ਮਨੀਪੁਰ 'ਚ ਨਹੀਂ ਰੁਕ ਰਹੀ ਹਿੰਸਾ, ਦੋ ਧਿਰਾਂ ਵਿਚਾਲੇ ਗੋਲ਼ੀਬਾਰੀ 'ਚ ਇਕ ਦੀ ਮੌਤ

ਇੰਫਾਲ, 29 ਅਗਸਤ : ਮਣੀਪੁਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹਿੰਸਾ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਮੰਗਲਵਾਰ ਨੂੰ ਰਾਜ ਦੇ ਬਿਸ਼ਨੂਪੁਰ ਜ਼ਿਲੇ ਦੇ ਨਰਾਇਣਸੇਨਾ 'ਚ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਹੋਣ ਦਾ ਪਤਾ ਲੱਗਾ। ਪੁਲਿਸ ਅਨੁਸਾਰ ਦੋ ਧਿਰਾਂ ਵਿਚਾਲੇ ਹੋਈ ਜ਼ਬਰਦਸਤ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦੋਂਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੈ। ਅਧਿਕਾਰਤ ਬਿਆਨਾਂ ਦੇ ਅਨੁਸਾਰ, ਇੱਕ ਰਾਹਤ ਕੈਂਪ ਵਿੱਚ ਰਹਿ ਰਹੇ ਇੱਕ ਗ੍ਰਾਮੀਣ ਰੱਖਿਆ ਵਲੰਟੀਅਰ ਦੀ ਅਚਾਨਕ ਧਮਾਕੇ ਵਿੱਚ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਵਿਅਕਤੀ ਦੇ ਮੋਢੇ 'ਤੇ ਗੋਲੀ ਲੱਗੀ। ਜ਼ਖਮੀਆਂ ਨੂੰ ਇੰਫਾਲ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ । ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਅਤੇ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਵੱਖ-ਵੱਖ ਅਪਰੇਸ਼ਨਾਂ ਵਿੱਚ ਵੱਖ-ਵੱਖ ਸੰਗਠਨਾਂ ਨਾਲ ਸਬੰਧਤ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਤਲਾਸ਼ੀ ਮੁਹਿੰਮ ਦੌਰਾਨ, ਪੁਲਿਸ ਨੇ ਇੰਫਾਲ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਤੋਂ ਐਨਐਸਸੀਐਨ (ਆਈਐਮ) ਅਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਇੱਕ-ਇੱਕ ਅਤੇ ਕਾਂਗਲੀਪਾਕ ਕਮਿਊਨਿਸਟ ਪਾਰਟੀ (ਕੇਸੀਪੀ) (ਲਮਯੰਬਾ ਖੁਮਾਨ ਧੜੇ) ਦੇ ਦੋ ਓਵਰਗਰਾਊਂਡ ਵਰਕਰਾਂ ਨੂੰ ਗ੍ਰਿਫਤਾਰ ਕੀਤਾ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ ਛੇ ਹਥਿਆਰ, ਪੰਜ ਕਾਰਤੂਸ ਅਤੇ ਦੋ ਵਿਸਫੋਟਕ ਬਰਾਮਦ ਕੀਤੇ ਹਨ। ਸੁਰੱਖਿਆ ਬਲਾਂ ਵੱਲੋਂ ਘਾਟੀ ਦੇ ਪੰਜ ਜ਼ਿਲ੍ਹਿਆਂ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।