ਸਿੱਖ/ਪੰਥਕ ਸੰਸਥਾਵਾਂ ਦੀ ਅਣਵੇਖੀ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਗਹਿਰਾ

ਪੰਥਕ ਸੋਚ ਤੇ ਗੁਰਮਤਿ ਦੇ ਧਾਰਨੀ ਸਿੱਖਾਂ ਨੂੰ ਸਿੱਖ/ਪੰਥਕ ਸੰਸਥਾਵਾਂ ਦੀ ਕਾਰਗੁਜ਼ਾਰੀ ਵਿੱਚ ਆਏ ਨਿਘਾਰ ਬਾਰੇ ਸੰਗਠਤ ਹੋ ਕੇ ਉਪਰਾਲੇ ਕਰਨੇ ਚਾਹੀਦੇ ਹਨ। ਸਿਆਸੀ ਜ਼ੁਲਮ ਦੇ ਵਿਰੁੱਧ ਆਵਾਜ਼ ਬਲੰਦ ਕਰਨ, ਸਿੱਖ ਵਿਚਾਰਧਾਰਾ ਦੀ ਪ੍ਰਫੁੱਲਤਾ, ਅਧਿਆਤਮਿਕ ਅਗਵਾਈ ਤੇ ਰਾਜਨੀਤਕ ਪ੍ਰਭੁਸਤਾ ਹਾਸਲ ਕਰਨ ਲਈ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਸ੍ਰੀ ਅਕਾਲ ਤਖ਼ਤ ਨੂੰ ਸਥਾਪਤ ਕਰਨ ਦੇ ਸਪਨੇ ਨੂੰ ਸਾਕਾਰ ਕਰਨ ਲਈ ਸਿੱਖ ਜਗਤ ਨੂੰ ਇੱਕਮੁੱਠ ਹੋ ਕੇ ਪਹਿਰਾ ਦੇਣਾ ਚਾਹੀਦਾ ਹੈ। ਸਿੱਖ/ਪੰਥਕ ਸੰਸਥਾਵਾਂ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਚਾਰਧਾਰਾ ਨਾਲ ਜੋੜੀ ਰੱਖਣ ਲਈ ਸਹਾਈ ਹੋ ਸਕਦੀਆਂ ਹਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖ ਸਿਆਸਤਦਾਨਾ ਦੇ ਰਾਜ ਕਰਨ ਦੇ ਲਾਲਚ ਕਰਕੇ ਇਹ ਸੰਸਥਾਵਾਂ ਅਣਵੇਖੀਆਂ ਹੋ ਗਈਆਂ ਹਨ। ਸਿੱਖਾਂ ਦੀਆਂ ਸਿਆਸੀ ਪਾਰਟੀਆਂ ਖਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ/ਪੰਥਕ ਸੰਸਥਾਵਾਂ ਨੂੰ ਉਤਸ਼ਾਹਤ ਕਰਨ ਦੀ ਥਾਂ ਉਨ੍ਹਾਂ ਨੂੰ ਅਣਡਿਠ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰਕੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਚਲੀ ਗਈ ਹੈ। ਪੰਜਾਬ ਦੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਲੰਬਾ ਸਮਾਂ ਸਿਆਸੀ ਤਾਕਤ ਵਿੱਚ ਰਿਹਾ, ਉਸ ਦੇ ਹਾਸ਼ੀਏ ਤੇ ਜਾਣ ਦਾ ਮੁੱਖ ਕਾਰਨ ਉਸ ਵੱਲੋਂ ਸਿੱਖ/ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰਨਾ ਹੈ। ਸਿੱਖ/ਪੰਥਕ ਸੰਸਥਾਵਾਂ ਇੱਕ ਸਿਆਸੀ ਪਾਰਟੀ ਦੀਆਂ ਹੀ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਦੀਆਂ ਹਨ, ਭਾਵੇਂ ਸਿੱਖ ਕਿਸੇ ਵੀ ਜ਼ਾਤ, ਫ਼ਿਰਕੇ ਅਤੇ ਪਾਰਟੀ ਦੇ ਹੋਣ। ਸਿੱਖ ਸਿਆਸਤਦਾਨ ਸਿਆਸੀ ਤਾਕਤ ਹਾਸਲ ਕਰਨ ਲਈ ਅਨੇਕਾਂ ਸ਼੍ਰੋਮਣੀ ਅਕਾਲੀ ਦਲ ਬਣਾਈ ਬੈਠੇ ਹਨ। ਉਨ੍ਹਾਂ ਦੀ ਹਓਮੈ ਤੇ ਸਿਆਸੀ ਤਾਕਤ ਪ੍ਰਾਪਤ ਕਰਨ ਦੀ ਇੱਛਾ ਉਨ੍ਹਾਂ ਨੂੰ ਇੱਕਮੁੱਠ ਹੋਣ ਨਹੀਂ ਦੇ ਰਹੀ। ਸਿੱਖ ਜਗਤ ਇਸ ਕਰਕੇ ਚਿੰਤਾ ਵਿੱਚ ਹੈ ਕਿ ਕਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਪੰਜਾਬ ਦੀ ਸਥਾਪਤ ਰੀਜਨਲ ਰਾਜਨੀਤਕ ਪਾਰਟੀ ਹੈ, ਇਸ ਦੇ ਵੀ ਅਨੇਕਾਂ ਧੜੇ ਬਣ ਚੁੱਕੇ ਹਨ। ਇਸ ਲਈ ਸ਼੍ਰੋਮਣੀ ਕੌਣ ਹੈ, ਇਸ ਦਾ ਫ਼ੈਸਲਾ ਸਿੱਖ ਜਗਤ ਨੇ ਹੀ ਕਰਨਾ ਹੈ। ਸਭ ਤੋਂ ਪਹਿਲਾਂ ਇਹ ਦੱਸਣਾ ਬਣਦਾ ਹੈ ਕਿ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਇੱਕ ਧਾਰਮਿਕ ਸੰਸਥਾ ਦੇ ਤੌਰ ‘ਤੇ ਹੋਈ ਸੀ। ਇਹ ਸੰਸਥਾ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਵੱਲੋਂ ਗੁਰੂ ਘਰਾਂ ਦੀ ਬੇਹੁਰਮਤੀ ਦੀਆਂ ਘਟਨਾਵਾਂ ਤੋਂ ਬਾਅਦ ਹੋਂਦ ਵਿੱਚ ਆਈ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਵੀ ਗੁਰੂ ਘਰਾਂ ਦੀ ਪਵਿਤਰਤਾ ਬਰਕਰਾਰ ਰੱਖਣਾ ਮੁੱਖ ਮੰਤਵ ਸੀ ਪ੍ਰੰਤੂ ਦੋਹਾਂ ਦੇ ਕੰਮ ਵੱਖਰੇ-ਵੱਖਰੇ ਸਨ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 1952 ਵਿੱਚ ਜਦੋਂ ਆਮ ਚੋਣਾਂ ਹੋਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਦੇ ਤੌਰ ‘ਤੇ ਰਜਿਸਟਰਡ ਨਹੀਂ ਸੀ, ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਕਾਂਗਰਸ ਪਾਰਟੀ ਨਾਲ ਸਮਝੌਤਾ ਕਰਕੇ ਕਾਂਗਰਸ ਪਾਰਟੀ ਦੀਆਂ ਟਿਕਟਾਂ ‘ਤੇ ਚੋਣ ਲੜੀ ਸੀ। ਮਰਹੂਮ ਸ੍ਰ.ਪਰਕਾਸ਼ ਸਿੰਘ ਬਾਦਲ ਵੀ ਪਹਿਲੀ ਵਾਰ ਕਾਂਗਰਸ ਪਾਰਟੀ ਦੇ ਟਿਕਟ ‘ਤੇ ਚੋਣ ਲੜੇ ਤੇ ਜਿੱਤੇ ਸਨ। ਕਈ ਕਾਂਗਰਸੀ ਨੇਤਾ ਜਿਵੇਂ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਇਕੋ ਸਮੇਂ ਰਹੇ ਹਨ। ਉਦੋਂ ਸਾਰੇ ਸਿਆਸੀ ਸਿੱਖ ਲੀਡਰ ਜੰਮਦੇ ਹੀ ਅਕਾਲੀ ਹੁੰਦੇ ਸਨ, ਅਕਾਲੀ ਦਲ ‘ਚੋਂ ਸਿਖਿਆ ਲੈ ਕੇ ਉਹ ਵੱਖੋ-ਵੱਖਰੀਆਂ ਪਾਰਟੀਆਂ ਵਿੱਚ ਚਲੇ ਜਾਂਦੇ ਸਨ। ਹੁਣ ਅਕਾਲੀ ਜੰਮਦੇ ਨਹੀਂ ਸਗੋਂ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਅਕਾਲੀ ਬਣਦੇ ਹਨ, ਇਸ ਕਰਕੇ ਅਕਾਲੀ ਦਲ ਵਿੱਚ ਨਿਘਾਰ ਆਇਆ ਹੈ। ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਅਕਾਲੀ ਦਲ ਭਾਵੇਂ ਰਾਜਨੀਤਕ ਪਾਰਟੀ ਹੈ, ਭਾਰਤ ਦੇ ਸੰਵਿਧਾਨ ਅਨੁਸਾਰ ਕੰਮ ਕਰਨਾ ਪ੍ਰੰਤੂ ਪੰਥਕ ਹਿਤਾਂ ‘ਤੇ ਪਹਿਰਾ ਦੇਣਾ ਉਸ ਦਾ ਮੁੱਖ ਕੰਮ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥਕ ਹਿਤਾਂ ਅਨੁਸਾਰ ਕੰਮ ਕਰਨਾ ਹੈ। ਇਸ ਲਈ ਅਕਾਲੀ ਦਲ ਦੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਬਣਨੇ ਚਾਹੀਦੇ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਮੈਂਬਰ ਨਹੀਂ ਹੋਣੇ ਚਾਹੀਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ। ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਤਾਂ ਉਨ੍ਹਾਂ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਤੱਤੀ ਤਵੀ ਤੇ ਬਿਠਾਕੇ ਸ਼ਹੀਦ ਕਰ ਦਿੱਤਾ ਸੀ। ਫਿਰ ਛੇਵੇਂ ਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਜ਼ੁਲਮ ਦੇ ਵਿਰੁੱਧ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ 15 ਜੂਨ 1606 ਵਿੱਚ ਕੀਤੀ, ਜੋ 1609 ਵਿੱਚ ਮੁਕੰਮਲ ਹੋਇਆ। ਪਹਿਲਾਂ ਇਸ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ। ਅਕਾਲ ਤਖ਼ਤ ਨੂੰ ਰਾਜਨੀਤਕ ਪ੍ਰਭੁਸਤਾ ਅਤੇ ਅਧਿਆਤਮਿਕ ਅਗਵਾਈ ਦਾ ਕੇਂਦਰ ਕਿਹਾ ਜਾਂਦਾ ਹੈ। ਅਕਾਲ ਤਖ਼ਤ ਤੋਂ ਸਿੱਖ ਪੰਥ ਸੰਬੰਧੀ ਧਾਰਮਿਕ ਹੁਕਮਨਾਮੇ ਜ਼ਾਰੀ ਕੀਤੇ ਜਾਂਦੇ ਸਨ। ਜਹਾਂਗੀਰ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ 12 ਸਾਲ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਕੇ ਰੱਖਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਾਹਜਹਾਂ ਨੂੰ ਚਾਰ ਲੜਾਈਆਂ ਵਿੱਚ ਹਰਾਇਆ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ੁਲਮ ਦੇ ਵਿਰੁੱਧ ਤੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ, ਉਨ੍ਹਾਂ ਨੂੰ ਮੁਗਲ ਬਾਦਸ਼ਾਹ ਔਰੰਗਜੇਬ ਨੇ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਅਤੇ ਦੋ ਛੋਟੇ ਸਾਹਿਬਜ਼ਾਦੇ ਸਰਹੰਦ ਵਿਖੇ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਗਏ। ਇਸ ਤੋਂ ਬਾਅਦ ਜ਼ੁਲਮ ਦਾ ਮੁਕਾਬਲਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕੀਤੀ। ਵੱਖ ਵੱਖ ਜ਼ਾਤਾਂ ਅਤੇ ਰਾਜਾਂ ਦੇ 5 ਵਿਅਕਤੀਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਾਜਿਆ ਗਿਆ ਅਤੇ ਫਿਰ ਆਪ ਉਨ੍ਹਾਂ ਤੋਂ ਅੰਮ੍ਰਿਤ ਪਾਨ ਕਰਕੇ ਆਪੇ ਗੁਰ ਆਪੇ ਚੇਲਾ ਬਣੇ। ਅਕਾਲ ਤਖ਼ਤ ਤੋਂ ਸਿੱਖ ਧਰਮ ਦੀਆਂ ਪਰੰਪਰਾਵਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਧਾਰਮਿਕ ਤਨਖ਼ਾਹ ਲਗਾਈ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਕੇ ਤਨਖ਼ਾਹ ਲਗਾਈ ਗਈ। ਸਮਾਂ ਗੁਜਰਦਾ ਗਿਆ। ਤਨਖ਼ਾਹ ਦੇਣ ਦੇ ਢੰਗ ਤਰੀਕੇ ਵੀ ਸਿਆਸਤਦਾਨਾ ਨੇ ਆਪਣੇ ਅਨੁਸਾਰ ਬਦਲਾ ਲਏ। ਸਿਆਸੀ ਨੇਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਤਨਖ਼ਾਹ ਨੂੰ ਪ੍ਰਵਾਨ ਕਰਦਿਆਂ ਲਗਾਈ ਤਨਖਾਹ ਅਨੁਸਾਰ ਸੇਵਾ ਕਰਕੇ ਦੋਸ਼ਾਂ ਤੋਂ ਸੁਰਖੁਰੂ ਹੋ ਕੇ ਮੁੜ ਪੰਥ ਵਿੱਚ ਸ਼ਾਮਲ ਹੋ ਜਾਂਦੇ ਹਨ, ਪ੍ਰੰਤੂ ਸਿਆਸੀ ਤਾਕਤ ਨਹੀਂ ਛੱਡਦੇ। ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਸਿਆਸੀ ਪਾਰਟੀ ਸੀ ਪ੍ਰੰਤੂ ਮਰਹੂਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ 1995 ਦੀ ਮੋਗਾ ਕਾਨਫਰੰਸ ਵਿੱਚ ਅਕਾਲੀ ਦਲ ਨੂੰ ਸਿਆਸੀ ਤਾਕਤ ਹਾਸਲ ਕਰਨ ਲਈ ਪੰਜਾਬੀ ਪਾਰਟੀ ਬਣਾ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤਿਆਰ ਕਰਨ ਲਈ ਪੰਥਕ ਸੰਸਥਾਵਾਂ ਕੰਮ ਕਰ ਰਹੀਆਂ ਸੀ। ਉਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਅਤੇ ਸਿੱਖ ਵਿਦਿਅਕ ਕਾਨਫਰੰਸਾਂ ਆਦਿ ਸਨ। ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਵਿਦਿਆਰਥੀਆਂ ਵਿੱਚ ਸਿੱਖ ਧਰਮ ਬਾਰੇ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਕਰਦੀ ਸੀ। ਧਾਰਮਿਕ ਸੈਮੀਨਾਰ, ਗੁਰਮਤਿ ਸਮਾਗਮ, ਸਿੱਖ ਇਤਿਹਾਸ ਸੰਬੰਧੀ ਭਾਸ਼ਣ ਮੁਕਾਬਲੇ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਂਦੇ ਸਨ। ਇਹ ਸਾਰੇ ਅੰਮ੍ਰਿਤਧਾਰੀ ਹੁੰਦੇ ਸਨ ਪ੍ਰੰਤੂ ਜਦੋਂ ਅਕਾਲੀ ਦਲ ਪੰਜਾਬੀ ਪਾਰਟੀ ਬਣ ਗਿਆ ਤਾਂ ਅਕਾਲੀ ਦਲ ਨੇ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ ਬਣਾ ਲਈ। ਇਸ ਸੰਸਥਾ ਦਾ ਸਿੱਖ ਰਹਿਤ ਮਰਿਆਦਾ ਅਤੇ ਪਰੰਪਰਾਵਾਂ ਨਾਲੋਂ ਨਾਤਾ ਟੁੱਟ ਗਿਆ। ਸਿੱਖ ਸਟੂਡੈਂਟ ਫੈਡਰੇਸ਼ਨ ਖ਼ਤਮ ਕਰ ਦਿੱਤੀ ਗਈ। ਸਟੂਡੈਂਟ ਆਰਗਨਾਈਜੇਸ਼ਨ ਦਾ ਮੁੱਖ ਕੰਮ ਅਕਾਲੀ ਨੂੰ ਮਜ਼ਬੂਤ ਕਰਨਾ ਰਹਿ ਗਆ। ਸਭ ਤੋਂ ਮਾੜੀ ਗੱਲ ਇਹ ਹੋਈ ਕਿ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦਾ ਨਤੀਜਾ ਇਹ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੀ ਗ਼ੁਲਾਮ ਬਣ ਗਈ। ਇਸ ਤੋਂ ਬਾਅਦ ਅਕਾਲੀ ਦਲ ਨੇ ਪੰਥਕ ਸੋਚ ਨੂੰ ਤਿਲਾਂਜ਼ਲੀ ਦੇ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਕੰਮਾ ਵਿੱਚ ਅਕਾਲੀ ਦਲ ਦੀ ਦਖ਼ਅੰਦਾਜ਼ੀ ਨਾਲ ਸ਼੍ਰੋਮਣੀ ਕਮੇਟੀ ਆਪਣੇ ਕਾਰਜ ਖੇਤਰ ਤਂੱ ਥਿੜਕ ਗਈ। ਜਿਸ ਕਰਕੇ ਅਕਾਲੀ ਦਲ ਦਾ ਪਤਨ ਸ਼ੁਰੂ ਹੋ ਗਿਆ। ਅਕਾਲੀ ਦਲ ਵਿੱਚ ਅੰਮ੍ਰਿਤਧਾਰੀ ਤਾਂ ਛੱਡੋ ਪੂਰਨ ਸਿੱਖ ਵੀ ਨਹੀਂ ਰਹੇ ਸਗੋਂ ਹੋਰ ਲੋਕ ਸ਼ਾਮਲ ਹੋ ਗਏ। ਧਾਰਮਿਕ ਅਵੱਗਿਆ ਵਾਲਿਆਂ ਨੂੰ ਤਨਖ਼ਾਹਾਂ ਦੀ ਥਾਂ ਗੁਰੂ ਘਰਾਂ ਦੀ ਸੇਵਾ ਦੀ ਤਨਖ਼ਾਹ ਲਗਾ ਕੇ ਮੁੜ ਪੰਥ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਅਕਾਲੀ ਦਲ ਦੀ ਦਖ਼ਲ ਅੰਦਾਜ਼ੀ ਹੈ। ਸਿੱਖ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਹੁੰਦੇ ਹਨ। ਜਦੋਂ ਵੀ ਸਿੱਖ/ਪੰਥ ਤੇ ਕੋਈ ਸੰਕਟ ਆਉਂਦਾ ਹੈ ਤਾਂ ਸ੍ਰੀ ਅਕਾਲ ਤਖ਼ਤ ਤੋਂ ਪ੍ਰੇਰਨਾ ਲਈ ਜਾਂਦੀ ਹੈ। ਹੁਣ ਜਦਂ ਅਕਾਲੀ ਦਲ ਫਿਰ ਗਹਿਰੇ ਸੰਕਟ ਵਿੱਚ ਹੈ। ਦੁਫਾੜ ਹੋਣ ਦੇ ਕਿਨਾਰੇ ਹੈ ਤਾਂ ਇੱਕ ਧੜੇ ਨੇ ਸ੍ਰੀ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਅਕਾਲੀ ਸਰਕਾਰ ਮੌਕੇ ਕੀਤੀਆਂ ਧਾਰਮਿਕ ਅਵੱਗਿਆਵਾਂ ਦੀ ਮੁਆਫ਼ੀ ਮੰਗੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸ਼ਿਕਾਇਤ ਕੀਤੀ ਹੈ। ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 15 ਦਿਨਾਂ ਵਿੱਚ ਸ੍ਰੀ ਅਕਾਲ ਤਖ਼ਤ ਨੂੰ ਸ਼ਪਸ਼ਟੀਕਰਨ ਦੇਣ ਲਈ ਕਿਹਾ ਸੀ। ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਤੇ ਪੇਸ਼ ਹੋ ਕੇ ਬੰਦ ਲਿਫਾਫਾ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੁਖਬੀਰ ਸਿੰਘ ਬਾਦਲ ਨਾਲ ਜਥੇਦਾਰ ਨੂੰ ਮਿਲੇ ਹਨ। ਹੁਣ ਜੇਕਰ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖ਼ਾਹ ਲਗਾ ਦਿੱਤੀ ਤਾਂ ਉਹ ਤਨਖਾਹ ਵਿੱਚ ਲਗਾਈ ਸੇਵਾ ਪੂਰੀ ਕਰ ਲਵੇਗਾ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਰਹੇਗਾ। ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਨਹੀਂ ਹੋਣਾ ਚਾਹੀਦਾ ਹੈ। ਤਿੰਨ ਤਖ਼ਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਉਹ ਕਿਵੇਂ ਨਿਰਪੱਖਤਾ ਨਾਲ ਫ਼ੈਸਲੇ ਕਰ ਸਕਦੇ ਹਨ? ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਰਪੱਖਤਾ ਦਾ ਸਬੂਤ ਦਿੰਦਿਆਂ ਦੋਹਾਂ ਧੜਿਆਂ ਤੋਂ ਬਿਨਾ ਹੋਰ ਕੋਈ ਰਸਤਾ ਲੱਭਕੇ ਅਕਾਲੀ ਦਲ ਨੂੰ ਬਚਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਜੇਕਰ ਕਿਸੇ ਇੱਕ ਧੜੇ ਦਾ ਪੱਖ ਲਿਆ ਗਿਆ ਤਾਂ ਅਕਾਲੀ ਦਲ ਵਿੱਚ ਰੋਲ ਘਚੋਲਾ ਪਿਆ ਰਹੇਗਾ ਅਤੇ ਸ੍ਰੀ ਅਕਾਲ ਤਖ਼ਤ ਦੀ ਸਰਵਉਚਤਾ ਨੂੰ ਵੰਗਾਰ ਹੋਵੇਗੀ।

Add new comment