ਕਰਨਾਟਕ ਵਿੱਚ ਟੈਂਕਰ ਨਾਲ ਟੱਕਰਾਈ ਟਾਟਾ ਸੂਮੋ ਗੱਡੀ, 12 ਮੌਤਾਂ, ਇਕ ਜ਼ਖ਼ਮੀ

ਚਿੱਕਾਬਾਲਾਪੁਰ, 26 ਅਕਤੂਬਰ : ਕਰਨਾਟਕ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਟੈਂਕਰ ਨਾਲ ਟਾਟਾ ਸੂਮੋ ਗੱਡੀ ਦੀ ਟੱਕਰ ਹੋਣ ਕਾਰਨ 12 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਵੀਰਵਾਰ ਸਵੇਰੇ ਵਾਪਰੇ ਇਸ ਭਿਆਨਕ ਸੜਕ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 8 ਮਰਦ ਅਤੇ 4 ਔਰਤਾਂ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਚਿੱਕਬੱਲਾਪੁਰ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਦੇ ਬਾਹਰਵਾਰ ਵਾਪਰਿਆ। ਕਾਰ ਬਾਗੇਪੱਲੀ ਤੋਂ ਚਿੱਕਬੱਲਾਪੁਰ ਜਾ ਰਹੀ ਸੀ ਜਦੋਂ ਡਰਾਈਵਰ ਨੇ ਖੜ੍ਹੇ ਟੈਂਕਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਔਰਤਾਂ ਸਮੇਤ 12 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਦੇ ਅਧਿਕਾਰੀ ਵੱਲੋਂ ਦੱਸੇ ਅਨੁਸਾਰ ਮਰਨ ਵਾਲੇ ਜਿਲ੍ਹਾ ਆਨੰਤਪੁਰ ਦੇ ਗੋਰੰਟਲਾ ਦੇ ਵਾਸੀ ਹਨ, ਮਰਨ ਵਾਲਿਆਂ ਵਿੱਚ ਗੱਡੀ ਚਾਲਕ ਵੀ ਹੈ, ਉਨ੍ਹਾਂ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਹਾਲੇ ਕੁੱਝ ਨਹੀਂ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਆਈਪੀਸੀ ਧਾਰਾ ਅਨੁਸਾਰ ਮਾਮਲਾ ਦਰਜ ਕਰਲਿਆ ਗਿਆ ਹੈ, ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ, ਪਰ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।