ਹਨੂਮਾਨਗੜ੍ਹ ‘ਚ ਕਾਰ ਅਤੇ ਪਿਕਅੱਪ ਵਿਚਕਾਰ ਹੋਈ ਭਿਆਨਕ ਟੱਕਰ, 4 ਦੋਸਤਾਂ ਦੀ ਮੌਤ, ਇੱਕ ਜਖ਼ਮੀ

ਹਨੂੰਮਾਨਗੜ੍ਹ, 21 ਅਗਸਤ : ਰਾਜਸਥਾਨ ਦੇ ਹਨੂਮਾਨਗੜ੍ਹ ‘ਚ ਕਾਰ ਅਤੇ ਪਿਕਅੱਪ ਵਿਚਕਾਰ ਹੋਈ ਭਿਆਨਕ ਟੱਕਰ ‘ਚ ਚਾਰ ਦੋਸਤਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜ ਦੋਸਤ ਇੱਕ ਕਾਰ ਵਿੱਚ ਸਵਾਰ ਹੋ ਕੇ ਹਿਸਾਰ ਤੋਂ ਗੋਗਾਮੇੜੀ ਗਏ ਸਨ, ਜਦੋਂ ਉਹ ਭਾਦਰਾ ਰੋਡ ਤੇ ਨੌਹਰ ਨਜਦੀਕ ਪੁੱਜੇ ਤਾਂ ੳੇੁਨ੍ਹਾਂ ਦੀ ਅਲਟੋ ਕਾਰ ਅਤੇ ਪਿਕਅਪ ਦੀ ਆਹਮੋ ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਕਾਰ ‘ਚ ਸਵਾਰ ਪੰਜ ਦੋਸਤਾਂ ਵਿੱਚੋਂ ਚਾਰ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਅਨਿਲ (30), ਸੁਰਿੰਦਰ (32), ਕ੍ਰਿਸ਼ਨ (21) ਅਤੇ ਰਾਜੇਸ਼ (24) ਵਜੋਂ ਹੋਈ ਹੈ, ਜਦੋਂ ਕਿ ਪੰਜਵਾਂ ਦੋਸਤ ਸਚਿਨ (26) ਜਖ਼ਮੀ ਹੋਣ ਕਰਕੇ ਜੇਰੇ ਇਲਾਜ ਹਨ। ਇਹ ਵੀ ਪਤਾ ਲੱਗਾ ਹੈ ਕਿ ਚਾਰੋਂ ਮ੍ਰਿਤਕ ਰਿਸ਼ਤੇ ‘ਚ ਚਾਚੇ-ਤਾਏ ਦੇ ਲੜਕੇ ਸਨ। ਥਾਣਾ ਗੋਗਾਮੇੜੀ ਦੇ ਐਸਐਚਓ ਰਾਧੇ ਸ਼ਿਆਮ ਥਲੋਦ ਅਤੇ ਏਐਸਆਈ ਰਣਵੀਰ ਸਿੰਘ ਨੇ ਦੱਸਿਆ ਕਿ ਪਿੱਕਅਪ ਨੌਹਰ ਤੋਂ ਗੋਗਾਮੇੜੀ ਵੱਲ ਜਾ ਰਹੀ ਸੀ। ਜਦਕਿ ਕਾਰ ਗੋਗਾਮੇੜੀ ਤੋਂ ਨੌਹਰ ਵੱਲ ਆ ਰਹੀ ਸੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਚਾਰ ਨੌਜਵਾਨ ਬਿਲਕੁਲ ਮ੍ਰਿਤਕ ਹਾਲਤ ਵਿਚ ਸਨ। ਉਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨੌਹਰ ਸਰਕਾਰੀ ਹਸਪਤਾਲ ਭੇਜ ਦਿਤਾ ਗਿਆ। ਇਸ ਦੇ ਨਾਲ ਹੀ ਸੀਟ ਦੇ ਵਿਚਕਾਰ ਫਸੇ ਸਚਿਨ ਨੂੰ ਬਾਹਰ ਕੱਢਿਆ ਗਿਆ ਅਤੇ ਨਿੱਜੀ ਵਾਹਨ 'ਚ ਨੌਹਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਲਾਸ਼ਾਂ ਨੂੰ ਮੁਰਦਾਘਰ ਵਿਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦੇ ਦਿਤੀ ਗਈ ਹੈ।