ਜੀ-20 ਸੰਮੇਲਨ ਲਈ ਭਾਰਤ ਪਹੁੰਚੇ ਅਮਰੀਕੀ ਰਾਸ਼ਟਰਪਤੀ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ 'ਤੇ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ

ਨਵੀਂ ਦਿੱਲੀ, 8 ਸਤੰਬਰ : ਰਾਜਧਾਨੀ ਦਿੱਲੀ 'ਚ ਜੀ-20 ਸੰਮੇਲਨ ਲਈ ਵਿਦੇਸ਼ੀ ਮਹਿਮਾਨ ਲਗਾਤਾਰ ਭਾਰਤ ਪਹੁੰਚ ਰਹੇ ਹਨ। ਇਸ ਸੰਮੇਲਨ 'ਚ ਹਿੱਸਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅੱਜ ਸ਼ਾਮ ਕਰੀਬ 7 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜੀ-20 ਸੰਮੇਲਨ ਲਈ 3 ਦਿਨਾਂ ਭਾਰਤ ਦੌਰੇ 'ਤੇ ਆਏ ਹਨ। ਉਹ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਉਤਰੇ। ਇੱਥੇ ਕੇਂਦਰੀ ਮੰਤਰੀ ਜਨਰਲ ਵੀ.ਕੇ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਿਡੇਨ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਅਤੇ ਉਨ੍ਹਾਂ ਦੀ ਬੇਟੀ ਨਾਲ ਵੀ ਮੁਲਾਕਾਤ ਕੀਤੀ। ਅਮਰੀਕੀ ਰਾਸ਼ਟਰਪਤੀ ਜਲਦੀ ਹੀ ਪ੍ਰਧਾਨ ਮੰਤਰੀ ਨਿਵਾਸ 'ਤੇ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ। ਉਨ੍ਹਾਂ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਨੀਜ਼, ਦੱਖਣੀ ਕੋਰੀਆ ਦੇ ਰਾਸ਼ਟਰਪਤੀ, ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਪਹੁੰਚੇ ਸਨ। ਭਾਰਤ ਵੱਲੋਂ ਜੀ-20 ਵਿੱਚ ਬੰਗਲਾਦੇਸ਼ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਜੀ-20 ਸੰਮੇਲਨ ਲਈ ਦਿੱਲੀ ਪਹੁੰਚੇ
ਜੀ-20 ਮੈਂਬਰ ਦੇ ਮਹਿਮਾਨਾਂ ਦੀ ਆਮਦ ਜਾਰੀ ਹੈ। ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜੀਓ ਮੇਲੋਨੀ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਾ ਮੂਰਤੀ ਨਾਲ ਨਵੀਂ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਦਾ ਸਵਾਗਤ ਕੇਂਦਰੀ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਕੀਤਾ। ਸੁਨਕ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਭਾਰਤ ਆਏ ਹਨ।

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਪਤਨੀ ਨਾਲ ਪਹੁੰਚੇ ਦਿੱਲੀ
ਨਵੀਂ ਦਿੱਲੀ ਵਿੱਚ ਜੀ-20 ਮੈਂਬਰ ਦੇ ਮਹਿਮਾਨਾਂ ਦੀ ਆਮਦ ਜਾਰੀ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਵੀ ਆਪਣੀ ਪਤਨੀ ਨਾਲ ਦਿੱਲੀ ਪਹੁੰਚ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਜੀ-20 ਸੰਮੇਲਨ ਦੌਰਾਨ 15 ਵਿਸ਼ਵ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ 'ਚੋਂ 3 ਦੁਵੱਲੀ ਗੱਲਬਾਤ ਉਨ੍ਹਾਂ ਦੀ ਰਿਹਾਇਸ਼ 'ਤੇ ਹੋਵੇਗੀ। ਪ੍ਰਧਾਨ ਮੰਤਰੀ ਅੱਜ ਅਮਰੀਕਾ, ਬੰਗਲਾਦੇਸ਼ ਅਤੇ ਮਾਰੀਸ਼ਸ ਨਾਲ ਦੁਵੱਲੀ ਗੱਲਬਾਤ ਕਰਨਗੇ।