ਨਵੀਂ ਦਿੱਲੀ, 31 ਦਸੰਬਰ : ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਕੜਾਕੇ ਦੀ ਠੰਢ ਪੈਣ ਲੱਗੀ ਹੈ। ਸਾਰੇ ਲੋਕਾਂ ਨੂੰ ਸਰਦੀ ਸਤਾਉਣ ਲੱਗੀ ਹੈ। ਨਵੇਂ ਸਾਲ ਦੇ ਦਿਨ ਮੌਸਮ ਵਿਭਾਗ ਨੇ ਧੁੰਦ ਸਬੰਧੀ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ, ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਐਤਵਾਰ ਨੂੰ ਕਿਹਾ ਕਿ ਉੱਤਰ ਪੱਛਮ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਕਈ ਹਿੱਸਿਆਂ 'ਚ ਸੰਧਦੀ ਧੁੰਦ ਪੈਣ ਦੀ ਸੰਭਾਵਨਾ ਹੈ। ਨਾਲ ਹੀ, ਦੱਸਿਆ ਜਾ ਰਿਹਾ ਏ ਕਿ ਅਗਲੇ ਦੋ ਦਿਨਾਂ 'ਚ ਪੂਰਬੀ ਭਾਰਤ ਤੱਕ ਧੁੰਦ ਦੇ ਵਧਣ ਦੀ ਸੰਭਾਵਨਾ ਹੈ। ਮੌਸਮ ਪੂਰਵ ਅਨੁਮਾਨ ਏਜੰਸੀ ਨੇ ਕਿਹਾ ਕਿ ਅਗਲੇ ਦੋ ਦਿਨਾਂ 'ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਭਿਆਨਕ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਇਲਾਕਿਆਂ 'ਚ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ 2 ਜਨਵਰੀ ਦੀ ਸਵੇਰ ਤੱਕ ਅਤੇ ਕੁਝ ਹਿੱਸਿਆਂ 'ਚ ਉਸ ਦੇ ਬਾਅਦ ਦੇ ਤਿੰਨ ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਆਈਐੱਮਡੀ ਨੇ ਕਿਹਾ ਕਿ 2 ਜਨਵਰੀ ਦੀ ਸਵੇਰ ਤੱਕ ਰਾਜਸਥਾਨ ਅਤੇ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ 'ਚ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ ਅਤੇ ਅਗਲੇ ਦੋ ਦਿਨਾਂ ਤੱਕ ਵੱਖ-ਵੱਖ ਹਿੱਸਿਆਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ 'ਚ ਇਕ ਜਨਵਰੀ ਤੱਕ ਸਵੇਰੇ ਅਤੇ ਮੱਧ ਪ੍ਰਦੇਸ਼, ਪੱਛਮੀ ਬੰਗਾਲ, ਸਿੱਕਮ, ਬਿਹਾਰ, ਝਾਰਖੰਡ, ਓਡਿਸ਼ਾ, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ 'ਚ 2 ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਆਈਐੱਮਡੀ ਨੇ ਕਿਹਾ, ''ਪੰਜਾਬ ਅਤੇ ਹਰਿਆਣਾ 'ਚ 4 ਜਨਵਰੀ ਤੱਕ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਇਕ ਜਨਵਰੀ ਤੱਕ ਵੱਖ-ਵੱਖ ਇਲਾਕਿਆਂ 'ਚ ਠੰਢੇ ਦਿਨ ਦੀ ਸਥਿਤੀ ਹੋਣ ਦੀ ਸੰਭਾਵਨਾ ਹੈ।''