ਭਗਵੰਤ ਸਿੰਘ ਮਾਨ ਅਕਾਲ ਤਖ਼ਤ ਦਾ ਓਟ-ਆਸਰਾ ਲੈਣ ! ਡੁੱਲ੍ਹੇ ਬੇਰਾਂ ਦਾ ਕੁਝ ‘ਨੀ ਵਿਗੜਿਆ, ਕੌਮ ਦਾ ਦਿਲ ਜਿੱਤਣਾ ਹਾਲ ਦੀ ਘੜੀ ਵੀ ਦੂਰ ਨਹੀਂ !

 

ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਧਾਰਮਿਕ ਖੁਦਮੁਖਤਿਆਰੀ ਦੀ ਸਰਬ-ਉਤਮ ਗੱਦੀ ਹੈ ਅਤੇ ਸਿੱਖਾਂ ਦੇ ਸਮੂਹ ਸਰਬੱਤ ਖਾਲਸਾ ਦੀਵਾਨਾਂ ਦੀ ਮੰਜੀ ਹੈ । ਸ਼੍ਰੀ ਅਕਾਲ ਤਖ਼ਤ ਸਾਹਿਬ ਮੀਰੀ ਅਤੇ ਪੀਰੀ ਭਾਵ ਸੰਸਾਰ ਵਿੱਚ ਵਸਦੀ ਸਮੁੱਚੀ ਸਿੱਖ ਕੌਮ ਦੇ ਰਾਜਨੀਤਿਕ ਅਤੇ ਅਧਿਆਤਮਿਕ ਵਿਚਾਰਧਾਰਾ ਦਾ ਮੂਲ ਧੁਰਾ ਹੈ । ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇ-ਸਮੇ ਜਾਰੀ ਹੁਕਮਨਾਮੇ ਅਤੇ ਆਦੇਸ਼ਾਂ ਨੂੰ ਸਿਰ - ਮੱਥੇ ਪ੍ਰਵਾਨ ਕਰਨਾ ਅਤੇ ਮੰਨਣਾ ਹਰ ਸਿੱਖ ਆਪਣਾ ਵੱਡਭਾਗਾ ਫ਼ਰਜ਼ ਸਮਝਦਾ ਹੈ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸ਼੍ਰੀ ਅਕਾਲ ਤਖ਼ਤ ਜਾਰੀ ਹੋਏ ਕਿਸੇ ਵੀ ਹੁਕਮਨਾਮੇ ਜਾਂ ਆਦੇਸ਼ਾਂ ਦੀ ਅਵੱਗਿਆ ਕਰਨ ਵਾਲੇ ਕਿਸੇ ਵੀ ਸਿੱਖ ਜਾਂ ਗ਼ੈਰ-ਸਿੱਖ ਨੂੰ ਸਦਾ ਹੀ ਕੌਮ ਦੇ ਗੁੱਸੇ ਅਤੇ ਰੋਹ ਦਾ ਸ਼ਿਕਾਰ ਹੋਣਾ ਪਿਆ ਹੈ । ਜੇਕਰ ਸਿੱਖਾਂ ਦੇ ਇਤਿਹਾਸਕ ਪਿਛੋਕੜ ਨੂੰ ਵਾਚਿਆ ਜਾਵੇ ਤਾਂ ਇਹ ਗੱਲ ਨਿਕਲਕੇ ਸਾਹਮਣੇ ਆਉਂਦੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਬ ਨਾਲ ਆਢਾ ਲੈਣ ਵਾਲਾ ਹਮੇਸ਼ਾਂ ਹੀ ਸਿੱਖਾਂ ਦੇ ਦਿਲਾਂ ਤੋਂ ਲਹਿੰਦਾ ਰਿਹਾ ਹੈ । 

ਸੰਨ ਨੱਬੇ ਤੋਂ ਬਾਦ ਪੰਜਾਬ ਵਿੱਚ ਦਹਿਸ਼ਤ ਦਾ ਬ੍ਰਿਤਾਂਤ ਅੱਜ ਫਿਰ ਦੁਬਾਰਾ ਤੋਂ ਸਿਰਜਿਆ ਜਾ ਰਿਹਾ ਮਹਿਸੂਸ ਹੋ ਰਿਹਾ ਹੈ । ਅਜਿਹਾ ਵਰਤਾਰਾ ਸਿਰਫ ਉਦੋਂ ਹੀ ਵਾਪਰਦਾ ਹੈ ਜਦੋਂ- ਜਦੋਂ ਵੀ ਸਿੱਖ ਕੌਮ ਆਪਣੀ ਹੋਂਦ ਅਤੇ ਪਹਿਚਾਣ ਦੀ ਬਹਾਲੀ ਲਈ ਕੋਈ ਕਦਮ ਚੁੱਕਦੀ ਹੈ ਜਾਂ ਕੋਈ ਮੁਹਿੰਮ ਵਿੱਢਦੀ ਹੈ । ਇਸ ਵਾਰ ਵੀ ਪੰਜਾਬ ਵਿੱਚ ਸਿੱਖ ਜੱਥੇਬੰਦੀ ‘ਵਾਰਿਸ ਪੰਜਾਬ’ ਵੱਲੋਂ ਸਿੱਖ ਨੌਜੁਆਨ ਭਾਈ ਅਮ੍ਰਿਤਪਾਲ ਸਿੰਘ ਦੀ ਰਹਿਨੁਮਾਈ ਹੇਠ ਸਮੁਚੇ ਪੰਜਾਬ ਵਿੱਚ ਪੜਾਅ ਦਰ ਪੜਾਅ ਸਿੱਖ ਨੌਜੁਆਨਾਂ ਨੂੰ ਨਸ਼ੇ ਛੁਡਵਾਉਣ ਲਈ ਪ੍ਰੇਰਿਤ ਕਰਨ ਅਤੇ ਅਮ੍ਰਿਤ ਸੰਚਾਰ ਕਰਵਾਉਣ ਦੀ ‘ਵਹੀਰ ਖਾਲਸਾ’ ਦੇ ਨਾਂ ਹੇਠ ਮੁਹਿੰਮ ਸੁਰੂ ਕੀਤੀ ਗਈ ਸੀ । ਵਹੀਰ ਖਾਲਸਾ ਸਮੇਂ ਅਮ੍ਰਿਤਪਾਲ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਨੌਜੁਆਨ ਵੱਡੇ ਪੱਧਰ ਤੇ ਅਮ੍ਰਿਤਪਾਨ ਕਰਨ ਲੱਗੇ ਅਤੇ ਗੁਰੂ ਦੇ ਸਿੰਘ ਸਜਕੇ ਨਸ਼ਿਆਂ ਦਾ ਤਿਆਗ ਕਰਨ ਲੱਗ ਪਏ । ਵਹੀਰ ਖਾਲਸਾ ਦੇ ਮਕਸਦ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਦਿਨਾਂ ਵਿੱਚ ਹੀ ਭਾਈ ਅਮ੍ਰਿਤਪਾਲ ਸਿੰਘ ਨੇ ਪੂਰੇ ਵਿਸ਼ਵ ਵਿੱਚ ਵਸਦੇ ਸਿੱਖਾਂ ਦੇ ਦਿਲਾਂ ‘ਤੇ ਰਾਜ ਕਰਨਾ ਸੁਰੂ ਕਰ ਲਿਆ, ਕਿਉਂਕਿ ਨਸ਼ਿਆਂ ਪ੍ਰਤੀ ਉਸਨੇ ਦਿਨਾਂ ‘ਚ ਹੀ ਉਹ ਕਰ ਵਿਖਾਇਆ ਜੋ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਵੀ ਨਹੀਂ ਕਰ ਸਕੀਆਂ । ਪਰ ਉਹੀ ਹੋਇਆ, ਜੋ ਅਜਿਹੇ ਮੌਕਿਆਂ ‘ਤੇ ਹਮੇਸ਼ਾਂ ਹੀ ਪਹਿਲਾਂ ਤੋਂ ਹੁੰਦਾ ਆਇਆ ਹੈ । ਫਿਰ ਦਿੱਲੀ ਦਰਬਾਰ ਵੱਲੋਂ ਇਸ ਵਾਰ ਵੀ ਪੰਜਾਬ ਦੀ ਸਿੱਖ ਨੌਜੁਆਨੀ ਨੂੰ ਅੱਤਵਾਦੀ ਅਤੇ ਵੱਖਵਾਦੀ ਗਰਦਾਨਦਿਆਂ ਕਾਲ਼ੇ ਕਾਨੂੰਨਾਂ ਰਾਹੀਂ ਜੇਲ੍ਹਾਂ ਵਿੱਚ ਸੁੱਟਣ ਦਾ ਕੰਮ ਸੁਰੂ ਕਰ ਦਿੱਤਾ । ਹਰ ਵਾਰ ਨਵੀਂ ਤੋਂ ਨਵੀਂ ਰਣਨੀਤੀ ਤਹਿਤ ਇਸ ਵਾਰ ਤਾਂ ਦਿੱਲੀ ਦਰਬਾਰ ਨੇ ਨਵੇਂ ਪੱਤਿਆਂ ਅੰਨਾ ਹਜ਼ਾਰੇ ਅਤੇ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਵਿੱਚ ਅੱਗ ਦੀ ਹੋਲੀ ਖੇਡ੍ਹਣ ਦੀ ਚਾਲ ਚੱਲਣ ਦਾ ਯਤਨ ਕੀਤਾ ਹੈ । ਆਰ ਐੱਸ ਐੱਸ ਨੇ ਅੰਨਾ ਹਜ਼ਾਰੇ ਅੰਦੋਲਨ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਇੱਕ ਇਮਾਨਦਾਰ ਲੋਕ ਨਾਇਕ ਬਣਾਕੇ ਪੇਸ਼ ਕੀਤਾ । ਪੰਜਾਬ ਵਿੱਚ ਲੋਕਾਂ ਦੇ ਪਹਿਲੀਆਂ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋਣ ਦੀ ਨਬਜ਼ ਨੂੰ ਸਮਝਦੇ ਹੋਏ ਮੌਕਾ ਤਾੜਦਿਆਂ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਰਾਹੀਂ ਪੰਜਾਬ ਵਿੱਚ ਪ੍ਰਵੇਸ਼ ਕਰਵਾ ਦਿੱਤਾ । ਪੰਜਾਬੀਆਂ ਨੇ ਪੰਜਾਬ ਵਿੱਚ ਬਦਲਾਅ ਦੀ ਆਸ ਵਿੱਚ ਮਨੋਂ-ਧਨੋਂ ਕੇਜਰੀਵਾਲ ਦਾ ਸਾਥ ਦਿੰਦਿਆਂ ਪੰਜਾਬ ਦੀ ਸੱਤਾ ਦਾ ਸਿੰਘਾਸਨ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤਾ । ਪਰ ਇਸ ਲਏ ਵੱਡੇ ਫੈਸਲੇ ਵਿੱਚ ਭੋਲ਼ੇ ਪੰਜਾਬੀ ਇੱਕ ਵੱਡੀ ਮਾਰ ਖਾ ਗਏ, ਉਹ ਇਹ ਕਿ ਅਰਵਿੰਦ ਕੇਜਰੀਵਾਲ ਤਾਂ ਦਿੱਲੀ ਦਰਬਾਰ ਦਾ ਹੀ ਨਵਾਂ ਮੁੰਨਿਆ ਚੇਲਾ ਨਿਕਲਿਆ ਅਤੇ ਜਿਸਨੇ ਇਹ ਕਹਾਵਤ ਕਿ “ਚੇਲਾ ਉਹ ਜੋ ਗੁਰੂ ਦਾ ਵੀ ਗੁਰੂ ਨਿਕਲੇ” , ਸੱਚ ਕਰ ਦਿਖਾਈ ਹੈ । ਨੱਬੇ ਦੇ ਕਾਲ਼ੇ ਦੌਰ ਦੇ ਲੰਮੇ ਅਰਸੇ ਬਾਅਦ ਮੁੱਖ ਮੰਤਰੀ ਬੇਅੰਤ ਸਿੰਘ ਪਿੱਛੋਂ ਅੱਜ ਇੱਕ ਵਾਰ ਫਿਰ ਦਿੱਲੀ ਦਰਬਾਰ ਆਪਣੇ ਚੇਲੇ ਕੇਜਰੀਵਾਰ ਰਾਹੀਂ ਸਿੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥੀਂ ਸਿੱਖ ਨੌਜੁਆਨੀ ਦਾ ਸ਼ਿਕਾਰ ਕਰਕੇ ਦਿੱਲੀ ਦੇ ਭੇੜੀਆਂ ਅੱਗੇ ਪਰੋਸਣ ਦੀ ਕੋਸ਼ਿਸ਼ ਵਿੱਚ ਹੈ । 

ਅੱਜ ਪੰਜਾਬ ਵਿੱਚ ਬਦਲਾਅ ਦੇ ਆਸਵੰਦ ਸਿੱਖ ਆਪਣੀਆਂ ਉਮੀਦਾਂ ਉੱਤੇ ਪਾਣੀ ਫਿਰਿਆ ਮਹਿਸੂਸ ਕਰਕੇ ਆਮ ਆਦਮੀ ਪਾਰਟੀ ਤੋਂ ਪੂਰੇ ਮਾਯੂਸ ਅਤੇ ਖ਼ਫ਼ਾ ਹੋ ਚੁੱਕੇ ਹਨ । ਅੱਜ ਵਿਸ਼ਵ ਦਾ ਸਮੁੱਚਾ ਸਿੱਖ ਭਾਈਚਾਰਾ ਭਗਵੰਤ ਮਾਨ ਸਰਕਾਰ ਤੋਂ ਲੁੱਟਿਆ ਅਤੇ ਠੱਗਿਆ ਮਹਿਸੂਸ ਕਰ ਰਿਹਾ ਹੈ । ਕਿਉਂਕਿ ਉੱਨ੍ਹਾਂ ਨੇ ਜੋ ਆਪ ਸਰਕਾਰ ਤੋਂ ਆਸਾਂ ਸੰਜੋਈਆਂ ਸਨ, ਉਹਨਾਂ ਨੂੰ ਬੂਰ ਪੈਣ ਦੀ ਥਾਂ ਉਹ ਉਹਨਾਂ ਨੂੰ ਸੂਲ਼ਾਂ ਦੀਆਂ ਚੋਭਾਂ ਦਿੰਦੀਆਂ ਮਹਿਸੂਸ ਹੋ ਰਹੀਆਂ ਹਨ ਅਤੇ ਇੱਥੇ ਹੀ ਬਸ ਨਹੀਂ, ਸਗੋਂ ਮਾਨ ਸਰਕਾਰ ਸਿੱਖਾਂ ਦੇ ਦਿਲਾਂ ਤੇ ਆਏ ਹੋਏ ਕਈ ਦਹਾਕੇ ਪਹਿਲਾਂ ਦੇ ਦਿੱਲੀ ਦਰਬਾਰ ਦੇ ਦਿੱਤੇ ਹੋਏ ਜ਼ਖ਼ਮਾਂ ਨੂੰ ਦੁਬਾਰਾ ਫਿਰ ਤੋਂ ਕੁਰੇਦਣ ਦਾ ਯਤਨ ਕਰ ਰਹੀ ਜਾਪਦੀ ਹੈ । ਲੰਘੇ ਦਿਨੀਂ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ ਉੱਤੇ ਗ਼ੈਰ-ਰਾਜਨੀਤਿਕ ਸਿੱਖ ਜੱਥੇਬੰਦੀਆਂ ਨਾਲ ਹੋਏ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਵਿਚਾਰਾਂ ਕਰਨ ਲਈ ਇਕੱਤਰਤਾ ਹੋਈ ਸੀ। ਇਸ ਮੌਕੇ ਜੱਥੇਦਾਰ ਅਕਾਲ ਤਖ਼ਤ ਵੱਲੋਂ ਫੈਸਲਾ ਲਿਆ ਗਿਆ ਕਿ ਪੰਜਾਬ  ਸਰਕਾਰ ਰਾਹੀਂ ਦਿੱਲੀ ਦਰਬਾਰ ਵੱਲੋਂ ਸੁਰੂ ਕੀਤਾ ਸਿੱਖੀ ਦਾ ਘਾਣ ਰੋਕਣ ਲਈ ਦੋਵਾਂ ਸਰਕਾਰਾਂ ਨੂੰ ਸਮਾਂਬੱਧ ਅਲਟੀਮੇਟ ਦਿੱਤਾ ਜਾਵੇ । ਪਰ ਭਗਵੰਤ ਮਾਨ ਦਾ ਜੱਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਤੁਰੰਤ ਮੋੜਵਾਂ ਜਵਾਬ ਦੇਣਾ ਸਿੱਖ ਕੌਮ ਵੱਲੋਂ ਬਹੁਤ ਹੀ ਮੰਦਭਾਗਾ ਮੰਨਿਆ ਜਾ ਰਿਹਾ ਹੈ । ਸਿੱਖੀ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕੋਈ ਸਿੱਖ ਮੁੱਖ ਮੰਤਰੀ ਜਾਂ ਨੇਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧਾ ਹੋਇਆ ਹੋਵੇ ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਰਾਜ-ਭਾਗ ਦਾ ਪ੍ਰਮੁੱਖੀ ਹੈ । ਦੂਸਰੇ ਸ਼ਬਦਾਂ ਵਿੱਚ ਜੇ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦਾ ‘ਰਾਜਾ’ ਵੀ ਆਖ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ । ਕਿਉਂਕਿ ਰਾਜੇ ਨੇ ਹੀ ਆਪਣੇ ਰਾਜ ਦੀ ਪਰਜਾ ਨੂੰ ਸਾਫ਼ ਅਤੇ ਸੁਥਰਾ ਰਾਜ ਪ੍ਰਬੰਧ ਮੁਹਈਆ ਕਰਵਾਉਣਾ ਹੁੰਦਾ ਹੈ । ਰਾਜ ਵਿੱਚ ਸ਼ਾਂਤੀ ਦੀ ਵਿਵਸਥਾ ਕਾਇਮ ਕਰਨਾ ਵੀ ਰਾਜੇ ਦੀ ਮੁਢਲੀ ਜਿੰਮੇਦਾਰੀ ਹੁੰਦੀ ਹੈ । ਪ੍ਰੰਤੂ ਭਾਰਤ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਦੇ ਬਹੁਗਿਣਤੀ ਵਸ਼ਿੰਦਿਆਂ ਭਾਵ ਸਿੱਖਾਂ ਨੂੰ ਆਪਣੇ ਧਾਰਮਿਕ ਮਸਲਿਆਂ ਦੇ ਸਬੰਧ ਵਿੱਚ ਫੈਸਲੇ ਲੈਣ ਅਤੇ ਧਾਰਮਿਕ ਮੁੱਦਿਆਂ ਉੱਤੇ ਹੁਕਮਨਾਮੇ/ਆਦੇਸ਼ ਜਾਰੀ ਕਰਨ ਦੇ ਭਾਰਤ ਦੇ ਸੰਵਿਧਾਨ ਨੇ ਆਪਣੇ ਪੱਧਰ ‘ਤੇ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਹਨ । ਇਹਨਾਂ ਹੁਕਮਾਂ ਅਤੇ ਅਦੇਸ਼ਾਂ ਨੂੰ ਹਰ ਸਿੱਖ ਲਈ ਮੰਨਣਾ ਜਰੂਰੀ ਹੈ ਅਤੇ ਇਹਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਕੌਮ ਵਿੱਚ ਛੇਕਣ ਭਾਵ ਸਮਾਜਕ ਤੌਰ ਤੇ ਬਾਈਕਾਟ ਕਰਨ ਦਾ ਵੀ  ਪ੍ਰਵਾਧਾਨ ਹੈ । ਸਿੱਖੀ ਵਿੱਚ ਇਹ ਪ੍ਰੰਪਰਾ ਸੁਰੂ ਤੋਂ ਨਿਰੰਤਰ ਚੱਲੀ ਆ ਰਹੀ ਹੈ । 

ਪਰ ਇੰਝ ਮਹਿਸੂਸ ਹੋ ਰਿਹਾ ਹੈ ਕਿ ਅੱਜ ਪੰਜਾਬ ਨੂੰ ਜਿਵੇਂ ਹੁਣ ਦੁਬਾਰਾ ਫਿਰ ਸੰਤਾਪ ਦੀ ਅੱਗ ਵਿੱਚ ਝੋਕਣ ਦੀ ਤਿਆਰੀ ਹੋ ਰਹੀ ਹੋਵੇ। ਪਰ ਸਾਡੇ ਪਿਆਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਕ ਸੂਝਵਾਨ ਸਿੱਖ ਮੁੱਖ ਮੰਤਰੀ ਹਨ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਰ ਸਿੱਖ ਦਾ ਖੂਨ  ਸਦਾ ਹੀ ਸਿੱਖੀ ਦੀ ਆਨ ਅਤੇ ਸ਼ਾਨ ਲਈ ਖੌਲਿਆ ਅਤੇ ਡੁਲ੍ਹਿਆ ਹੈ। ਸਾਨੂੰ ਸਿੱਖ ਕੌਮ ਅਤੇ ਸਮੂਹ ਪੰਜਾਬੀਆਂ ਨੂੰ ਪੂਰਨ ਆਸ ਹੈ ਕਿ ਸਾਡੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਿੱਲੀ ਦਰਬਾਰ ਦੇ ਦਰਬਾਰੀਆਂ ਦੀ ਹਰ ਕੋਝੀ ਹਰਕਤ ਉੱਤੇ ਬਾਜ਼-ਅੱਖ ਹੋਏ ਉਹਨਾਂ ਨੂੰ ਆਪਣੇ ਪੰਜਾਬ ਦੇ ਹਿੱਤਾਂ ਨਾਲ ਨਹੀਂ ਖੇਡ੍ਹਣ ਦੇਣਗੇ । ਪੰਜਾਬ ਦੀ ਸਦੀਆਂ ਪੁਰਾਣੀ ਹਿੰਦੂ-ਸਿੱਖ ਏਕਤਾ ਦੀ ਪੁਰਾਤਨ ਸਾਂਝ ਦੀ ਰਵਾਇਤ ਨੂੰ ਉਹ ਕਿਸੇ ਵੀ ਕੀਮਤ ਤੇ ਆਂਚ ਵੀ ਨਹੀਂ ਆਉਣ ਦੇਣਗੇ, ਇਸ ਵਾਰੇ ਵੀ ਅਸੀਂ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਪੂਰੀ ਤਰਾਂ ਆਸਵੰਦ ਹਾਂ । ਸਮੁੱਚੀ ਸਿੱਖ ਕੌਮ ਮੁੱਖ ਮੰਤਰੀ ਮਾਨ ਸਾਹਿਬ ਤੋਂ ਉਚੇਚੇ ਤੌਰ ਤੇ ਆਸਵੰਦ ਹੈ ਕਿ ਉਹ ਆਪਣੀ ਸਿੱਖ ਕੌਮ ਦੇ ਵਿਸ਼ਵ ਦੇ ਸਰਬਉੱਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨਾਲ ਸੂਬੇ ਦੇ ਸਿੱਖ ਮਸਲਿਆਂ ਸਬੰਧੀ ਤਾਲਮੇਲ ਕਾਇਮ ਬਣਾਕੇ ਕਿਸੇ ਵੀ ਬਾਹਰੀ ਅਨਸਰ ਨੂੰ ਪੰਜਾਬ ਵਿੱਚ ਅੱਗ ਦੀ ਹੋਲੀ ਨਹੀਂ ਖੇਡ੍ਹਣ ਦੇਣਗੇ ।

Add new comment