ਲਾਹੌਰ ਵਿੱਚ ਘਰ ਨੂੰ ਲੱਗੀ ਭਿਆਨਕ ਅੱਗ, 6 ਬੱਚਿਆਂ ਸਮੇਤ ਇੱਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ

ਲਾਹੌਰ, 12 ਜੁਲਾਈ : ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ 6 ਬੱਚਿਆਂ ਸਮੇਤ ਇੱਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ। ਬਚਾਅ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੀਓ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਇਹ ਘਟਨਾ ਲਾਹੌਰ ਦੇ ਭਾਟੀ ਗੇਟ ਇਲਾਕੇ 'ਚ ਸਵੇਰੇ ਉਸ ਸਮੇਂ ਵਾਪਰੀ ਜਦੋਂ ਫਰਿੱਜ ਦਾ ਕੰਪ੍ਰੈਸਰ ਫਟ ਗਿਆ। ਇਸ ਦੌਰਾਨ ਘਰ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਧੂੰਏਂ ਨੂੰ ਬਾਹਰ ਕੱਢਣ ਲਈ ਘਰ ਵਿੱਚ ਵੈਂਟੀਲੈਸ਼ਨ ਨਹੀਂ ਸੀ। ਦੱਸ ਦੇਈਏ ਕਿ ਜਿਸ ਸਮੇਂ ਘਰ ਨੂੰ ਅੱਗ ਲੱਗੀ, ਉਸ ਸਮੇਂ ਘਰ ਵਿੱਚ ਪਰਿਵਾਰ ਦੇ 10 ਮੈਂਬਰ ਮੌਜੂਦ ਸਨ। ਇਸ ਵਿੱਚ ਇੱਕ ਆਦਮੀ ਅਤੇ ਉਸਦੀ ਪਤਨੀ, ਦੋ ਹੋਰ ਔਰਤਾਂ, ਪੰਜ ਬੱਚੇ ਅਤੇ ਇੱਕ ਸੱਤ ਮਹੀਨੇ ਦਾ ਬੱਚਾ ਵੀ ਸ਼ਾਮਿਲ ਸੀ। ਅੱਗ 'ਚ ਝੁਲਸਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਦਾ ਇਕ ਮੈਂਬਰ ਇਮਾਰਤ ਤੋਂ ਛਾਲ ਮਾਰ ਕੇ ਅੱਗ ਤੋਂ ਬਚਣ ਵਿਚ ਕਾਮਯਾਬ ਰਿਹਾ। ਬਚਾਅ ਦਲ ਨੇ ਦੱਸਿਆ ਕਿ ਇਮਾਰਤ ਪੂਰੀ ਤਰ੍ਹਾਂ ਸੜ ਚੁੱਕੀ ਹੈ, ਜਿਸ ਨੂੰ ਫਾਇਰ ਇੰਜਣਾਂ ਦੀ ਮਦਦ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਅੰਤਰਿਮ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਘਟਨਾ ਦੀ ਵਿਆਪਕ ਜਾਂਚ ਦੇ ਹੁਕਮ ਦਿੱਤੇ ਹਨ।