ਚੋਰਾਂ ਨੇ ਉਮਰਾਓ ਸਿੰਘ ਜਵੈਲਰਜ਼ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, 25 ਕਰੋੜ ਦੇ ਗਹਿਣੇ ਲੈ ਕੇ ਹੋਏ ਫਰਾਰ

ਦਿੱਲੀ, 26 ਸਤੰਬਰ : ਦੱਖਣੀ ਦਿੱਲੀ ਦੇ ਇਲਾਕੇ ਜੰਗਪੁਰਾ ‘ਚ ਚੋਰਾਂ ਨੇ ਇੱਕ ਸ਼ੋ-ਰੂਮ ਨੂੰ ਨਿਸ਼ਾਨਾ ਬਣਾਉਂਦਿਆਂ 25 ਕਰੋੜ ਦੀ ਚੋਰੀ ਕਰ ਲੈਣ ਦੀ ਖਬਰ ਹੈ। ਦੱਖਣ-ਪੂਰਬ ਦਿੱਲੀ ਦੇ ਪੁਲਿਸ ਅਧਿਕਾਰੀ ਰਾਜੇਸ਼ ਦੇਵ (ਡੀਸੀਪੀ) ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਮਰਾਓ ਸਿੰਘ ਜਵੈਲਰਜ਼ ਦੀ ਦੁਕਾਨ ਦੇ ਤਾਲੇ ਤੋੜ ਕੇ 25 ਕਰੋੜ ਰੁਪਏ ਦੇ ਗਹਿਣੇ ਚੋਰੀ ਕਰ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਮਾਲਕ ਰੋਜਾਨਾ ਦੀ ਤਰ੍ਹਾਂ ਸ਼ੋਅਰੂਮ ਨੂੰ ਬੰਦ ਕਰਕੇ ਘਰ ਚਲੇ ਗਏ, ਜਦੋਂ ਉਨ੍ਹਾਂ ਨੇ ਸਵੇਰੇ ਸ਼ੋਅਰੂਮ ਖੋਲਿ੍ਹਆ ਤਾਂ ਉਸ ਸਮੇਂ ਚੋਰੀ ਹੋਣ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਜੰਗਪੁਰਾ ਭੋਗਲ ਇਲਾਕੇ ‘ਚ ਸਥਿਤ ਉਮਰਾਓ ਸਿੰਘ ਜਵੈਲਰਜ਼ ਦੀ ਦੁਕਾਨ ਤੋਂ ਚੋਰ 25 ਕਰੋੜ ਦੇ ਸੋਨੇ ਦੇ ਗੋਹਣੇ ਲੈ ਕੇ ਰਫੂ ਚੱਕਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਚਾਂਦੀ ਦੇ ਗਹਿਣਿਆਂ ਨੂੰ ਹੱਥ ਨਹੀਂ ਲਗਾਇਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਨਿਜ਼ਾਮੂਦੀਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਲਿਆ। ਪੁਲਿਸ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਆਏ ਸ਼ੋਅਰੂਮ ਮਾਲਕ ਨੇ ਜਦੋਂ ਪੈਨਲ ਟੁੱਟਿਆ ਦੇਖਿਆ ਤਾਂ ਉਸ ਨੂੰ ਸ਼ੱਕ ਹੋਇਆ। ਜਦੋਂ ਉਸ ਨੇ ਸ਼ਟਰ ਖੋਲ੍ਹਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸ ਨੇ ਦੇਖਿਆ ਕਿ ਦੁਕਾਨ ਤੋਂ ਸਾਰਾ ਸੋਨਾ ਅਤੇ ਹੀਰੇ ਦੇ ਗਹਿਣੇ ਗਾਇਬ ਸਨ। ਅਧਿਕਾਰੀਆਂ ਨੇ ਕਿਹਾ ਕਿ ਦੁਕਾਨ ਦਾ ਸਕਿਓਰਿਟੀ ਸਿਸਟਮ ਕੰਮ ਨਹੀਂ ਕਰਦਾ ਸੀ ਅਤੇ ਅਲਾਰਮ ਨਹੀਂ ਵਜਿਆ। ਸੰਭਾਵਨਾ ਹੈ ਕਿ ਇਸ ਨੂੰ ਪਹਿਲਾਂ ਹੀ ਫੇਲ੍ਹ ਕਰ ਦਿੱਤਾ ਗਿਆ ਸੀ।