ਅਲਾਟ ਹੋਈ । ਉਹ ਪੈਪਸੂ ਦੇ ਖ਼ਜ਼ਾਨਾ ਮੰਤਰੀ ਵੀ ਰਹੇ। ਇਹਨਾਂ ਦਾ ਇੱਕ ਬੇਟਾ ਸਰਦਾਰ ਹਿੰਦ ਰਵੀ ਸਿੰਘ ਮਾਨ ਇੰਡੀਅਨ ਆਰਮੀ ਚ ਲੈਫ਼ਟੀਨੈਂਟ ਜਨਰਲ ਰਿਹਾ। ਦੂਜੇ ਬੇਟੇ ਜਸਬੀਰ ਸਿੰਘ ਦਾ ਯੂ ਪੀ ਦੇ ਜਿਲਾ ਮੁਜੱਫਰਨਗਰ ਚ ਫ਼ਾਰਮ ਹੈ। ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਇਸੇ ਕੋੜਮੇ ਚੋਂ ਨੇ।

ਸਾਂਝੇ ਪੰਜਾਬ ਦੀ ਵਿਧਾਨ ਸਭਾ ਵਿਚੋਂ ਚੁਣੇ ਗਏ ਮੈਂਬਰਾਂ ਦੇ ਪਾਕਿਸਤਾਨ ਚਲੇ ਜਾਣ ਕਰਕੇ ਖਾਲੀ ਹੋਈਆਂ 4 ਸੀਟਾਂ ਤੇ 2 ਸਿੱਖ ਤੇ 2 ਹਿੰਦੂ ਮੈਂਬਰਾਂ ਦੀ ਚੋਣ ਹੋਈ। ਜਿੰਨਾਂ ’ਚ ਹੇਠ ਲਿਖੇ ਮੈਂਬਰ ਚੁਣੇ ਗਏ।

3.  ਗਿਆਨੀ ਗੁਰਮੁੱਖ ਸਿੰਘ ਮੁਸਾਫਿਰ: ਪਾਕਿਸਤਾਨ ਚਲੇ ਗਏ ਮੈਂਬਰਾਂ ਦੀ ਥਾਂ ਤੇ ਖਾਲੀ ਹੋਈਆਂ ਸੀਟਾਂ ਤੇ ਹੋਈ ਚੋਣ ਵਿੱਚ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਗਿਆਨੀ ਜੀ ਜਿਲ੍ਹਾ ਅਟਕ (ਪਾਕਿਸਤਾਨ) ਦੇ ਰਹਿਣ ਵਾਲੇ ਸਨ। ਉਹ ਮੈਂਬਰ ਰਾਜ ਸਭਾ ,ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੱਥੇਦਾਰ ਵੀ ਬਣੇ। ਸੰਭਵ ਹੈ ਕਿ ਪਹਿਲਾਂ ਤੋਂ ਕਾਇਮ ਸੰਵਿਧਾਨ ਸਭਾ ਨੇ ਉਹਨਾ ਦੀ ਚੋਣ ਕੋਆਪਸ਼ਨ ਨਜ਼ਰੀਏ ਕੀਤੀ ਹੋਵੇ। 15 ਜਨਵਰੀ 1899 ਨੂੰ ਜਨਮੇ ਸਰਦਾਰ ਮੁਸਾਫਿਰ 18 ਜਨਵਰੀ 1976 ਨੂੰ ਫ਼ੌਤ ਹੋਏ।

4. ਸਰਦਾਰ ਹੁਕਮ ਸਿੰਘ : ਪਾਕਿਸਤਾਨ ਚਲੇ ਗਏ ਮੈਂਬਰਾਂ ਦੀ ਥਾਂ ਤੇ ਖਾਲੀ ਹੋਈਆਂ ਸੀਟਾਂ ਤੇ ਹੋਈ ਚੋਣ ਵਿਚ ਉਹ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹ ਮਿੰਟਗੁਮਰੀ ਦੇ ਰਹਿਣ ਵਾਲੇ ਸਨ। ਸ੍ਰ ਹੁਕਮ ਸਿੰਘ ਲੋਕ ਸਭਾ ਦੇ ਸਪੀਕਰ ਅਤੇ ਰਾਜਸਥਾਨ ਦੇ ਗਵਰਨਰ ਵੀ ਬਣੇ। ਸ੍ਰ ਹੁਕਮ ਸਿੰਘ ਦੀ ਕੋਆਪਸ਼ਨ ਦਾ ਜ਼ਿਕਰ ਸੰਵਿਧਾਨ ਸਭਾ ਦੀ 27 ਜਨਵਰੀ 1948 ਵਾਲੇ ਕਾਰਵਾਈ ਰਜਿਸਟਰ ਵਿੱਚ ਦੇਖਣ ਨੂੰ ਮਿਲਦਾ ਹੈ। ਇਸ ਦਿਨ ਸ੍ਰ ਗੁਰਮੁੱਖ ਸਿੰਘ ਮੁਸਾਫ਼ਰ ਨੇ ਉਹਨਾਂ ਨਾਮ ਪੇਸ਼ ਕੀਤਾ ਅਤੇ ਸਰਬ ਸੰਮਤੀ ਨਾਲ ਉਹਨਾਂ ਚੋਣ ਬਤੌਰ ਮੈਂਬਰ ਸੰਵਿਧਾਨ ਸਭਾ ਵਜੋਂ ਹੋਈ।

5. ਸਰਦਾਰ ਸੁਚੇਤ ਸਿੰਘ ਔਜਲਾ : ਭਾਰਤੀ ਰਿਆਸਤਾਂ ਵੱਲੋਂ  ਨਾਮਜਦ ਕੀਤੇ 93 ਮੈਂਬਰਾਂ ਵਿੱਚੋਂ 2 ਮੈਂਬਰ ਰਿਆਸਤ ਪਟਿਆਲਾ ਵੱਲੋਂ ਨਾਮਜਦ ਹੋਏ ਸੀ। ਇਹਨਾਂ ਵਿੱਚ ਇੱਕ ਸਰਦਾਰ ਗਿਆਨ ਸਿੰਘ ਰਾੜੇਵਾਲਾ ਸਨ। 1948 ’ਚ ਇਹ ਰਿਆਸਤ ਭਾਰਤ ਦੇ ਨਵੇਂ ਬਣੇ ਪੈਪਸੂ ਸੂਬੇ ਵਿੱਚ ਮਰਜ ਹੋ ਗਈ ਸੀ। ਰਿਆਸਤਾਂ ਦੇ ਨੁਮਾਇੰਦੇ ਸ਼ਾਇਦ ਇਸੇ ਵਜਾਹ ਕਰਕੇ ਹੀ ਸੰਵਿਧਾਨ ਸਭਾ ਵਿੱਚੋਂ ਬਾਹਰ ਕਰ ਦਿੱਤੇ ਗਏ। ਪੰਜਾਬ ਦੀਆਂ ਰਿਆਸਤਾਂ ਦੇ ਇਲਾਕੇ ਨੂੰ ਜੋੜ ਕੇ ਬਣੇ ਪੈਪਸੂ ਸੂਬੇ ਵਿੱਚੋਂ 2 ਸਿੱਖ ਤੇ 1 ਹਿੰਦੂ ਮੈਂਬਰਾਂ ਦੀ ਚੋਣ ਹੋਈ। ਸਿੱਖ ਮੈਂਬਰਾਂ ਵਿੱਚ ਇੱਕ ਸਨ ਕਪੂਰਥਲਾ ਰਿਆਸਤ (ਅੱਜ ਕੱਲ ਜਿਲਾ) ਦੇ ਪਿੰਡ ਔਜਲਾ ਦੇ ਸਰਦਾਰ ਸੁਚੇਤ ਸਿੰਘ ਔਜਲਾ ਸਨ। ਇਹ 2007 ਵਿੱਚ ਬਤੌਰ ਡੀ ਜੀ ਪੀ ਪੰਜਾਬ ਵਜੋਂ ਰਿਟਾਇਰ ਹੋਏ ਸ੍ਰ ਜੀ ਐਸ ਔਜਲਾ ਅਤੇ ਮਸ਼ਹੂਰ ਕਾਲਮ ਨਵੀਸ ਸ੍ਰ ਹਰਜਾਪ ਸਿੰਘ ਔਜਲਾ ਦੇ ਪਿਤਾ ਜੀ ਸਨ। ਉਸ ਵੇਲੇ ਪੈਪਸੂ ਦੀ ਵਿਧਾਨ ਸਭਾ ਅਜੇ ਵਜੂਦ ਵਿੱਚ ਨਹੀਂ ਸੀ ਆਈ ਇਸ ਕਰਕੇ ਉਹਨਾਂ ਦੀ ਨਾਮਜ਼ਦਗੀ ਪੈਪਸੂ ਦੀ ਹਕੂਮਤ ਯਾਨੀ ਕਿ ਪੈਪਸੂ ਦੇ ਰਾਜ ਪਰਮੁੱਖ ਮਹਾਂਰਾਜਾ ਯਾਦਵਿੰਦਰ ਸਿੰਘ ਨੇ ਹੀ ਕੀਤੀ ਹੋਵੇਗੀ। ਸ੍ਰ ਸੁਚੇਤ ਸਿੰਘ ਔਜਲਾ ਦੀ ਇਹ ਫੋਟੋ ਸ੍ਰ ਜੀ ਐਸ ਔਜਲਾ ਸਾਹਿਬ ਤੋਂ ਹੀ ਮਿਲੀ ਹੈ।

6. ਸਰਦਾਰ ਬਹਾਦਰ ਰਣਜੀਤ ਸਿੰਘ ਅਕੋਈ: ਸੰਗਰੂਰ ਜਿਲ੍ਹੇ ਦੇ ਪਿੰਡ ਅਕੋਈ ਦੇ ਜੰਮਪਲ ਸਰਦਾਰ ਬਹਾਦਰ ਰਣਜੀਤ ਸਿੰਘ ਅਕੋਈ ਦੀ ਚੋਣ ਪੈਪਸੂ ਸੂਬੇ ਤੋਂ ਸੰਵਿਧਾਨ ਸਭਾ ਦੇ ਮੈਂਬਰ ਵਜੋਂ ਹੋਈ। ਇਹ ਸਰਦਾਰ ਸਾਹਿਬ ਨਵੀਂ ਦਿੱਲੀ ਦੇ ਇੰਮਪੀਰੀਅਲ ਹੋਟਲ ਦੇ ਮਾਲਕ ਰਹੇ ਅਤੇ ਉਹ ਮਸ਼ਹੂਰ ਅਕਾਲੀ ਆਗੂ ਬੀਬੀ ਨਿਰਲੇਪ ਕੌਰ ਦੇ ਸਹੁਰਾ ਸਾਹਿਬ ਸੀਗੇ। ਉਹ 1952 ਅਤੇ 1962 ਵਿੱਚ ਸੰਗਰੂਰ ਹਲਕੇ ਤੋਂ ਲੋਕ ਸਭਾ ਦੀ ਇਲੈਕਸ਼ਨ ਵੀ ਜਿੱਤੇ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਸ੍ਰ ਰਣਜੀਤ ਸਿੰਘ ਦੀ ਕੋਈ ਕਲੀਅਰ ਫੋਟੋ ਨਹੀਂ ਮਿਲੀ।

7.  ਸਰਦਾਰ ਜੋਗਿੰਦਰਾ ਸਿੰਘ : 3 ਅਕਤੂਬਰ 1903 ਨੂੰ ਜਨਮੇ ਸਰਦਾਰ ਜੋਗਿੰਦਰਾ ਸਿੰਘ ਯੂ ਪੀ ਤੋਂ ਸੰਵਿਧਾਨ ਸਭਾ ਦੇ ਮੈਂਬਰ ਬਣੇ ਜੋ 1957 ’ਚ ਕਾਂਗਰਸ ਟਿਕਟ ਤੇ ਬਹਿਰਾਇਚ ਹਲਕੇ ਤੋਂ ਲੋਕ ਸਭਾ ਦੀ ਚੋਣ ਵੀ ਜਿੱਤੇ। 1965 ’ਚ ਯੂ ਪੀ ਤੋਂ ਹੀ ਰਾਜ ਸਭਾ ਦੇ ਮੈਂਬਰ ਬਣੇ। 1972 ਤੋਂ 1977 ਤੱਕ ਰਾਜਸਥਾਨ ਦੇ ਗਵਰਨਰ ਰਹੇ ਤੇ 11 ਫ਼ਰਵਰੀ 1979 ਨੂੰ ਫ਼ੌਤ ਹੋਏ, ਇਹਨਾਂ ਦਾ ਪਿੱਛਾ ਜਿਲਾ ਅੰਮ੍ਰਿਤਸਰ ਦਾ ਸੀ। ਇਹ ਜੋਗਿੰਦਰਾ ਸਿੰਘ ਓਹ ਸਰ ਜੋਗਿੰਦਰਾ ਸਿੰਘ ਨਹੀਂ ਸਨ ਜੋ ਕਿ ਵਾਇਰਸਰਾਏ ਦੀ ਐਗਜੈਕਟਿਵ ਕੌਂਸਲ ਦੇ ਮੈਂਬਰ ਹੁੰਦੇ ਸੀ, ਉਨਾਂ ਦੀ ਫੌਤਗੀ ਤਾਂ ਦਸੰਬਰ 1946 ’ਚ ਹੀ ਹੋ ਗਈ ਸੀ।ਪੰਜਾਬ ਦੇ ਮੈਂਬਰਾਂ ਲਿਸਟ ’ਚ ਉਹਨਾਂ ਦਾ ਜ਼ਿਕਰ ਨਾ ਹੋਣ ਕਰਕੇ ਉਹਨਾਂ ਬਾਰੇ ਮੈਂ ਪਹਿਲਾਂ ਅਣਜਾਣ ਸੀ। ਉਹਨਾ ਦੇ ਸੰਵਿਧਾਨ ਸਭਾ ਦੀ ਜਾਣਕਾਰੀ ਮੈਨੂੰ ਸਰਦਾਰ ਸੁਚੇਤ ਸਿੰਘ ਔਜਲਾ ਦੇ ਬੇਟੇ ਸ੍ਰ ਜੀ ਐਸ ਔਜਲਾ ਨੇ ਹੀ ਦਿੱਤੀ ਜਿਸ ਕਰਕੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ।
ਹੇਠ ਲਿਖੇ ਸਰਦਾਰ ਰਤਨ ਸਿੰਘ ਲੋਹਗੜ, ਸਰਦਾਰ ਹਰਨਾਮ ਸਿੰਘ, ਸਰਦਾਰ ਉੱਜਲ ਸਿੰਘ ਦੇ ਮੈਂਬਰ ਹੋਣ ਬਾਰੇ ਹੋਰ ਖੋਜ ਦੀ ਲੋੜ ਕਿਓਂ।

8.  ਸਰਦਾਰ ਰਤਨ ਸਿੰਘ ਲੋਹਗੜ੍ਹ : ਮੋਗਾ ਜਿਲੇ ਦੇ ਕਸਬਾ ਧਰਮਕੋਟ ਨੇੜੇ ਪੈਂਦੇ ਪਿੰਡ ਲੋਹਗੜ ਦੇ ਵਸਨੀਕ ਸਰਦਾਰ ਰਤਨ ਸਿੰਘ ਸਮਰਾ (ਲੋਹਗੜ)  ਵੀ ਜੁਲਾਈ 1946 ਨੂੰ ਹੋਈ ਸੰਵਿਧਾਨ ਸਭਾ ਦੀ ਚੋਣ ਵਿੱਚ ਬਤੌਰ ਸਿੱਖ ਮੈਂਬਰ ਚੁਣੇ ਗਏ। ਉਹ ਜਨਵਰੀ 1946 ਨੂੰ ਪੰਜਾਬ ਵਿਧਾਨ ਸਭਾ ਦੀ ਹੋਈ ਚੋਣ ਵਿੱਚ ਸਿੱਖਾਂ ਲਈ ਰਿਜ਼ਰਵ ਹਲਕੇ ਫਿਰੋਜਪੁਰ (ਉੱਤਰੀ) ਤੋਂ ਚੋਣ ਜਿੱਤ ਕੇ ਐਮ.ਐਲ.ਏ ਬਣੇ। ਇਹ ਰਤਨ ਸਿੰਘ, ਮੋਗਾ ਜਿਲ੍ਹੇ ਦੇ ਹਲਕਾ ਧਰਮਕੋਟ ਤੋਂ 2017 ਦੀ ਚੋਣ ’ਚ ਐਮ.ਐਲ.ਏ ਬਣੇ ਸਰਦਾਰ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਤਾਇਆ ਜੀ ਸਨ। ਇੱਥੇ ਹੋਰ ਕਲੀਅਰ ਕੀਤਾ ਜਾਂਦਾ ਹੈ ਕਿ 1946 ਵਾਲੀ ਇਲੈਕਸ਼ਨ ਚ ਫ਼ਿਰੋਜ਼ਪੁਰ ਜਿਲੇ ਤੋਂ ਇੱਕ ਹੋਰ ਰਤਨ ਸਿੰਘ ਵੀ ਐਮ.ਐਲ.ਏ ਬਣੇ ਸੀ, ਉਹਨਾਂ ਦੀ ਸੀਟ ਫ਼ਿਰੋਜ਼ਪੁਰ (ਪੂਰਬੀ) ਸੀ ਜੀਹਦੇ ’ਚ ਮੋਗਾ ਤਹਿਸੀਲ ਦਾ ਇਲਾਕਾ ਪੈਂਦਾ ਸੀ ਜਦਕਿ ਫ਼ਿਰੋਜ਼ਪੁਰ (ਉੱਤਰੀ) ਜ਼ੀਰਾ ਤਹਿਸੀਲ ਪੈਂਦੀ ਸੀ। ਲੋਹਗੜ ਸਾਹਿਬ ਦਾ ਜਨਮ 12 ਮਾਰਚ 1907 ਦਾ ਅਤੇ ਫੌਤਗੀ 15 ਅਪਰੈਲ 1994 ਦੀ ਹੈ। ਸ੍ਰ.ਰਤਨ ਸਿੰਘ ਦੀ ਇਹ ਫ਼ੋਟੋ ਉਹਨਾਂ ਦੇ ਕਨੇਡਾ ਰਹਿੰਦੇ ਬੇਟੇ ਸ੍ਰ ਰਣਦੀਪ ਸਿੰਘ ਤੋਂ ਹਾਸਿਲ ਹੋਈ ਹੈ। ਵਿਕੀਪੀਡੀਆ ਵੱਲੋਂ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਲਿਸਟ ਵਿੱਚ ਸ੍ਰ ਰਤਨ ਸਿੰਘ ਨਾਂਅ ਸ਼ਾਮਿਲ ਹੈ।ਪਰ ਸ੍ਰ ਜੀ ਐਸ ਔਜਲਾ ਨੇ ਮੈਂਬਰਾਂ ਦੀ ਜੇਹੜੀ ਪਰਿੰਟਿਡ ਲਿਸਟ ਮੈਨੂੰ ਭੇਜੀ ਹੈ ਉਹਦੇ ਚ ਸ੍ਰ ਰਤਨ ਸਿੰਘ ਦਾ ਨਾਂਅ ਨਹੀਂ ਹੈ। ਇਸ ਲਿਸਟ ਤੇ ਨਵੰਬਰ 1949 ਛਪਿਆ ਹੋਇਆ ਹੈ। ਇਸ ਲਿਸਟ ਚ ਉਨ੍ਹਾਂ ਨਾਂਅ ਹੋਣਾ ਤੇ ਦੂਜੀ ਚ ਨਾ ਹੋਣਾ ਇਹ ਹੋਰ ਪੜਤਾਲ ਮੰਗਦਾ ਹੈ।

9. ਸਰਦਾਰ ਉੱਜਲ ਸਿੰਘ : 23 ਦਸੰਬਰ 1895 ਨੂੰ ਸ਼ਾਹਪੁਰ (ਪਾਕਿਸਤਾਨ) ਜਿਲੇ ਦੇ ਪਿੰਡ ਹਦਾਲ ਚ ਜਨਮੇ ਉੱਜਲ ਸਿੰਘ 1926 ਤੋਂ ਲੈ ਕੇ ਲਗਾਤਾਰ 30 ਸਾਲ 1956 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। ਲੰਡਨ ਚ ਹੋਈਆਂ ਦੋਵੇਂ ਗੋਲ ਮੇਜ਼ ਕਾਨਫਰੰਸਾਂ ਚ ਸਿੱਖਾਂ ਦੀ ਨੁਮਾਇੰਦਗੀ ਕੀਤੀ। ਤਾਮਿਲਨਾਡੂ ਦੇ ਗਵਰਨਰ ਵੀ ਰਹੇ।ਨਾ ਹੀ ਵਿਕੀਪੀਡੀਆ ਤੇ ਨਾ ਹੀ ਸੰਵਿਧਾਨ ਸਭਾ ਦੀ ਪਰਿੰਟਿਡ ਲਿਸਟ ਚ ਉਨ੍ਹਾਂ ਦਾ ਨਾਂਅ ਛਪਿਆ ਹੈ ਪਰ ਸੰਵਿਧਾਨ ਸਭਾ ਦੀ 10 ਤੇ 11 ਦਸੰਬਰ 1946 ਦੀ ਕਾਰਵਾਈ (ਪਰੋਸੀਡਿੰਗਜ਼) ਚ ਉਹਨਾਂ ਵੱਲੋਂ ਕਹੀਆਂ ਗੱਲਾਂ ਦਾ ਜ਼ਿਕਰ ਹੈ। 11 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ 11 ਮੈਂਬਰੀ ਸਟੀਰਿੰਗ ਕਮੇਟੀ ਦੀ ਹੋਈ ਚੋਣ ਚ ਅਬਦੁਲ ਕਲਾਮ ਅਜ਼ਾਦ ਤੇ ਵੱਲਬ ਭਾਈ ਪਟੇਲ ਤੋਂ ਮਗਰੋਂ ਤੀਜੇ ਨੰਬਰ ਸਰਦਾਰ ਉੱਜਲ ਸਿੰਘ ਦਾ ਨਾਂਅ ਦਰਜ ਹੈ।ਕਾਰਵਾਈ ਚ ਉਹਨਾਂ ਦੇ ਨਾਂਅ ਨਾਲ ਬਰੈਕਟ ਚ (ਪੰਜਾਬ : ਸਿੱਖ ) ਛਪਿਆ ਹੋਇਆ ਹੈ ਜੀਹਦਾ ਮਤਲਬ ਇਹ ਹੈ ਕਿ ਇਹ ਮੈਂਬਰ ਪੰਜਾਬ ਤੋਂ ਹੈ ਜੋ ਸਿੱਖਾਂ ਲਈ ਰਿਜ਼ਰਵ ਸੀਟਾਂ ਚੋਂ ਮੈਂਬਰ ਬਣਿਆ ਹੈ।

10.  ਸਰਦਾਰ ਹਰਨਾਮ ਸਿੰਘ : ਸਰਦਾਰ ਹਰਨਾਮ ਸਿੰਘ ਜੀ ਦੇ ਹੋਰ ਵੇਰਵੇ ਲੱਭ ਨਹੀਂ ਰਹੇ ਤੇ ਨਾ ਹੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਕਿਸੇ ਲਿਸਟ ਚ ਉਨ੍ਹਾਂ ਦਾ ਨਾਂਅ ਸ਼ਾਮਿਲ ਹੈ ਪਰ ਲੋਕ ਸਭਾ ਸੈਕਟਰੀਏਟ ਵੱਲੋਂ “ਕੰਸਟੀਚੁਐਂਟ ਅਸੈਂਬਲੀ ਡੀਬੇਟਸ” ਦੇ ਨਾਮ ਹੇਠ ਛਪੀ ਆਫੀਸ਼ੀਅਲ ਰਿਪੋਰਟ ਵਾਲਿਉਮ-1 ਦੇ 2014 ਚ ਛਪੇ 6 ਵੇਂ ਰੀਪਰਿੰਟ ਚ ਸਰਦਾਰ ਹਰਨਾਮ ਸਿੰਘ ਤੇ ਸਰਦਾਰ ਉੱਜਲ ਸਿੰਘ ਦਾ ਨਾਂਅ ਬੋਲਦਾ ਹੈ। ਇਹਦੇ ਚ 10 ਤੇ 11 ਦਸੰਬਰ 1946 ਦੀ ਕਾਰਵਾਈ (ਪਰੋਸੀਡਿੰਗਜ਼) ਚ ਸਰਦਾਰ ਹਰਨਾਮ ਸਿੰਘ ਵੱਲੋਂ ਬਤੌਰ ਮੈਂਬਰ ਕੀਤੀਆਂ ਤਕਰੀਰਾਂ ਦਰਜ ਹਨ। ਸਰਦਾਰ ਹਰਨਾਮ ਸਿੰਘ ਨੂੰ ਵੀ (ਪੰਜਾਬ : ਸਿੱਖ) ਲਿਖਿਆ ਹੋਇਆ ਹੈ ਲੋਕ ਸਭਾ ਵੱਲੋਂ ਜਾਰੀ ਕੀਤੇ ਇਸ ਦਸਤਾਵੇਜ਼ ਚ। ਸਰਦਾਰ ਉੱਜਲ ਸਿੰਘ ਅਤੇ ਸਰਦਾਰ ਹਰਨਾਮ ਸਿੰਘ ਦੇ ਨਾਂਅ ਸੰਵਿਧਾਨ ਸਭਾ ਦੀ ਪਰੋਸੀਡਿੰਗਜ਼ ਚ ਆਉਣ ਬਾਅਦ 1949 ਚ ਜਾਰੀ ਮੈਂਬਰਾਂ ਦੀ ਜਾਰੀ ਲਿਸਟ ਚੋਂ ਕਿਵੇਂ ਗਾਇਬ ਹੋਏ ਇਹ ਹੋਰ ਖੋਜ ਦਾ ਵਿਸ਼ਾ।ਜਾਣਕਾਰ ਸੱਜਣਾਂ ਨੂੰ ਇਸ ਤੇ ਚਾਨਣਾ ਪਾਉਣਾ ਚਾਹੀਦਾ ਹੈ। ਇਹ ਘੁੰਡੀ 1946 ਚ ਚੁਣੀ ਗਈ ਸੰਵਿਧਾਨ ਸਭਾ ਚ ਚੁਣੇ ਗਏ ਮੈਂਬਰਾਂ ਦੀ ਲਿਸਟ ਦੇਖ ਕੇ ਖੁੱਲ ਸਕਦੀ ਹੈ,ਪਰ ਇਹ ਲਿਸਟ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੈਨੂੰ ਲੱਭ ਨਹੀਂ ਕੀ ਭਾਰਤੀ ਸੰਵਿਧਾਨ ਨੂੰ ਸਿੱਖ ਨੁਮਾਇੰਦਿਆਂ ਨੇ ਮਨਜੂਰੀ ਦਿੱਤੀ ? 

ਇਹ ਗੱਲ ਆਮ ਸੁਣਨ ਵਿੱਚ ਆਉਂਦੀ ਹੈ ਕਿ ਸੰਵਿਧਾਨ ਸਭਾ ਵਿੱਚ ਸਿੱਖ ਨੁਮਾਇੰਦਿਆਂ ਨੇ ਸੰਵਿਧਾਨ ਤੇ ਇਤਰਾਜ ਕਰਦਿਆਂ ਇਸਨੂੰ  ਮਨਜ਼ੂਰੀ ਦੇਣ ਵਾਲੇ ਮਤੇ ਤੇ ਦਸਤਖਤ ਨਹੀਂ ਕੀਤੇ।ਪਰ ਅਸਲੀਅਤ ਇਹ ਹੈ ਕਿ ਸਿਰਫ ਦੋ ਸਿੱਖ ਮੈਂਬਰਾਂ ਨੂੰ ਛੱਡ ਕੇ ਬਾਕੀ ਪੰਜਾਂ ਨੇ ਸੰਵਿਧਾਨ ਨੂੰ ਮਨਜੂਰੀ ਦੇਣ ਵਾਲੇ ਮਤੇ ਤੇ ਦਸਤਖਤ ਕੀਤੇ। (ਅਗਰ 1949 ਨੂੰ ਜਾਰੀ ਹੋਈ ਲਿਸਟ ਚ ਸਿੱਖ ਮੈਂਬਰਾਂ ਦੀ ਗਿਣਤੀ 7 ਵੀ ਮੰਨ ਲਈ ਜਾਵੇ) । ਦਸਤਖਤ ਨਾ ਕਰਨ ਵਾਲਿਆਂ ਵਿੱਚ ਸਰਦਾਰ ਹੁਕਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਮਾਨ ਸ਼ਾਮਲ ਸਨ। ਇਹ ਦੋ ਜਾਣਿਆਂ ਨੂੰ ਇਹ ਇਤਰਾਜ ਕੀਤਾ ਕਿ ਇਹ ਸੰਵਿਧਾਨ ਸਿੱਖਾਂ ਦੀ ਤਸੱਲੀ ਨਹੀਂ ਕਰਾਉਂਦਾ। ਉਹ ਸਰਕਾਰੀ ਨੌਕਰੀਆਂ ਅਤੇ ਸੰਵਿਧਾਨਕ ਅਹੁਦਿਆਂ ਤੇ ਸਿੱਖਾਂ ਖਾਤਰ ਰਿਜਰਵੇਸ਼ਨ ਦੀ ਮੰਗ ਕਰਦੇ ਰਹੇ ਪਰ ਬਹੁਮੱਤ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਸੰਵਿਧਾਨ ਸਭਾ ਦੀ ਘੱਟ ਗਿਣਤੀਆਂ ਦੇ ਅਖਤਿਆਰਾਂ ਲਈ ਬਣੀ ਸਭ ਕਮੇਟੀ ਦੇ ਚੇਅਰਮੈਨ ਅਤੇ ਭਾਰਤ ਦੇ ਪਹਿਲੇ ਹੋਮ ਮਨੀਸਟਰ ਸ੍ਰੀ ਵੱਲਬ ਭਾਈ ਪਟੇਲ ਸਨ।ਸਿੱਖ ਨੁਮਾਇੰਦਿਆਂ ਨੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਲਈ ਅੰਗਰੇਜ਼ਾਂ ਵੇਲੇ ਤੋਂ ਚੱਲ ਰਹੀ ਵੱਖਰੇ ਚੋਣ ਹਲਕਿਆਂ ਦੀ ਰਿਜਰਵੇਸ਼ਨ ਦਾ ਵਿਰੋਧ ਕੀਤਾ।ਹਾਲਾਂਕਿ ਪਟੇਲ ਹੋਰੀ ਤਾਂ ਖੁਦ ਹੀ ਵੱਖਰੇ ਚੋਣ ਹਲਕਿਆਂ ਦੇ ਹਾਮੀ ਨਹੀਂ ਸਨ ਪਰ ਸਿੱਖਾਂ ਵੱਲੋਂ ਵੱਖਰੇ ਚੋਣ ਹਲਕੇ ਖਤਮ ਕਰਨ ਦੀ ਮੰਗ ਨੇ ਉਹਨਾਂ ਦਾ ਰਾਹ ਹੋਰ ਸੁਖਾਲਾ ਕਰ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਸਰਦਾਰ ਹੁਕਮ ਸਿੰਘ ਨੇ ਮਿੰਟਗੁਮਰੀ ਵਿੱਚ ਸਾਇਮਨ ਕਮਿਸ਼ਨ ਦੇ ਖਿਲਾਫ ਮੁਜਾਹਰਾ ਵੀ ਕੀਤਾ ਸੀ। ਸਾਇਮਨ ਕਮਿਸ਼ਨ ਇਹ ਪਤਾ ਕਰਨ ਆਇਆ ਸੀ ਕਿ ਭਾਰਤ ਦਾ ਆਉਣ ਵਾਲਾ ਸੰਵਿਧਾਨ ਕਿਹੋ ਜਿਹਾ ਹੋਵੇ। ਲਾਲਾ ਲਾਜਪਤ ਰਾਏ ਅਤੇ ਹੋਰ ਕਾਂਗਰਸੀ ਸਾਇਮਨ ਕਮਿਸ਼ਨ ਦੇ ਇਸ ਗੱਲੋਂ ਖਿਲਾਫ ਸਨ ਕਿ ਅੰਗਰੇਜ਼ ਚੁੱਪ-ਚਾਪ ਭਾਰਤ ਛੱਡ ਕੇ ਚਲੇ ਜਾਣ ਅਸੀਂ ਆਪਦਾ ਸੰਵਿਧਾਨ ਜਿਵੇਂ ਮਰਜੀ ਬਣਾਈਏ। ਜਦੋਂ ਆਪਦਾ ਸੰਵਿਧਾਨ ਆਪੇ ਬਣਾਉਣ ਦਾ ਵੇਲਾ ਆਇਆ ਤਾਂ ਹੁਕਮ ਸਿੰਘ ਹੁਣਾ ਦੀ ਕੋਈ ਗੱਲ ਨਾ ਮੰਨੀ ਗਈ। ਹੋ ਸਕਦਾ ਹੈ ਕਿ ਸਰਦਾਰ ਹੁਕਮ ਸਿੰਘ ਨੂੰ ਸਾਇਮਨ ਕਮਿਸ਼ਨ ਦੀ ਮੁਖਾਲਫਤ ਦਾ ਉਦੋਂ ਪਛਤਾਵਾ ਆਇਆ ਹੋਵੇ। ਸੰਵਿਧਾਨ ਦੀ ਧਾਰਾ 25 ਬੀ ਜਿਸ ਵਿੱਚ ਸਿੱਖਾਂ ਦੀ ਇੱਕ ਵੱਖਰੇ ਧਰਮ ਵਜੋਂ ਹਸਤੀ ਖਤਮ ਕੀਤੀ ਗਈ ਹੈ, ਇਸ ਧਾਰਾ ਤੇ ਹੋਈ ਬਹਿਸ ਨੂੰ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਸਿੱਖ ਨੁਮਾਇੰਦਿਆਂ ਨੇ ਇਸ 25 ਬੀ ਤੇ ਕੋਈ ਉੁਜਰ ਵੀ ਨਹੀਂ ਕੀਤਾ।ਦਸੰਬਰ 1947 ਦੀ ਗੱਲ ਹੈ , ਚਮਕੌਰ ਸਾਹਿਬ ਵਿੱਚ ਵੱਡੇ ਸਾਹਿਬਜ਼ਾਦਿਆਂ  ਦੀ ਯਾਦ ਚ ਚਲ ਰਹੀ ਸ਼ਹੀਦੀ ਸਭਾ ਮੌਕੇ ਡਿਫੈਂਸ ਮਨਿਸਟਰ ਸਰਦਾਰ ਬਲਦੇਵ ਸਿੰਘ ਤਕਰੀਰ ਕਰ ਰਹੇ ਸਨ ।ਦੌਰਨ ਏ ਤਕਰੀਰ ਕੁਝ ਸਿੱਖਾਂ ਨੇ ਖੜੇ ਹੋ ਉਂਨਾਂ ਤੇ ਇਹ ਸਵਾਲ ਕੀਤਾ ਕਿ ਹੁਣ ਮੁਲਕ ਦਾ ਸੰਵਿਧਾਨ ਬਣ ਰਿਹਾ ਤੇ ਇਹਦੇ ਸਿੱਖ ਹੱਕਾਂ ਦੀ ਜਾਮਨੀ ਵਾਸਤੇ ਤੁਸੀਂ ਕੀ ਕਰ ਰਹੇ ਹੋਂ , ਇਸ ਦੇ ਜਵਾਬ ਵਿੱਚ ਸਰਦਾਰ ਬਲਦੇਵ ਸਿੰਘ ਨੇ ਸਵਾਲ ਕਰਨ ਵਾਲਿਆਂ  ਨੂੰ ਮਖਾਤਿਬ ਹੁੰਦਿਆਂ ਆਖਿਆ ਕਿ ਭਾਰਤ ਨੇ ਜਦੋਂ ਇੱਕ ਸਿੱਖ ਨੂੰ ਦੇਸ਼ ਦਾ ਡਿਫੈਂਸ ਮਨਿਸਟਰ ਹੀ ਬਣਾ ਦਿੱਤਾ ਹੈ ਤਾਂ ਸਿੱਖ ਇਹਤੋਂ  ਵੱਧ ਹੋਰ ਕੀ ਭਾਲ਼ਦੇ ਹਨ ?

ਪਟੇਲ ਨੇ ਸਿੱਖ ਮੈਂਬਰਾਂ ਹੁਕਮ ਚਾੜ੍ਹਿਆ : ਸੰਵਿਧਾਨ ਤੇ ਦਸਖ਼ਤ ਕਰੋ
ਭਾਰਤੀ ਸੰਵਿਧਾਨ ਨੂੰ ਮਨਜ਼ੂਰ ਕਰਨ ਵਾਲੇ ਮਤੇ ਤੇ 5 ਮੈਂਬਰਾਂ ਨੇ ਦਸਖ਼ਤ ਕਰ ਦਿੱਤੇ ਸਨ ਪਰ ਦੋ ਸਿੱਖ ਮੈਂਬਰ ਸਰਦਾਰ ਹੁਕਮ ਸਿੰਘ ਅਤੇ ਸਰਦਾਰ ਭੁਪਿੰਦਰ ਸਿੰਘ ਮਾਨ ਦਸਖ਼ਤ ਕਰਨੋ ਇਨਕਾਰੀ ਸਨ।ਭਾਵੇਂ ਇਸ ਨਾਲ ਸੰਵਿਧਾਨ ਪਾਸ ਹੋਣੋਂ ਨਹੀਂ ਸੀ ਰੁਕਣਾ ਪਰ ਸਾਰੇ ਸਿੱਖ ਨੁਮਾਇੰਦਿਆਂ ਵੱਲੋਂ ਇਸਨੂੰ ਸਹਿਮਤੀ ਨਾ ਦੇਣਾ ਇਸ ਮਾਇਨੇਖੇਜ ਸੀ ਕਿ ਭਵਿੱਖ ਵਿੱਚ ਇਹਦਾ ਹਵਾਲਾ ਦੇ ਸਕਣਗੇ ਜੋ ਉਹ ਅੱਜ ਤੱਕ ਵੀ ਦਿੰਦੇ ਆਏ ਨੇ।1982 ਤੋਂ 1984 ਤੱਕ ਸਿੱਖ ਆਗੂ ਲਗਭਗ ਹਰੇਕ ਸਟੇਜ ਤੇ ਇਹ ਕਹਿ ਕੇ ਉਲਾਂਭਾ ਦਿੰਦੇ ਰਹੇ ਕਿ ਸਿੱਖਾਂ ਨੂੰ ਸੰਵਿਧਾਨ ਤੇ ਮੁੱਢ ਤੋਂ ਹੀ ਇਤਰਾਜ਼ ਰਿਹਾ ਹੈ ਜੀਹਦਾ ਸਬੂਤ ਸਿੱਖ ਨੁਮਾਇੰਦਿਆਂ ਨੇ ਸੰਵਿਧਾਨ ਤੇ ਦਸਖ਼ਤ ਨਹੀਂ ਕੀਤੇ।ਉਸ ਵੇਲੇ ਦੇ ਹੋਮ ਮਨਿਸਟਰ ਅਤੇ ਉੱਪ ਪ੍ਰਧਾਨ ਮੰਤਰੀ ਬੱਲਭ ਭਾਈ ਪਟੇਲ ਇਸ ਵਜਾਹ ਕਰਕੇ ਹੀ ਸਿੱਖ ਮੈਂਬਰਾਂ ਸਰਬ ਸੰਮਤੀ ਲੈਣਾ ਜਰੂਰੀ ਸਮਝਦੇ ਸੀ । 

ਸਰਦਾਰ ਭੁਪਿੰਦਰ ਸਿੰਘ ਮਾਨ ਦੇ ਬੇਟੇ ਰਿਟਾਇਰਡ ਲੈਫ਼ਟੀਨੈਂਟ ਜਨਰਲ ਸਰਦਾਰ ਹਿੰਦ ਰਵੀ ਸਿੰਘ ਮਾਨ ਨੇ ਮੈਨੂੰ ਦੱਸਿਆ ਕਿ ਉਦੋਂ ਮੇਰੇ ਪਿਤਾ ਜੀ ਨੂੰ ਨਵੀਂ ਦਿੱਲੀ ਦੇ ਫਿਰੋਜਸ਼ਾਹ ਰੋਡ ਤੇ 30-ਡੀ ਨੰਬਰ ਕੋਠੀ ਅਲਾਟ ਹੋਈ ਸੀ ਤੇ ਸਾਡੇ ਪਰਿਵਾਰ ਦੀ ਰਿਹਾਇਸ਼ ਇੱਥੇ ਹੀ ਸੀ।ਉਹ ਦੱਸਦੇ ਹਨ ਇੱਕ ਦਿਨ ਸਾਡੀ ਇਸੇ ਰਿਹਾਇਸ਼ ਤੇ ਗਿਆਨੀ ਕਰਤਾਰ ਸਿੰਘ ਅਤੇ ਪਰਬੋਧ ਚੰਦਰ ਵਗੈਰਾ ਮੇਰੇ ਪਿਤਾ ਸਰਦਾਰ ਭੁਪਿੰਦਰ ਸਿੰਘ ਮਾਨ ਕੋਲ ਆ ਕੇ ਆਖਣ ਲੱਗੇ ਕਿ ਸਰਦਾਰ ਪਟੇਲ ਸਾਹਿਬ ਦਾ ਹੁਕਮ ਹੈ ਕਿ ਤੁਸੀਂ ਸੰਵਿਧਾਨ ਤੇ ਦਸਖ਼ਤ ਕਰੋ । ਉਨ੍ਹਾਂ ਇਹ ਵੀ ਕਿਹਾ ਕਿ ਸਰਦਾਰ ਹੁਕਮ ਸਿੰਘ ਤਾਂ ਦਸਖ਼ਤ ਕਰਨ ਲਈ ਮੰਨ ਗਏ ਹਨ ਸੋ ਤੁਸੀਂ ਵੀ ਮੰਨ ਜਾਓ।ਸਰਦਾਰ ਮਾਨ ਨੇ ਗਿਆਨੀ ਕਰਤਾਰ ਨੂੰ ਜਵਾਬ ਦਿੱਤਾ ਕਿ ਜਾਹ ਕਹਿ ਦਿਓ ਪਟੇਲ ਨੂੰ ਕਿ ਮਾਨ ਨਹੀਂ ਮੰਨਦਾ।ਉਸ ਵਕਤ ਸਰਦਾਰ ਪਟੇਲ ਦਾ ਇੰਨਾਂ ਦਬਕਾ ਸੀ ਉਸਦੀ ਇੱਕ ਘੁਰਕੀ ਨਾਲ ਰਾਜੇ ਮਹਾਂਰਾਜੇ ਆਪਣੀਆਂ ਰਿਆਸਤਾਂ ਛੱਡਣ ਚ ਦੇਰ ਨਹੀਂ ਸੀ ਕਰਦੇ। ਪੰਥ ਦਾ ਦਿਮਾਗ ਕਹੀ ਜਾਂਦੀ ਹਸਤੀ ਗਿਆਨੀ ਕਰਤਾਰ ਸਿੰਘ ਦੇ ਰਾਹੀਂ ਆਏ ਪਟੇਲ ਦੇ ਹੁਕਮ ਦੀ ਅਦੂਲੀ ਕਰਨੀ ਇੱਕ ਕੋਈ ਮਾੜੀ ਮੋਟੀ ਗੱਲ ਨਹੀਂ ਸੀ।

ਸੰਵਿਧਾਨ ਸਭਾ ਦੇ ਕੁੱਲ 299 ਮੈਂਬਰਾਂ ਚੋਂ ਸਿਰਫ 284 ਨੇ ਹੀ ਸੰਵਿਧਾਨ ਤੇ ਦਸਖ਼ਤ ਕੀਤੇ। 24 ਜਨਵਰੀ 1950 ਨੂੰ ਸੰਵਿਧਾਨ ਤੇ ਦਸਖ਼ਤ ਕਰਨ ਦੀ ਕਾਰਵਾਈ ਹੋਈ। ਸੰਵਿਧਾਨ ਤੇ 5 ਸਿੱਖ ਮੈਂਬਰਾਂ ਬਲਦੇਵ ਸਿੰਘ, ਗੁਰਮੁਖ ਸਿੰਘ ਮੁਸਾਫਿਰ, ਰਣਜੀਤ ਸਿੰਘ, ਸੁਚੇਤ ਸਿੰਘ ਔਜਲਾ ਤੇ ਜੋਗਿੰਦਰਾ ਸਿੰਘ ਦੇ ਦਸਖ਼ਤ ਬਹੁਤ ਸਪਸ਼ਟ ਪੜੇ ਜਾ ਸਕਦੇ ਹਨ।

ਗੁਰਪ੍ਰੀਤ ਸਿੰਘ ਮੰਡਿਆਣੀ

8872664000

 

Add new comment