ਅਮਰੀਕਾ ਦੀ ਝੀਲ 'ਚ ਤੇਲੰਗਾਨਾ ਦੇ ਦੋ ਭਾਰਤੀ ਵਿਦਿਆਰਥੀਆਂ ਦੀ ਡੁੱਬਣ ਨਾਲ ਮੌਤ

ਹੈਦਰਾਬਾਦ : ਪਿਛਲੇ ਹਫਤੇ ਅਮਰੀਕਾ ਦੀ ਝੀਲ ਵਿੱਚ ਡੁੱਬਣ ਵਾਲੇ ਤੇਲੰਗਾਨਾ ਦੇ ਦੋ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ, ਹੁਣ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦੇ ਇੱਥੇ ਪਹੁੰਚਣ ਦੀ ਉਡੀਕ ਕਰ ਰਹੇ ਹਨ। ਮ੍ਰਿਤਕ ਵਿਦਿਆਰਥੀ ਉਥੇਜ ਕੁੰਟਾ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਲਾਸ਼ਾਂ ਦੇ ਸ਼ੁੱਕਰਵਾਰ ਨੂੰ ਘਰ ਪਹੁੰਚਣ ਦੀ ਉਮੀਦ ਹੈ। ਕੁੰਟਾ (24) ਦੇ ਪਿਤਾ ਵਾਰੰਗਲ ਦੇ ਨੇੜੇ ਰਹਿੰਦੇ ਹਨ, ਅਤੇ ਇੱਕ ਸਰਕਾਰੀ ਕਰਮਚਾਰੀ ਹਨ, ਜਦ ਕਿ ਉਸ ਦੀ ਮਾਂ ਇੱਕ ਘਰੇਲੂ ਔਰਤ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੇਟੇ ਦੀ ਬੇਵਕਤੀ ਮੌਤ ਨਾਲ ਦੋਵੇਂ ਬਹੁਤ ਦੁਖੀ ਹਨ। ਉਨ੍ਹਾਂ ਦੱਸਿਆ ਕਿ ਕੁੰਟਾ ਪੇਸ਼ੇ ਵਜੋਂ ਦੰਦਾਂ ਦਾ ਡਾਕਟਰ ਹੈ, ਅਤੇ ਅਮਰੀਕਾ ਵਿੱਚ ਹੈਲਥ ਇਨਫੋਰਮੈਟਿਕਸ ਵਿੱਚ ਐਮ.ਐਸ. ਦੀ ਪੜ੍ਹਾਈ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦਾ ਕੋਰਸ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ। ਉਸ ਨੇ ਕਿਹਾ ਕਿ ਕੁੰਟਾ ਅਤੇ ਉਸ ਦਾ ਦੋਸਤ ਸ਼ਿਵ ਕੇਲਿਗਰੀ, ਜੋ ਪਿਛਲੇ ਹਫ਼ਤੇ ਉਸ ਨਾਲ ਝੀਲ ਵਿੱਚ ਡੁੱਬ ਗਿਆ ਸੀ,ਹੈਦਰਾਬਾਦ ਵਿੱਚ ਵੀ ਕਰੀਬੀ ਦੋਸਤ ਸਨ। ਲਾਸ਼ਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਅਤੇ ਲਾਸ਼ਾਂ ਦੇ ਸ਼ੁੱਕਰਵਾਰ ਨੂੰ ਹੈਦਰਾਬਾਦ ਪਹੁੰਚਣ ਦੀ ਉਮੀਦ ਹੈ। ਉਸ ਨੇ ਕਿਹਾ ਕਿ ਮਦਦ ਲਈ ਪਰਿਵਾਰ ਨੇ ਕੁਝ ਸਿਆਸਤਦਾਨਾਂ ਅਤੇ ਹੋਰ ਲੋਕਾਂ ਤੱਕ ਪਹੁੰਚ ਕੀਤੀ ਸੀ। ਪੁਲਿਸ ਮੁਤਾਬਕ ਤੇਲੰਗਾਨਾ ਦੇ ਦੋ ਭਾਰਤੀ ਵਿਦਿਆਰਥੀ ‘ਥੈਂਕਸਗਿਵਿੰਗ ਵੀਕੈਂਡ’ ਦੌਰਾਨ ਅਮਰੀਕੀ ਸੂਬੇ ਮਿਸੌਰੀ ਦੀ ਓਜ਼ਾਰਕ ਝੀਲ ਵਿੱਚ ਡੁੱਬ ਗਏ। ਮਿਸੌਰੀ ਸਟੇਟ ਹਾਈਵੇ ਪੈਟਰੋਲ ਨੇ ਮ੍ਰਿਤਕ ਵਿਦਿਆਰਥੀਆਂ ਦੀ ਪਛਾਣ 24 ਸਾਲਾ ਉਥੇਜ ਕੁੰਟਾ ਅਤੇ 25 ਸਾਲਾ ਸ਼ਿਵ ਕੇਲਿਗਰੀ ਵਜੋਂ ਕੀਤੀ ਹੈ। ਵਿਦਿਆਰਥੀਆਂ ਦੇ ਝੀਲ 'ਚ ਡੁੱਬਣ ਦੀ ਘਟਨਾ ਸ਼ਨੀਵਾਰ ਦੀ ਹੈ।