ਗ਼ਰੀਬੀ ਦੀ ਲਾਹਨਤ

ਏਨਾ ਘੱਟ ਨਾ ਦਈਂ

ਕਿ ਰੁਲ ਜਾਵਾਂ ਮੈਂ,

ਏਨਾ ਜ਼ਿਆਦਾ ਵੀ ਨਾ ਦਈਂ

ਕਿ ਤੈਨੂੰ ਭੁੱਲ ਜਾਵਾਂ ਮੈਂ।

ਭਾਰਤ ਨੇ ਆਜਾਦੀ ਤੋਂ ਬਾਅਦ ਬਹੁਤ ਉਨਤੀ ਕੀਤੀ ਹੈ। ਭਾਰਤ ਨੇ ਖੌਰੂ ਪਾਉਂਦੇ ਦਰਿਆਵਾਂ ਦੇ ਤਬਾਹੀ ਮਚਾਉਂਦੇ ਹੋਏ ਫਾਲਤੂ ਪਾਣੀ ’ਤੇ ਡੈਮ ਬਣਾ ਕੇ ਬਿਜਲੀ ਪੈਦਾ ਕੀਤੀ ਹੈ ਜਿਸ ਨਾਲ ਸਾਡੇ ਹਨੇਰੇ ਘਰ ਰੌਸ਼ਨ ਹੋਏ ਹਨ। ਇਸ ਬਿਜਲੀ ਨਾਲ ਦੇਸ਼ ਦੇ ਵੱਡੇ-ਵੱਡੇ ਕਾਰਖਾਨੇ ਚੱਲਦੇ ਹਨ ਜਿਸ ਨਾਲ ਦੇਸ਼ ਵਿਕਾਸ ਦੀ ਲੀਹ ਤੇ ਪਿਆ ਹੈ। ਇਸ ਪਾਣੀ ਨੂੰ ਕਾਬੂ ਕਰਕੇ ਨਹਿਰਾਂ ਕੱਢੀਆਂ ਗਈਆਂ ਹਨ ਜੋ ਸਾਡੀ ਅਤੇ ਧਰਤੀ ਦੀ ਪਿਆਸ ਬੁਝਾਉਂਦੀਆਂ ਹਨ। ਜਿਹੜਾ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਕੇ ਦਾਣੇ-ਦਾਣੇ ਦਾ ਮੁਥਾਜ ਸੀ, ਉਸ ਕੋਲ ਅੱਜ ਅੰਨ ਦੇ ਭੰਡਾਰ ਭਰੇ ਪਏ ਹਨ। ਆਮ ਲੋਕਾਂ ਦਾ ਜੀਵਨ ਸੱਤਰ ਉੱਚਾ ਹੋਇਆ ਹੈ। ਜਿਹੜਏ ਲੋਕਾਂ ਨੂੰ ਕਦੀ ਸਾਇਕਲ ਵੀ ਨਸੀਬ ਨਹੀਂ ਸੀ ਉਨ੍ਹਾਂ ਦੀਆਂ ਕੋਠੀਆਂ ਅੱਗੇ ਕਾਰਾਂ ਖੜ੍ਹੀਆਂ ਹਨ। ਸਾਡੇ ਮੰਤਰੀ ਨਿੱਤ ਹਵਾਈ ਜਹਾਜਾਂ ਵਿੱਚ ਵਿਦੇਸ਼ਾਂ ਦੀ ਸੈਰ ਲਈ ਤੁਰੇ ਰਹਿੰਦੇ ਹਨ। ਭਾਰਤ ਨਿੱਤ ਨਵੀਆਂ ਨਵੀਆਂ ਮਿਜਾਈਲਾਂ ਦੀ ਪਰਖ ਕਰ ਰਿਹਾ ਹੈ। ਹੁਣ ਉਹ ਚੰਨ ਤੇ ਆਪਣੇ ਰਾਕਟ ਭੇਜ ਰਿਹਾ ਹੈ ਅਤੇ ਮੰਗਲ ਗ੍ਰਹਿ ਤੇ ਕਦਮ ਰੱਖਣ ਦੀ ਵੀ ਤਿਆਰੀ ਕਰ ਰਿਹਾ ਹੈ। ਹੋਰ ਤਾਂ ਹੋਰ ਸਾਡੇ ਪ੍ਰਧਾਨ ਮੰਤਰੀ ਦੂਸਰੇ ਦੇਸ਼ਾਂ ਦੇ ਪ੍ਰਧਾਨਾਂ ਦਾ ਜਦ ਸੁਆਗਤ ਕਰਦਾ ਹੈ ਤਾਂ ਉਹ ਸੋਨੇ ਦੀਆਂ ਤਾਰਾਂ ਵਾਲਾ ਗਰਮ ਸੂਟ ਪਾ ਕੇ ਸ਼ਾਹਾਨਾ ਅੰਦਾਜ਼ ਵਿੱਚ ਉਸ ਨੂੰ ਮਿਲਦਾ ਹੈ(ਬਾਰਕ ਓਬਾਮਾ ਦੀ 2015 ਵਿੱਚ ਭਾਰਤ ਫੇਰੀ)। ਇਹ ਹੈ ਭਾਰਤ ਦੀ ਉੱਨਤੀ। ਅੱਜ ਕੋਈ ਮੁਲਕ ਭਾਰਤ ਦੀ ਵਧਦੀ ਹੋਈ ਫੌਜੀ ਸ਼ਕਤੀ ਕਾਰਨ ਸਾਡੇ ਨਾਲ ਅੱਖ ਮਿਲਾਉਣ ਦੀ ਜੁੱਰਅਤ ਨਹੀਂ ਕਰ ਸਕਦਾ। ਜਲਦੀ ਹੀ ਭਾਰਤ ਦੁਨੀਆਂ ਵਿੱਚ ਇੱਕ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ। ਜੇ ਅਸੀਂ ਸੱਚੇ ਦਿਲੋਂ ਸੋਚੀਏ ਤਾਂ ਮਨ ਵਿੱਚ ਸੁਆਲ ਪੈਦਾ ਹੁੰਦਾ ਹੈ ਕਿ ਕੀ ਸੱਚ ਮੁੱਚ ਹੀ ਭਾਰਤ ਨੇ ਇਤਨੀ ਉਨਤੀ ਕਰ ਲਈ ਹੈ? ਕੀ ਇਸ ਉਨਤੀ ਵਿੱਚ ਕੁੱਝ ਭਾਗ ਗ਼ਰੀਬ ਲੋਕਾਂ ਦੇ ਹਿੱਸੇ ਵਿੱਚ ਵੀ ਆਇਆ ਹੈ? ਕੀ ਸੱਚ ਮੁੱਚ ਹੀ ਭਾਰਤ ਨੇ ਗ਼ਰੀਬੀ ਦੀ ਲਾਹਨਤ ਨੂੰ ਖ਼ਤਮ ਕਰ ਦਿਤਾ ਹੈ? ਸੱਚ ਦੀ ਧਰਾਤਲ ਤੇ ਆ ਕੇ ਸਾਨੂੰ ਇਸ ਸਭ ਦਾ ਜੁਆਬ ਨਾਂਹ ਵਿੱਚ ਹੀ ਮਿਲਦਾ ਹੈ। ਕਿਸੇ ਮੁਲਕ ਦੀ ਜੇ ਅਸਲੀ ਖ਼ੁਸ਼ਹਾਲੀ ਦਾ ਮਾਪ ਦੇਖਣਾ ਹੈ ਤਾਂ ਮੁਲਕ ਦੇ ਸਭ ਤੋਂ ਗ਼ਰੀਬ ਦੇ ਰਹਿਣ ਸਹਿਣ ਤੋਂ ਦੇਖੋ। ਫਿਰ ਪਤਾ ਲੱਗੇਗਾ ਕਿ ਦੇਸ਼ ਵਿੱਚ ਕਿੰਨੀ ਖ਼ੁਸ਼ਹਾਲੀ ਹੋਈ ਹੈ। ਜੇ ਅੱਖਾਂ ਖੋਹਲ ਕੇ ਦੇਖੀਏ ਤਾਂ ਸਾਨੂੰ ਬਹੁਤ ਭਿਆਨਕ ਦ੍ਰਿਸ਼ ਨਜ਼ਰ ਆਉਂਦਾ ਹੈ। ਸਵੇਰੇ ਸਵੇਰੇ ਕੂੜੇ ਦੇ ਢੇਰ ਵਿੱਚੋਂ ਅੱਧਨੰਗੇ ਬੱਚੇ ਸਾਨੂੰ ਆਪਣੀ ਰੋਟੀ ਤਲਾਸਦੇ ਨਜ਼ਰ ਆਉਂਦੇ ਹਨ। ਦੇਸ਼ ਵਿੱਚ ਇੱਕ ਵੀ ਬੰਦਾ ਭੁੱਖਾ ਸੁੱਤਾ ਹੋਵੇ ਤਾਂ ਦੇਸ਼ ਦੇ ਹਾਕਮਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਣੀ ਚਾਹੀਦੀ। ਇੱਥਏ ਲੱਖਾਂ ਲੋਕ ਕਹਿਰ ਦੀ ਠੰਡ ਵਿੱਚ ਖੁੱਲ੍ਹੇ ਆਸਮਾਨ ਹੇਠ ਬਿਨਾਂ ਮੰਜੇ ਬਿਸਤਰ ਰਾਤਾਂ ਕੱਟ ਰਹੇ ਹਨ ਅਤੇ ਮਰ ਰਹੇ ਹਨ। ਸਰਕਾਰ ਦਾਆਂ ਅੱਖਾਂ ਨਹੀਂ ਖੁੱਲ਼੍ਹਦੀਆਂ। ਉਹਨਾਂ ਲਈ ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਇੱਥੇ ਸਾਡੇ ਦੇਸ਼ ਵਿੱਚ ਔਰਤ ਕਿੰਨੀ ਕੁ ਸੁਰੱਖਿਅਤ ਹੈ?ਉੱਤਰ ਹੈ ਬਿਲਕੁਲ ਵੀ ਨਹੀਂ। ਰੋਜ਼ ਅਖ਼ਬਾਰਾਂ ਵਿੱਚ ਛੋਟੀਆਂ ਛੋਟੀਆਂ ਬੱਚੀਆਂ ਨਾਲ਼ ਬਲਾਤਕਾਰਾਂ ਦੀਆਂ ਕਈ ਸੁਰਖੀਆਂ ਦੇਖਣ ਨੂੰ ਮਿਲਦੀਆਂ ਹਨ। ਇਹ ਹੈ ਸਾਡੇ ਦੇਸ਼ ਦੀ ਉਨਤੀ ਦੀ ਨੰਗੀ ਤਸਵੀਰ ਜੋ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀ ਹੈ। ਗ਼ਰੀਬ ਬੰਦੇ ਦਾ ਕੋਈ ਦੋਸਤ ਨਹੀਂ ਹੁੰਦਾ। ਲੋਕ ਕੇਵਲ ਧਨ ਨੂੰ ਪਸੰਦ ਕਰਦੇ ਹਨ ਬੰਦੇ ਨੂੰ ਨਹੀਂ। ਅੱਗੇ ਦੇਸ਼ ਦੇ ਰਾਜੇ ਰਾਤ ਨੂੰ ਭੇਸ ਬਦਲ ਕੇ ਰਾਜ ਦਾ ਚੱਕਰ ਲਾਉਂਦੇ ਸਨ ਕਿ ਰਾਜ ਵਿੱਚ ਕੋਈ ਦੁਖੀ ਤਾਂ ਨਹੀਂ?ਰਾਤ ਨੂੰ ਕੋਈ ਬੰਦਾ ਭੁੱਖਾ ਤਾਂ ਨਹੀਂ ਰਹਿ ਗਿਆ? ਰਾਜਾ ਅਕਬਰ, ਬਿਕਰਮਾਦਿੱਤ ਅਤੇ ਮਹਰਾਜਾ ਰਣਜੀਤ ਸਿੰਘ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਜੇ ਕਦੀ ਦੇਸ਼ ਵਿੱਚ ਕਾਲ ਹੈ ਜਾਏ ਤਾਂ ਉਹ ਆਮ ਜਨਤਾ ਲਈ ਆਪਣੇ ਅੰਨ ਦੇ ਭੰਡਾਰੇ ਮੁਫ਼ਤ ਵਿੱਚ ਹੀ ਖ੍ਰੋਹਲ ਦਿੰਦੇ ਸਨ ਤਾਂ ਕਿ ਸਭ ਰੱਜ ਕੇ ਰੋਟੀ ਖਾ ਸਕਣ। ਸਾਡੇ ਦੇਸ਼ ਵਿੱਚ ਇਸ ਸਮੇਂ ਖਾਣ ਪੀਣ ਦੀਆਂ ਵਸਤੂਆਂ ਦੇ ਭਾਅ ਆਸਮਾਨ ਤੇ ਚੜ੍ਰੇਹੇ ਹੋਏ ਹਨ। ਮਹਿੰਗਾਈ ਨੇ ਆਮ ਬੰਦੇ ਦਾ ਬੱਜਟ ਵਿਗਾੜਿਆ ਹੋਇਆ ਹੈ। ਗ਼ਰੀਬੀ ਲਈ ਮੁਸੀਬਤ ਬਣੀ ਹੋਈ ਹੈ। ਪਿਆਜ਼ ਤੋ ਬਿਨਾਂ ਕੋਈ ਸਬਜੀ ਠੀਕ ਨਹੀਂ ਬਣਦੀ। ਗ਼ਰੀਬੀ ਵਿੱਚ ਵੀ ਬੰਦੇ ਪਿਆਜ਼ ਅਤੇ ਅਚਾਰ ਨਾਲ ਰੋਟੀ ਖਾ ਕੇ ਗੁਜਾਰਾ ਕਰ ਲੈਂਦੇ ਹਨ। ਹੁਣ (2019 ਦੇ ਅੰਤ ਵਿੱਚ) ਪਿਆਜ਼ ਕੇਵਲ ਅਮੀਰ ਘਰਾਂ ਦੀ ਸ਼ਾਨ ਬਣ ਕੇ ਹੀ ਰਹਿ ਗਿਆ ਹੈ। ਇਸ ਸਮੇਂ ਪਿਆਜ਼ ਦੀ ਕੀਮਤ ਗ਼ਰੀਬ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਦੇਸ਼ ਨੂੰ ਲੋਕਾਂ ਦੇ ਭਲੇ ਦੀ ਸਰਕਾਰ ਤੌਰ ਤੇ ਸਸਤਾ ਅੰਨ ਮੁਹੱਈਆ ਕਰਾਉਣ ਦੀ ਥਾਂ ਵਜੀਰਾਂ ਦੇ ਬੇਸ਼ਰਮੀ ਵਾਲੇ ਬਿਆਨ ਆ ਰਹੇ ਹਨ । ਗ਼ਰੀਬਾਂ ਦੇ ਭਲੇ ਲਈ ਸਰਕਾਰ ਦੀਆਂ ਸਾਰੀਆਂ ਸਕੀਮਾਂ ਕੇਵਲ ਕਾਗਜੀ ਕਾਰਵਾਈ ਹੀ ਹੈ । ਫੋਕੇ ਨਾਹਰੇ ਹੀ ਹਨ । ਸੰਨ 1970 ਵਿੱਚ ਉਦੋਂ ਦੀ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀ ਮਤੀ ਨਾਲ ਗ਼ਰੀਬੀ ਹਟਾਓ ਦਾ ਨਾਹਰਾ ਲਾਇਆ ਸੀ ਪਰ ਕੁੱਝ ਨਹੀਂ ਬਣਿਆ । ਗ਼ਰੀਬੀ ਉਸੇ ਤਰ੍ਹਾਂ ਹੀ ਹੈ । ਹਾਂ ਕਈ ਗ਼ਰੀਬ ਸਰਕਾਰੀ ਮੱਦਦ ਦੇ ਹੱਥਾਂ ਦੀ ਉਡੀਕ ਕਰਦੇ ਹੋਏ ਇਸ ਜਹਾਨ ਤੋਂ ਜ਼ਰੂਰ ਕੂਚ ਕਰ ਗਏ ਹਨ । ਬੜੀ ਦੂਰ ਹੈ ਅੰਦਲੀ ਰਾਜੇ ਦਾ ਦਰਬਾਰ। ਇਸ ਤੋ ਬਾਅਦ ਨਰਿੰਦਰ ਮੋਦੀ ਨੇ ਕਿਹਾ ਕਿ ਮੇਰੀ ਪਾਰਟੀ ਨੂੰ ਵੋਟ ਦਿਉ। ਤੁਹਾਡੇ ਅੱਛੇ ਦਿਨ ਆ ਜਾਣਗੇ। ਮੈਂ ਸੋ ਦਿਨਾਂ ਵਿੱਚ ਵਿਦੇਸ਼ਾਂ ਤੋਂ ਕਾਲਾ ਧਨ ਮੰਗਾ ਕਿ ਤੁਹਾਡੇ ਖਤਿਆਂ ਵਿੱਚ ਪੰਦਰਾਂ ਪੰਦਰਾਂ ਲੱਖ ਰੁਪਏ ਪਾ ਦਿਆਂਗਾਂ। ਇਹ ਸਭ ਮਿੱਠੀਆਂ ਗੋਲੀਆਂ ਹੀ ਸਾਬਤ ਹੋਈਆਂ। ਜਦ ਉਹ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਨੇ ਨੋਟ ਬੰਦੀ ਕਰ ਕੇ ਅਤੇ ਜੀ ਐਸ ਟੀ ਲਾ ਕੇ ਗ਼ਰੀਬਾਂ ਨੂੰ ਲੁੱਟਿਆ ਅਤੇ ਕੁੱਟਿਆ। ਸੈਂਕੜੇ ਗ਼ਰੀਬ ਬੈਂਕਾਂ ਦੀਆਂ ਲਾਈਨਾਂ ਵਿੱਚ ਖੜ੍ਹੇ ਦਮ ਤੋੜ ਗਏ। ਬਾਕੀ ਬਚੇ ਗ਼ਰੀਬਾਂ ਦੀ ਜਿੰਦਗੀ ਦਮ ਤੋੜ ਗਏ। ਬਾਕੀ ਬਚੇ ਗ਼ਰੀਬਾਂ ਦੀ ਜਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸਾਡੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਲੇਕ ਭਲਾਈ ਦੇ ਕਾਨੂੰਨ ਬਣਾਉਣ ਲਈ ਹਨ ਪਰ ਇੱਥੇ ਸਾਰੇ ਕਾਨੂੰਨ ਕੇਵਲ ਅਮੀਰਾਂ ਦੀ ਭਲਾਈ ਲਈ ਅਤੇ ਗ਼ਰੀਬਾਂ ਨੂੰ ਦਬਾਉਣ ਲਈ ਬਣਾਏ ਜਾਂਦੇ ਹਨ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸੇ ਲਈ ਦੇਸ਼ ਵਿੱਚ ਆਮੀਰ ਹੋਰ ਅਮੀਰ ਅਤੇ ਗ਼ਰੀਬ ਹੋਈ ਜਾ ਰਹੇ ਹਨ। ਇਹ ਸੰਵਿਧਾਨ ਬਣਾਉਣ ਵਾਲੀਆਂ ਸੰਸਥਾਵਾਂ ਦੇ ਮੈਂਬਰ ਲੋਕਾਂ ਦੁਆਰਾ, ਲੋਕਾਂ ਦੇ ਭਲੇ ਅਤੇ ਦੇਸ਼ ਦੇ ਵਿਕਾਸ ਲਈ ਚੁਣੇ ਜਾਂਦੇ ਹਨ। ਪਰ ਇਹ ਕੇਵਲ ਆਪਣਾ ਹੀ ਵਿਕਾਸ ਕਰਦੇ ਹਨ ਦੇਸ਼ ਵਿੱਚ ਕੇਵਲ ਇਹ ਸੰਸਥਾਵਾਂ ਹਨ ਜਿੰਨਾਂ ਦੇ ਮੈਂਬਰਾਂ ਨੂੰ ਆਪਣੀਆਂ ਤਨਖਾਹਾਂ ਅਤੇ ਭੱਤੇ ਵਧਾਉਣ ਦਾ ਖ਼ੁਦ ਕੋਲ ਅਧਿਕਾਰ ਹੈ। ਹਰ ਦੂਜੇ ਤੀਜੇ ਸਾਲ ਇਹ ਆਪ ਹੀ ਮਤਾ ਪਾਸ ਕਰਕੇ ਆਪਣੀਆਂ ਤਨਖਾਹਾਂ ਅਤੇ ਭੱਤੇ ਵਧਾ ਲੈਂਦੇ ਹਨ। ਉੱਥੇ ਵਿਰੋਧੀ ਧਿਰ ਵਾਲੇ ਵੀ ਨਾਲ ਹੀ ਰਲ ਜਾਂਦੇ ਹਨ ਅਤੇ ਸਰਕਾਰੀ ਪੈਸੇ ਨੂੰ ਲੁੱਟਿਆ ਜਾਂਦਾ ਹੈ। ਇਨ੍ਹਾਂ ਲਈ ਕਿਸੇ ਤਨਖ਼ਾਹ ਕਮੀਸ਼ਨ ਦੀ ਕੋਈ ਵਿਵਸਥਾ ਨਹੀਂ। ਇਨ੍ਹਾਂ ਲਈ ਕਿਸੇ ਤਨਖ਼ਾਹਾਂ, ਸਫ਼ਰ ਖ਼ਰਚ, ਮਕਾਨ ਭੱਤਾ, ਟੈਲੀਫੋਨ ਦੇ ਬਿੱਲ, ਹਵਾਈ ਸਫਰ ਅਤੇ ਵਿਦੇਸ਼ੀ ਇਲਾਜ ਦੇ ਬਿੱਲ ਸਭ ਜਨਤਾ ਦੀ ਖ਼ੂਨ ਪਸੀਨੇ ਦੀ ਕਮਾਈ ਵਿੱਚੋਂ ਟੈਕਸਾਂ ਦੇ ਰੂਪ ਵਿੱਚ ਜਾਂਦੇ ਹਨ। ਦੇਸ਼ ਦੀ ਆਰਥਿਕਤਾ ਨੂੰ ਖੋਰਾ ਲੱਗਦਾ ਹੈ ਅਤੇ ਗ਼ਰੀਬੀ ਵਧਦੀ ਹੈ। ਪਾਰਲੀਮੈਂਟ ਦੀ ਕੰਟੀਨ ਵਿੱਚ ਬਹੁਤ ਘੱਟ ਕੀਮਤਾਂ ਤੇ ਇਨ੍ਹਾਂ ਨੂੰ ਸ਼ਾਹੀ ਭੋਜਨ ਪਰੋਸਿਆ ਜਾਂਦਾ ਹੈ ਜਿਸ ਦਾ ਹਰ ਸਾਲ ਕਰੋੜਾਂ ਰੁਪਏ ਦਾ ਘਾਟਾ ਆਮ ਲੋਕਾਂ ਦੀ ਜੇਬ ਵਿੱਚੋਂ ਹੀ ਜਾਂਦਾ ਹੈ। ਹਰ ਸਾਲ ਦੇਸ਼ ਦਾ ਬੱਜਟ ਪੇਸ਼ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਖ਼ਜਾਨਾ ਮੰਤਰੀ ਅਮੀਰ ਉਦਯੋਗਿਕ ਘਰਾਨਿਆਂ ਨੂੰ ਬੁਲਾ ਕੇ ਮੀਟਿੰਗਾਂ ਕਰਦੇ ਹਨ, ਜਿਸ ਦਾ ਅਸਿੱਧੇ ਤੌਰ ਤੇ ਇਹ ਮਤਲਬ ਹੁੰਦਾ ਹੈ ਕਿ ਤੁਹਾਨੂੰ ਸਰਕਾਰੀ ਖ਼ਜਾਨੇ ਵਿੱਚੋਂ ਕਿਵੇਂ ਗੱਫੇ ਦਿੱਤੇ ਜਾਣ (ਫਿਰ ਤੁਸੀਂ ਸਾਡੀ ਪਾਰਟੀ ਨੂੰ ਕਿੰਨਾ ਧਨ ਦਿਉਗੇ ਤਾਂ ਕਿ ਅਸੀਂ ਅਗਲੀਆਂ ਚੋਣਾਂ ਫਿਰ ਗ਼ਰੀਬਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੀਟਿੰਗ ਬੁਲਾ ਕੇ ਇਹ ਵੀਚਾਰ ਕਿਉਂ ਨਹੀਂ ਕੀਤਾ ਕਿ ਕਿਹੋ ਜਿਹਾ ਬੱਜਟ ਬਣਾਇਆ ਜਾਏ ਜਿਸ ਨਾਲ ਤੁਸੀਂ ਇੱਜ਼ਤ ਨਾਲ ਢਿੱਡ ਭਰ ਕੇ ਰੋਟੀ ਖਾ ਸੱਕੇ। ਵੈਸੇ ਤਾਂ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੇ ਮੈੰਬਰਾਂ ਦੇ ਕੰਮ ਨੂੰ ਲੋਕ ਸੇਵਾ ਕਿਹਾ ਜਾਂਦਾ ਹੈ ਪਰ ਜੇ ਇਹ ਕੰਮ ਲੋਕ ਸੇਵਾ ਹੈ ਫਿਰ ਇਨ੍ਹਾਂ ਨੂੰ ਤਨਖਾਹ ਅਤੇ ਪੈਨਸ਼ਨ ਕਿਉਂ? ਜੇ ਇਨ੍ਹਾਂ ਦੇ ਕੰਮ ਨੂੰ ਦੇਸ਼ ਦੀ ਨੌਕਰੀ ਲਈ ਘੱਟੋ-ਘੱਟ ਕੋਈ ਵਿੱਦਿਅਕ ਯੋਗਤਾ ਅਤੇ ਸੇਵਾ ਮੁਕਤੀ ਦੀ ਉਮਰ ਦਾ ਮਾਪਦੰਡ ਕਿਉਂ ਨਹੀਂ। ਕੌਣ ਕਹੇ ਰਾਣੀਏ ਅੱਗਾ ਢੱਕ? ਜਿਹੜਾ ਇੱਕ ਵਾਰੀ ਇੱਕ ਦਿਨ ਲਈ ਵੀ ਮੈਂਬਰ ਬਣ ਜਾਂਦਾ ਹੈ ਉਹ ਸਾਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ। ਜਿਹੜਾ ਜਿੰਨੀ ਵਾਰੀ ਚੁਣਿਆ ਜਾਏ ਉਸ ਦੀਆਂ ਓਨੀਆਂ ਹੀ ਪੈਨਸ਼ਨਾਂ ਲੱਗ ਜਾਂਦੀਆਂ ਹਨ। ਇਸ ਹਿਸਾਬ ਸਿਰ ਸਾਡੇ ਕਈ ਪੁਰਾਣੇ ਨੇਤਾ ਹਰ ਮਹੀਨੇ ਚਾਰ-ਚਾਰ ਪੰਜ-ਪੰਜ ਲੱਖ ਰੁਪਏ ਬਿਨਾਂ ਕੋਈ ਕੰਮ ਕੀਤਿਆਂ ਸਰਕਾਰੀ ਖਾਤੇ ਵਿੱਚੋਂ ਡਕਾਰ ਰਹੇ ਹਨ ਅਤੇ ਮੁਫਤ ਵਿੱਚ ਮੌਜਾਂ ਮਾਣ ਰਹੇ ਹਨ। ਕੀ ਸਰਕਾਰੀ ਖ਼ਜਾਨੇ ਦੀ ਇਹ ਲੁੱਟ ਦੇਸ਼ ਨੂੰ ਹੋਰ ਗ਼ਰੀਬੀ ਵੱਲ ਨਹੀਂ ਧੱਕ ਰਹੀ? ਹੇ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ? ਸਾਡੇ ਦੇਸ਼ ਦੇ ਹਾਕਮ ਪਾੜੋ ਅਤੇ ਰਾਜ ਕਰੋ ਦੀ ਨੀਤੀ ’ਤੇ ਚੱਲ ਰਹੇ ਹਨ ਤਾਂ ਕਿ ਲੋਕ ਆਪਸ ਵਿੱਚ ਲੜ੍ਹਦੇ ਰਹਿਣ ਅਤੇ ਇਨ੍ਹਾਂ ਦੀਆਂ ਗ਼ਲਤ ਨੀਤੀਆਂ ਵੱਲ ਕਿਸੇ ਦਾ ਧਿਆਨ ਨਾ ਜਾਏ। ਲੋਕਾਂ ਵਿੱਚ ਜਾਤ ਪਾਤ, ਲਿੰਗ ਭੇਦ ਅਤੇ ਧਰਮ ਦੇ ਅਧਾਰ ਤੇ ਵਿਤਕਰੇ ਪਾਏ ਜਾਂਦੇ ਹਨ। ਕੁੱਝ ਲੋਕਾਂ ਨੂੰ ਕੁੱਝ ਮੁਫਤ ਸਹੂਲਤਾਂ ਦੇ ਕੇ ਲੁਭਾਇਆ ਜਾਂਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਹੱਡ ਰੱਖ, ਨਿਕੰਮੇ ਅਤੇ ਕੰਮ ਚੋਰ ਬਣਾਇਆ ਜਾਂਦਾ ਹੈ। ਕਿਸੇ ਬੰਦੇ ਨੂੰ ਜੇ ਕੋਈ ਵਸਤੂ ਮੁਫ਼ਤ ਵਿੱਚ ਮਿਲ ਜਾਏ ਤਾਂ ਉਹ ਉਸ ਲਈ ਕਿਉਂ ਮਿਹਨਤ ਕਰੇਗਾ?ਇਸ ਤਰ੍ਹਾਂ ਜਿਹੜੀ ਸ਼ਕਤੀ ਉਸਾਰੂ ਕੰਮਾਂ ’ਤੇ ਲੱਗਣੀ ਹੁੰਦੀ ਹੈ ਉਹ ਜਾਇਆ ਚਲੀ ਜਾਂਦੀ ਹੈ। ਸਾਡੀ ਖੁਸ਼ਹਾਲੀ ਸਾਡੀਆਂ ਦਲਹਿਜਾਂ ਕੋਲੋਂ ਆ ਕੇ ਮੁੜ ਜਾਂਦੀ ਹੈ ਜਿਸ ਕਾਰਨ ਧਨ ਅਤੇ ਕੰਮ ਕਰਨ ਦੇ ਕੀਮਤੀ ਸਮੇਂ ਦੀ ਬਰਬਾਦੀ ਹੁੰਦੀ ਹੈ। ਵਿਕਾਸ ਦਾ ਪਹੀਆ ਲੀਹ ਤੋਂ ਉੱਤਰ ਜਾਂਦਾ ਹੈ ਅਤੇ ਦੇਸ਼ ਵਿੱਚ ਗ਼ਰੀਬੀ ਅਤੇ ਭੁੱਖਮਰੀ ਵਧਦੀ ਹੈ।  ਸਾਡੇ ਦੇਸ਼ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਤੋਂ ਵੱਧ ਵੀ. ਆਈ. ਪੀ. ਹਨ। ਇਨ੍ਹਾਂ ਨੂੰ ਕਈ-ਕਈ ਸਿਕਿਉਰਟੀ ਗਾਰਡ ਅਤੇ ਕਾਰਾਂ ਮਿਲੀਆਂ ਹੋਈਆਂ ਹਨ। ਪਟਰੋਲ ਸਮੇਤ ਸਭ ਖ਼ਰਚੇ ਸਰਕਾਰੀ ਖ਼ਜਾਨੇ ਵਿੱਚੋਂ ਜਾਂਦੇ ਹਨ। ਇੱਥੋਂ ਤੱਕ ਕਿ ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਹਨ ਜਾਂ ਕਈ ਅਖਾਉਤੀ ਬਾਬੇ ਹਨ ਉਹ ਵੀ ਅਜਿਹੀਆਂ ਸਹੂਲਤਾਂ ਦਾ, ਬਿਨਾਂ ਕਿਸੇ ਸਰਕਾਰੀ ਕੰਮ ਤੋਂ,ਆਪਣੀ ਫੋਕੀ ਟੌਹਰ ਦਿਖਾਉਣ ਲਈ ਆਨੰਦ ਮਾਣ ਰਹੇ ਹਨ। ਇਹ ਦੇਸ਼ ਅਤੇ ਗ਼ਰੀਬਾਂ ’ਤੇ ਇੱਕ ਬਹੁਤ ਵੱਡਾ ਬੋਝ ਹਨ। ਸੁਆਲ ਇਹ ਹੈ ਕਿ ਇਨ੍ਹਾਂ ਨੂੰ ਕਿਸ ਤੋਂ ਖ਼ਤਰਾ ਹੈ? ਦੇਸ਼ ਦੇ ਲੋਕਾਂ ਤੋਂ ਹੀ ਖ਼ਤਰਾ ਹੈ?ਜੇ ਅਜਿਹਾ ਹੈ ਤਾਂ ਇਨ੍ਹਾਂ ਨੂੰ ਅੱਗੇ ਆਉਣ ਦੀ ਕੀ ਲੋੜ ਹੈ?ਅਰਾਮ ਨਾਲ ਆਪਣੇ ਘਰ ਬੈਠ ਕੇ ਸ਼ਾਂਤੀ ਦੀ ਜਿੰਦਗੀ ਕਿਉਂ ਨਹੀਂ ਗੁਜਾਰਦੇ?ਦੂਸਰੇ ਮੁਲਕਾਂ ਦੇ ਪ੍ਰਧਾਨ ਮੰਤਰੀ ਤੱਕ ਬਿਨਾਂ ਕਿਸੇ ਹਿਫ਼ਜਤ ਤੋਂ ਆਪਣੇ ਪ੍ਰਾਈਵੇਟ ਸਮੇਂ ਆਮ ਆਦਮੀ ਦੀ ਤਰ੍ਹਾਂ ਆਪਣੇ ਪਰਿਵਾਰਾਂ ਸਮੇਤ ਸਰੇਆਮ ਬੇਖਫ਼ ਹੋ ਕੇ ਘੁੰਮਦੇ ਨਜ਼ਰ ਆਉਂਦੇ ਹਨ। ਸਾਡੇ ਦੇਸ਼ ਵਿੱਚ ਇਨ੍ਹਾਂ ਵੀ. ਆਈ.ਪੀ. ਤੇ ਕਰੋੜਾਂ ਰੁਪਏ ਹਰ ਸਾਲ ਬਰਬਾਦ ਕੀਤੇ ਜਾਂਦੇ ਹਨ। ਸਾਡੇ ਗ਼ਰੀਬ ਦੇਸ਼ ਦੇ ਅਮੀਰ ਹਾਕਮ ਦੇਸ਼ ਦੀ ਆਰਥਿਕਤਾ ਨੂੰ ਘੁਣ ਦੀ ਤਰ੍ਹਾਂ ਖਾ ਕੇ ਖੋਖਲਾ ਕਰ ਰਹੇ ਹਨ। ਦੇਸ਼ ਕਰਜੇ ਦੇ ਬੋਝ ਹੇਠਾਂ ਧੱਸਦਾ ਜਾ ਰਿਹਾ ਹੈ। ਇੱਕ ਦਿਨ ਠਬਠਾ ਲੈ ਕੇ ਦੂਜੇ ਦੇਸ਼ਾਂ ਕੋਲ ਮੰਗਣ ਜਾਣਗੇ ਤਾਂ ਵੀ ਕੋਈ ਇਨ੍ਹਾਂ ਨੂੰ ਖੈਰਾਤ ਨਹੀਂ ਪਾਵੇਗਾ। ਇੱਥੇ ਸਰਕਾਰੀ ਅਫ਼ਸਰਾਂ ਨੂੰ ਉੱਚੀਆਂ ਤਨਖਾਹਾਂ, ਵੱਡੀਆਂ ਕੋਠੀਆਂ , ਕਈ –ਕਈ ਕਾਰਾਂ ਅਤੇ ਘਰ ਲਈ ਸਰਕਾਰੀ ਨੌਕਰਾਂ ਦੀ ਕੀ ਲੋੜ ਹੈ?ਇਹ ਅਫ਼ਸਰ ਵੀ ਦੇਸ਼ ਨੂੰ ਬਹੁਤ ਮਹਿੰਗੇ ਪੈ ਰਹੇ ਹਨ। ਫਿਰ ਵੀ ਦਫ਼ਤਰਾਂ ਵਿੱਚ ਭਰਿਸ਼ਟਾਚਾਰ ਦਾ ਬੋਲਬਾਲਾ ਹੈ। ਸਰਕਾਰੀ ਦਫ਼ਤਰਾਂ ਵਿੱਚ ਜਾਇਜ਼ ਕੰਮ ਕਰਾਉਣ ਲਈ ਵੀ ਰਿਸ਼ਵਤ ਦੇਣੀ ਪੈਂਦੀ ਹੈ ਨਹੀਂ ਤੇ ਗ਼ਰੀਬਾਂ ਦੇ ਕੰਮ ਸਾਲਾਂ ਬੱਧੀ ਲਟਕਦੇ ਹੀ ਰਹਿੰਦੇ ਹਨ। ਉਨ੍ਹਾਂ ਤੇ ਕੋਈ ਤਰਸ ਨਹੀਂ ਕਰਦਾ।ਸਰਕਾਰ ਦੀਆਂ ਨੀਤੀਆਂ ਐਸੀਆਂ ਹਨ ਕਿ ਜੇਬ ਵਿੱਚ ਪੈਸੇ ਨਹੀਂ ਪਰ ਬੈਂਕਾਂ ਵਿੱਚ ਖਾਤੇ ਖੁਲਵਾਏ ਜਾ ਰਹੇ ਹਨ। ਪੇਟ ਵਿੱਚ ਰੋਟੀ ਨਹੀਂ ਪਰ ਸ਼ੋਚਾਲੇ ਬਣਵਾਏ ਜਾ ਰਹੇ ਹਨ। ਵਾਹ ਨੀ ਸਰਕਾਰੇ ਤੇਰਾ ਰੱਬ ਹੀ ਰਾਖਾ। ਭਰਿਸ਼ਟਾਚਾਰ ਦੇ ਨਾਲ ਨਾਲ ਸਾਡੇ ਦੇਸ਼ ਵਿੱਚ ਮਿਲਾਵਟ ਅਤੇ ਹੇਰਾ ਫੇਰੀ ਦਾ ਵੀ ਬਹੁਤ ਹੀ ਬੋਲ-ਬਾਲਾ ਹੈ। ਕਿਸਾਨ ਆਪਣੀ ਪੈਦਾਵਰ ਵਧਾਉਣ ਲਈ ਰਸਾਇਨਿਕ ਖਾਦਾਂ ਅਤੇ ਸਪਰੇ ਦਾ ਧੜਾ-ਧੜ ਇਸਤੇਮਾਲ ਕਰ ਰਹੇ ਹਨ। ਇੱਥੇ ਹੀ ਬਸ ਨਹੀਂ ਮਿਲਾਵਟੀ ਦੁੱਧ ਵਿੱਚ ਯੂਰੀਆ ਮਿਲਾ ਕੇ ਲੋਕਾਂ ਨੂੰ ਪਿਲਾਇਆ ਜਾ ਰਿਹਾ ਹੈ। ਇਹ ਸਭ ਕੁੱਝ ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਨਾਲ ਕਈ ਬਿਮਾਰੀਆਂ ਚੰਬੜ ਜਾਂਦੀਆਂ ਹਨ। ਬਿਮਾਰੀਆਂ ਵਿੱਚ ਘਿਰ ਕੇ ਲੋਕਾਂ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਡਾਕਟਰਾਂ ਅਤੇ ਮਹਿੰਗਾਈਆਂ ਦਵਾਈਆਂ ਦੀ ਭੇਂਟ ਚੜ੍ਹ ਜਾਂਦਾ ਹੈ। ਇਸ ਨਾਲ ਗ਼ਰੀਬੀ ਵਧਦੀ ਹੈ। ਸਾਡੇ ਦੇਸ਼ ਵਿੱਚ ਅੱਜ ਤੱਕ ਵਿਦਿਆ ਦੀ ਕੋਈ ਠੋਸ ਪਾਲਿਸੀ ਨਹੀਂ ਬਣ ਸੁੱਕੀ। ਸਾਡੇ ਨੌਜੁਆਨ 20-25 ਸਾਲ ਦੀ ਉੱਚੀ ਪੜ੍ਹਾਈ ਕਰ ਕੇ ਵੀ ਵਿਹਲੇ ਇੱਧਰ ਉੱਧਰ ਭਟਕ ਰਹੇ ਹਨ। ਉਨ੍ਹਾਂ ਨੂੰ ਕੋਈ ਠੀਕ ਰਾਹ ਦਿਖਾਉਣ ਵਾਲਾ ਹੀ ਨਹੀਂ। ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਵਾਲਾ ਹੀ ਨਹੀਂ। ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਲਈ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਨੂੰ ਪੜ੍ਹ ਲਿਖ ਕੇ ਪਕੌੜੇ ਤਲਣ ਦੀ ਸਲਾਹ ਦਿੱਤੀ ਜਾਂਦੀ ਹੈ। ਪੜ੍ਹੇ ਲਿਖੇ ਨੌਜੁਆਨ ਪੜ੍ਹ ਲਿਖ ਕੇ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਉੱਥੇ ਉਨ੍ਹਾਂ ਨੂੰ ਗੈਰਾਂ ਅਧੀਨ ਜਲਾਲਤ ਵਾਲੀਆਂ ਸ਼ਰਤਾਂ ਤੇ ਘਟੀਆ ਕੰਮ ਕਰਨੇ ਪੈਂਦੇ ਹਨ। ਕਈ ਵਾਰੀ ਅੱਧ-ਭੁੱਖੇ ਪੇਟ ਵੀ ਸੋਣਾ ਪੈਂਦਾ ਹੈ। ਜੇ ਸਰਕਾਰ ਉਨ੍ਹਾਂ ਦੀ ਕਦਰ ਕਰੇ ਅਤੇ ਆਪਣੇ ਮੁਲਕ ਵਿੱਚ ਹੀ ਯੋਗ ਰੁਜ਼ਗਾਰ ਦੇਵੇ ਤਾਂ ਉਹ ਕਿਉਂ ਵਿਦੇਸ਼ਾਂ ਵਿੱਚ ਧੱਕੇ ਖਾਣ?ਕਿਉਂ ਮਾਲਟਾ ਵਰਗੇ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾਇਆ ਜਾਣ? ਸਾਡੇ ਦੇਸ਼ ਦੇ ਹਾਕਮ ਪਾੜੋ ਅਤੇ ਰਾਜ ਕਰੋ ਦੀ ਨੀਤੀ ਤੇ ਚੱਲ ਰਹੇ ਹਨ ਤਾਂ ਕਿ ਲੋਕ ਆਪਸ ਵਿੱਚ ਲੜਦੇ ਰਹਿਣ ਅਤੇ ਇਨ੍ਹਾਂ ਦੀਆਂ ਗ਼ਲਤ ਨੀਤੀਆਂ ਵੱਲ ਕਿਸੇ ਦਾ ਧਿਆਨ ਨਾ ਜਾਏ। ਜੇ ਲੋਕਾਂ ਦੀ ਸਾਰੀ ਸ਼ਕਤੀ ਆਪਸ ਵਿੱਚ ਲੜ੍ਹ ਕੇ ਹੀ ਖ਼ਤਮ ਹੋ ਜਾਏਗੀ ਤਾਂ ਉਹ ਖੁਸ਼ਹਾਲੀ ਵੱਲ ਕਦਮ ਕਿਵੇਂ ਪੁੱਟਣਗੇ? ਸਰਕਾਰ ਦੀਆਂ ਨੀਤੀਆਂ ਦੇ ਨਾਲ-ਨਾਲ ਸਾਡੀਆਂ ਆਪਣੀਆਂ ਵੀ ਕੁੱਝ ਕਮਜੋਰੀਆਂ ਹਨ ਜੋ ਸਾਨੂੰ ਗ਼ਰੀਬੀ ਦੀ ਦਲਦਲ ਵਿੱਚੋਂ ਨਿਕਲਣ ਨਹੀਂ ਦਿੰਦੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ। ਸਮੇਂ ਨੂੰ ਬਹੁਤ ਹੀ ਵਿਅਰਥ ਗੁਵਾਉਂਦੇ ਹਾਂ। ਵਿਹਲੇ ਬੈਠ ਕੇ ਸਾਨੂੰ ਬਹੁਤ ਤਸੱਲੀ ਮਿਲਦੀ ਹੈ। ਪੰਜਾਬ ਦੇ ਪਿੰਡਾਂ ਦੇ ਸਾਡੇ ਭਰਾ ਖੇਤੀ ਬਾੜੀ ਤੋਂ ਜੀਅ ਚੁਰਾਉਣ ਲੱਗ ਪਏ ਹਨ। ਉਹ ਵਿਦੇਸ਼ਾਂ ਵਿੱਚ ਜਾ ਕੇ ਛੋਟੇ-ਛੋਟੇ ਕੰਮ ਕਰ ਲੈਣਗੇ। ਇੱਥੇ ਆਪਣੇ ਘਰ ਵਿੱਚ ਉਹੀ ਕੰਮ ਕਰਦਿਆਂ ਉਨ੍ਹਾਂ ਦੀ ਸ਼ਾਨ ਘੱਟਦੀ ਹੈ। ਉਹ ਹਰ ਕੰਮ ਵਿੱਚ ਬਿਹਾਰ ਤੋਂ ਆਏ ਲੋਕਾਂ ’ਤੇ ਨਿਰਭਰ ਕਰਨ ਲੱਗ ਪਏ ਹਨ। ਇਸੇ ਲਈ ਹਰ ਸਾਲ ਲੱਖਾਂ ਬਿਹਾਰੀਏ ਤੇ ਉੱਤਰ ਪ੍ਰਦੇਸ਼ ਤੋਂ ਆਏ ਲੋਕ ਪੰਜਾਬ ਵਿੱਚ ਆ ਕੇ ਇੱਥੋਂ ਸਾਡੇ ਕਾਰਖਾਨਿਆਂ, ਭੱਠਿਆਂ ਅਤੇ ਖੇਤਾਂ ਵਿੱਚ ਕੰਮ ਕਰਦੇ ਹਨ। ਪੰਜਾਬ ਵਿੱਚ ਇੱਕ ਨਵਾਂ ਭਈਆ ਕਲਚਰ ਪੈਦਾ ਹੋ ਗਿਆ ਹੈ। ਅਮੀਰੀ ਅਤੇ ਗ਼ਰੀਬੀ ਰੱਬ ਦੇ ਰੰਗ ਹੀ ਹਨ। ਅਮੀਰੀ ਨੀਲ ਖੁਸ਼ੀ ਤਾਂ ਨਹੀਂ ਖ਼ਰੀਦੀ ਜਾ ਸਕਦੀ ਪਰ ਗ਼ਰੀਬੀ ਹੰਢਾਉਂਦੇ ਹੋਏ ਪਰਿਵਾਰ ਦੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਾ ਕਰ ਪਾਉਣਾ ਵੀ ਇੱਕ ਸਰਾਪੀ ਜਿੰਦਗੀ ਜਿਉਣ ਬਰਾਬਰ ਹੈ। ਇਹ ਸਾਡੀ ਗ਼ਲਤੀ ਹੈ ਕਿ ਅਸੀਂ ਧਰਮ ਨੂੰ ਧਨ ਨਾਲ ਜੋੜ ਕੇ ਗੁਰਬਤ ਦੀ ਜਿੰਦਗੀ ਹੰਢਾਉਂਦੇ ਹਾਂ ਪਰ ਮਿਹਨਤ ਨਾਲ ਕਾਫੀ ਹੱਦ ਤੱਕ ਗ਼ਰੀਬੀ ਦੀ ਜੁੱਲੀ ਲਾਹ ਕੇ ਆਪਣੀ ਕਿਸਮਤ ਨੂੰ ਬਦਲਿਆ ਜਾ ਸਕਦਾ ਹੈ। ਗੁਰਬਾਣੀ ਮਨੁੱਖ ਨੂੰ ਗ਼ਰੀਬੀ ਵਿੱਚ ਸਬਰ ਕਰਨਾ ਸਿਖਾਉਂਦੀ ਹੈ ਪਰ ਉਹ ਮਿਹਨਤ ਕਰ ਕੇ ਧਨ ਕਮਾਉਣ ਤੋਂ ਰੋਕਦੀ ਨਹੀਂ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਿਹਨਤ ਨਾਲ ਧਨ ਕਮਾ ਕੇ ਆਪਣੇ ਪਰਿਵਾਰ ਤੋਂ ਇਲਾਵਾ ਲੋੜਵੰਦਾਂ ਦੀ ਮਦਦ ਕਰੋ।  ਆਪ ਜੀ ਲਿਖਦੇ ਹਨ---  ਘਾਲਿ ਖਾਇ ਕਿਛੁ ਹਥਹੁ ਦੇਇ  ਨਾਨਕ ਰਾਹੁ ਪਛਾਣਹਿ ਸੇਇ।। ਦਿਨ ਬਦਿਨ ਸਾਡੇ ਦੇਸ਼ ਦੇ ਨੌਜੁਆਨ ਨਸ਼ਿਆਂ ਵਿੱਚ ਫਸਦੇ ਜਾ ਰਹੇ ਹਨ। ਉਨ੍ਹਾਂ ਦੇ ਮਨ ਵਿੱਚ ਨਾ ਤਾਂ ਕੋਈ ਜੋਸ਼ ਹੈ ਨਾ ਹੀ ਕੋਈ ਉਸਾਰੂ ਕੰਮ ਕਰਨ ਦੀ ਹਿੰਮਤ ਹੈ। ਜਿਹੜੇ ਅਫ਼ਸਰਾਂ ਨੂੰ ਨਸ਼ੇ ਰੋਕਣ ਲਈ ਲਾਇਆ ਜਾਂਦਾ ਹੈ ਉਹ ਹੀ ਨਸ਼ਿਆਂ ਦੇ ਵਪਾਰੀ ਬਣ ਬੈਠਦੇ ਹਨ। ਗੁਲਸ਼ਨ ਨੂੰ ਬਰਬਾਦ ਕਰਨ ਲਈ ਤਾਂ ਇੱਕ ਉੱਲੂ ਹੀ ਕਾਫੀ ਹੁੰਦਾ ਹੈ ਪਰ ਇੱਥੇ ਤਾਂ ਹਰ ਸ਼ਾਖ ਤੇ ਹੀ ਉੱਲੂ ਬੈਠੇ ਹਨ। ਫਿਰ ਮੇਰੇ ਗੁਲਸ਼ਨ ਦਾ ਕੀ ਹੋਵੇਗਾ?ਦੋਸਤੋ ਨਸ਼ੇ ਛੱਡੋ ਅਤੇ ਕੋਹੜ ਕੱਢੋ। ਜੇ ਬਦਕਿਸਮਤੀ ਨਾਲ਼ ਤੁਹਾਡਾ ਕੋਈ ਸਾਥੀ ਨਸ਼ਿਆਂ ਵਿੱਚ ਪੈ ਗਿਆ ਹੈ ਉਸ ਨੂੰ ਅੱਜ ਤੋਂ ਹੀ ਇਸ ਭੈੜੀ ਆਦਤ ਛੱਡਣ ਵਿੱਚ ਮਦਦ ਕਰੋ। ਦੇਸ਼ ਦੀ ਗ਼ਰੀਬੀ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਫਾਲਤੂ ਦਿਖਾਵਾ ਕਰ ਕੇ ਭੋਜਨ ਦੀ ਬਹੁਤ ਬਰਬਾਦੀ ਕਰਦੇ ਹਾਂ। ਅਸੀਂ ਆਪਣੀ ਫੋਕੀ ਸ਼ਾਨ ਦਿਖਾਉਣ ਲਈ ਵੱਡੀਆਂ ਵੱਡੀਆਂ ਪਾਰਟੀਆਂ ਅਤੇ ਸ਼ਾਹਾਨਾ ਵਿਆਹ ਕਰਦੇ ਹਾਂ ਅਤੇ ਆਪਣੀ ਅਮੀਰੀ ਦਾ ਖੂਬ ਦਿਖਾਵਾ ਕਰਦੇ ਹਾਂ। ਇਸੇ ਲਈ ਦੇਸ਼ ਵਿੱਚ ਪੈਲੇਸ ਕਲਚਰ ਬਹੁਤ ਵੱਧ ਫੁੱਲ ਰਿਹਾ ਹੈ। ਹਰ ਸ਼ਹਿਰ ਦੇ ਬਾਹਰ ਖੁਲ੍ਹੀ ਜ਼ਮੀਨ ਤੇ ਵੱਡੇ ਵੱਡੇ ਪੈਲੇਸ ਕਲਚਰ ਬਹੁਤ ਵਧ ਫੁੱਲ ਰਿਹਾ ਹੈ। ਹਰ ਸ਼ਹਿਰ ਦੇ ਬਾਹਰ ਖੁਲ੍ਹੀ ਜ਼ਮੀਨ ਤੇ ਵੱਡੇ ਵੱਡੇ ਪੈਲੇਸ ਖੁੰਭਾਂ ਵਾਂਗ ਉੱਗ ਆਏ ਹਨ। ਇਨ੍ਹਾਂ ਪੈਲੇਸਾਂ ਵਿੱਚ ਸ਼ਾਹੀ ਵਿਆਹ ਅਤੇ ਵੱਡੀਆਂ ਵੱਡੀਆਂ ਪਾਰਟੀਆਂ ਹੁੰਦੀਆਂ ਹਨ। ਹਜਾਰਾਂ ਬੰਦਿਆਂ ਦਾ ਇਕੱਠ ਹੁੰਦਾ ਹੈ। ਮੀਟ , ਮੱਛੀ ਸ਼ਰਾਬ ਅਤੇ ਹੋਰ ਕੀਮਤੀ ਭੋਜਨ ਖੁੱਲ੍ਹੇ ਤਿਆਰ ਹੁੰਦੇ ਹਨ। ਲੋਕ ਪੇਟ ਤੂਸੜ ਕੇ ਖਾਂਦੇ ਹਨ। ਇੱਥੇ ਹੀ ਬੱਸ ਨਹੀਂ ਜਿੰਨਾਂ ਉਹ ਖਾਂਦੇ ਹਨ ਉਸ ਤੋਂ ਵੱਧ ਜੂਠਾ ਸੁੱਟਦੇ ਹਨ। ਹਰ ਪਾਰਟੀ ਵਿੱਚ ਲੱਖਾਂ ਰੁਪਏ ਦਾ ਭੋਜਨ ਬਰਬਾਦ ਹੁੰਦਾ ਹੈ। ਇਸ ਤੋਂ ਇਲਾਵਾ ਸਾਡੇ ਲੋਕ ਰੂੜੀਵਾਦੀ ਅਤੇ ਅੰਧ-ਵਿਸ਼ਵਾਸੀ ਬਹੁਤ ਹਨ। ਪੰਡਤਾਂ ਦੇ ਕਹਿਣ ਤੋ ਲੱਖਾਂ ਮਣ ਦੁੱਧ ਗਣੇਸ਼ ਦੀਆਂ ਮੂਰਤੀਆਂ ਨੂੰ ਪਿਆਉਣ ਦਾ ਦਿਖਾਵਾ ਕੀਤਾ ਜਾਂਦਾ ਹੈ। ਇਹ ਹੀ ਦੁੱਧ ਰੁੜ੍ਹ ਕੇ ਅੱਗੇ ਗੰਦੇ ਨਾਲ਼ਿਆਂ ਵਿੱਚ ਵਿਅਰਥ ਚਲੇ ਜਾਂਦਾ ਹੈ ਕਿਸੇ ਗ਼ਰੀਬ ਬੱਚੇ ਦੇ ਮੂੰਹ ਵਿੱਚ ਪੈਂਦਾ। ਯੂਨੀਸਿਫ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਲੱਖਾਂ ਮਾਂਤਾਵਾਂ ਅਤੇ ਬੱਚੇ ਹਰ ਸਾਲ ਕੁਪੋਸ਼ਨ ਦਾ ਸ਼ਿਕਾਰ ਹੋ ਕੇ ਮਰਦੇ ਹਨ। ਜੋ ਇਹ ਹੀ ਭੋਜਨ ਜਾਇਆ ਕਰਨ ਦੀ ਥਾਂ ਗ਼ਰੀਬ ਮਾਂਵਾਂ ਅਤੇ ਬੱਚਿਆਂ ਨੂੰ ਖਵਾਇਆ ਜਾਏ ਤਾਂ ਕਈ ਅਨਮੋਲ ਜਾਨਾਂ ਬਚ ਸਕਦੀਆਂ ਹਨ।   ਸਾਡੇ ਦੇਸ਼ ਦੀ ਗ਼ਰੀਬੀ ਦਾ ਇੱਕ ਕਾਰਨ ਵਧਦੀ ਹੋਈ ਅਬਾਦੀ ਹੈ। ਜਿਸ ਦਾ ਇੱਕ ਕਾਰਨ ਵਧਦੀ ਹੋਈ ਆਬਾਦੀ ਹੈ। ਉਸ ਹਿਸਾਬ ਸਿਰ ਪੈਦਾਵਰ ਨਹੀਂ ਵਧ ਰਹੀ। ਇਸ ਲਈ ਮੁਲਕ ਭੁੱਖਮਰੀ ਵਿੱਚ ਧੱਸਦਾ ਜਾ ਰਿਹਾ ਹੈ। ਵਧਦੀ ਆਬਾਦੀ ਤੇ ਸਰਕਾਰ ਜਾਂ ਲੋਕਾਂ ਦਾ ਕੋਈ ਕੰਟਰੋਲ ਨਹੀਂ। 1947 ਵਿੱਚ ਜਦ ਭਾਰਤ ਆਜਾਦ ਹੋਇਆ ਤਾਂ ਸਾਰੇ ਦੇਸ਼ ਦੀ ਕੁੱਲ ਅਬਾਦੀ 35 ਕਰੋੜ ਸੀ। ਹੁਣ ਜਦੋਂ ਕਿ ਇਸ ਵਿੱਚੋਂ ਪਾਕਿਸਤਾਨ ਅਤੇ ਬੰਗਲਾ ਦੇਸ਼ ਦੋ ਮੁਲਕ ਨਿਕਲ ਚੁੱਕੇ ਹਨ ਤਾਂ ਵੀ ਇੱਕਲੇ ਭਾਰਤ ਦੀ ਆਬਾਦੀ 130 ਕਰੋੜ ਤੋਂ ਵੱਧ ਚੁੱਕੀ ਹੈ। ਜਲਦੀ ਹੀ ਇਹ ਅਬਾਦੀ ਚੀਨ ਤੋਂ ਵੀ ਅੱਗੇ ਵਧ ਜਾਏਗੀ ਅਤੇ ਭਾਰਤ ਜਨਸੰਖਿਆ ਦੇ ਹਿਸਾਬ ਸਿਰ ਦੁਨੀਆਂ ਦੇ ਨਕਸ਼ੇ ਤੇ ਪਹਿਲੇ ਨੰਬਰ ਤੇ ਆ ਜਾਵੇਗਾ। ਐਨੇ ਲੋਕਾਂ ਲਈ ਰੁਜ਼ਗਾਰ, ਭੋਜਨ ਅਤੇ ਕੱਪੜਾ ਕਿੱਥੋਂ ਆਵੇਗਾ? ਜਾਹਿਰ ਹੈ ਕਿ ਮੁਲਕ ਕੰਗਾਲੀ ਵਿਚ ਧੱਸਦਾ ਜਾਵੇਗਾ। ਗ਼ਰੀਬੀ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ,ਖਰਚੇ ਨਾਲੋਂ ਆਮਦਨ ਦੇ ਸਾਧਨ ਘੱਟ ਹੋਣਾ। ਨਿੱਤ ਦੇ ਜ਼ਰੂਰੀ ਖ਼ਰਚੇ ਤਾਂ ਬਘਿਆੜ ਦੀ ਤਰ੍ਹਾਂ ਮੂੰਹ ਅੱਡ ਕੇ ਖੜ੍ਹੇ ਰਹਿੰਦੇ ਹਨ ਜੇ ਉਨ੍ਹਾਂ ਨੂੰ ਪੂਰੇ ਕਰਨ ਲਈ ਯੋਗ ਧਨ ਨਾ ਹੋਵੇ ਤਾਂ ਗ਼ਰੀਬੀ ਪੱਲੇ ਪੈ ਜਾਂਦੀ ਹੈ। ਬੰਦਾ ਤਣਾਅ ਵਿਚ ਆ ਜਾਂਦਾ ਹੈ। ਉਹ ਕਰਜਾਈ ਹੋ ਜਾਂਦਾ ਹੈ। ਕੁੱਝ ਸਮੇਂ ਬਾਅਦ ਉਧਾਰ ਮਿਲਣਾ ਵੀ ਬੰਦ ਹੋ ਜਾਂਦਾ ਹੈ। ਜ਼ਰੂਰਤਾਂ ਪੂਰੀਆਂ ਨਾ ਹੋਣ ਕਰਕੇ ਘਰ ਵਿਚ ਕਲੇਸ਼ ਰਹਿੰਦਾ ਹੈ। ਕਈ ਤਰ੍ਹਾਂ ਦੀਆਂ ਬਿਮਾਰੀਆਂ ਬੰਦੇ ਨੂੰ ਘੇਰ ਲੈਂਦੀਆਂ ਹਨ। ਗ਼ਰੀਬੀ ਵਿਚ ਬੰਦਾ ਸਾਰੀ ਉਮਰ ਲੋੜਾਂ ਅਤੇ ਥੋੜਾਂ ਵਿਚ ਪਿਸਦਾ ਰਹਿੰਦਾ ਹੈ। ਉਸ ਨੂੰ ਆਪਣੀਆਂ ਅਤੇ ਪਰਿਵਾਰ ਦੀਆਂ ਖਾਹਿਸ਼ਾਂ ਦਾ ਗਲਾ ਘੁੱਟ ਕੇ ਜਿਉਣਾ ਪੈਂਦਾ ਹੈ। ਉਹ ਸਾਰੀ ਉਮਰ ਸਨਮਾਨ ਨਾਲ਼ ਚਾਰ ਬੰਦਿਆਂ ਵਿੱਚ ਖੜ੍ਹਾ ਨਹੀਂ ਹੋ ਸਕਦਾ। ਲੋਕ ਉਸ ਨੂੰ ਕੋਈ ਆਦਰ ਮਾਣ ਨਹੀਂ ਦਿੰਦੇ । ਉਸ ਨੂੰ ਹਰ ਥਾਂ ਅਣਗੋਲਿਆਂ ਕੀਤਾ ਜਾਂਦਾ ਹੈ। ਉਹ ਹੋਇਆ ਨਾ ਹੋਇਆ, ਸਮਾਜ ਨੂੰ ਕੋਈ ਖਾਸ ਫ਼ਰਕ ਨਹੀਂ ਪੈਂਦਾ। ਕਹਿੰਦੇ ਹਨ- ਜਿਸ ਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ।   ਜੇ ਤੁਹਾਨੂੰ ਧਨ ਦੀ ਕਮੀ ਹੋ ਜਾਂ ਗ਼ਰੀਬੀ ਸਿਰ ਨਹੀਂ ਚੁੱਕਣ ਦਿੰਦੀ ਤਾਂ ਇਹ ਸਮਝ ਲਓ ਕਿ ਬਾਹਰੋਂ ਕਿਸੇ ਅਵਤਾਰ ਨੇ ਆ ਕੇ ਤੁਹਾਡੀ ਗ਼ਰੀਬੀ ਤੁਹਾਨੂੰ ਆਪ ਹੀ ਦੂਰ ਕਰਨੀ ਪੈਣੀ ਹੈ। ਫ਼ਜੂਲ ਖ਼ਰਚੀ ਛੱਡੋ। ਸਮੇਂ ਦੀ ਕਦਰ ਕਰੋ। ਹਰ ਮਿੰਟ ਅਤੇ ਹਰ ਸਕਿੰਟ ਦੀ ਕੀਮਤ ਸਮਝੋ ਤੁਹਾਡਾ ਸਮਾਂ ਹੀ ਤੁਹਾਡਾ ਅਸਲੀ ਧਨ ਹੈ। ਜੋ ਸਮੇਂ ਨੂੰ ਜਾਇਆ ਕਰਦਾ ਹੈ ਉਹ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਦਾ ਹੈ। ਉਹ ਬਿਮਾਰੀ, ਗ਼ਰੀਬੀ, ਦਲਿਦਰ ਅਤੇ ਬਦਕਿਸਮਤੀ ਨੂੰ ਆਵਾਜ਼ ਦਿੰਦਾ ਹੈ। ਆਲਸ ਦਾ ਤਿਆਗ ਕਰੋ ਅਤੇ ਉੱਦਮੀ ਬਣੋ। ਉੱਦਮੀ ਬੰਦਾ ਕਦੀ ਗ਼ਰੀਬ ਜਾਂ ਬਦਕਿਸਮਤ ਨਹੀਂ ਹੋ ਸੱਕਦਾ। ਇਸ ਲਈ ਉੱਦਮੀ ਬਣ ਕੇ ਕਮਾਈ ਕਰਨ ਦੀ ਲੋੜ ਹੈ ਤਾਂ ਕਿ ਗ਼ਰੀਬੀ ਦੀ ਲਾਹਨਤ ਨੂੰ ਖ਼ਤਮ ਕੀਤਾ ਜਾਏ।

Add new comment