ਆਉਣ ਵਾਲੇ ਦਿਨਾਂ ’ਚ ਪ੍ਰਦੂਸ਼ਣ ਹੋਰ ਵਧਣ ਦਾ ਖ਼ਦਸ਼ਾ : ਕੇਂਦਰੀ ਸਿਹਤ ਮੰਤਰਾਲਾ

ਨਵੀਂ ਦਿੱਲੀ, 26 ਅਕਤੂਬਰ 2024 : ਤਿਉਹਾਰੀ ਸੀਜ਼ਨ ਦੌਰਾਨ ਕਈ ਸ਼ਹਿਰਾਂ ’ਚ ਵਧਦੇ ਹਵਾ ਪ੍ਰਦੂਸ਼ਣ ਤੋਂ ਚਿੰਤਤ ਕੇਂਦਰੀ ਸਿਹਤ ਮੰਤਰਾਲੇ ਨੇ ਆਮ ਲੋਕਾਂ, ਖ਼ਾਸ ਤੌਰ ’ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਵਧਾਨ ਰਹਿਣ ਤੇ ਖੁੱਲ੍ਹੀ ਹਵਾ ’ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਲੋਕਾਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪ੍ਰਦੂਸ਼ਣ ਹੋਰ ਵਧਣ ਦਾ ਖ਼ਦਸ਼ਾ ਹੈ। ਇਸਨੂੰ ਦੇਖਦੇ ਹੋਏ ਲੋਕ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਤੇ ਜ਼ਿਆਦਾ ਭੀੜ ਭੜੱਕੇ ਵਾਲੇ ਇਲਾਕਿਆਂ ਤੋਂ ਬਚਣ। ਇਸ ਸਿਲਸਿਲੇ ’ਚ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਸੀ ਕਿ ਵਧਦੇ ਪ੍ਰਦੂਸ਼ਣ ਕਾਰਨ ਅੱਜ-ਕੱਲ੍ਹ ਉਨ੍ਹਾਂ ਸਵੇਰੇ ਦੀ ਸੈਰ ਕਰਨੀ ਬੰਦ ਕਰ ਦਿੱਤੀ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖੇ ਪੱਤਰ ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਆਪਣੀਆਂ ਤਿਆਰੀਆਂ ਵਧਾਉਣ ਦੀ ਅਪੀਲ ਕੀਤੀ ਹੈ। ਇਸ ਵਿਚ ਉਨ੍ਹਾਂ ਪਰਾਲੀ ਸਾੜਨ ਨੂੰ ਨਿਰਉਤਸ਼ਾਹਤ ਕਰਨ ਤੇ ਤਿਉਹਾਰਾਂ ਦੌਰਾਨ ਪਟਾਕੇ ਘੱਟ ਚਲਾਉਣ, ਜਨਤਕ ਟਰਾਂਸਪੋਰਟ ਨੂੰ ਉਤਸ਼ਾਹਤ ਕਰਨ, ਡੀਜ਼ਲ ਆਧਾਰਤ ਜਨਰੇਟਰ ’ਤੇ ਨਿਰਭਰਤਾ ਸੀਮਤ ਕਰਨ ਤੇ ਸਿਗਰਟਨੋਸ਼ੀ ’ਤੇ ਰੋਕ ਲਗਾਉਣ ਬਾਰੇ ਲੋਕਾਂ ’ਚ ਜਾਗਰੂਕਤਾ ਫੈਲਾਉਣ ਦੀ ਸਲਾਹ ਦਿੱਤੀ ਹੈ। ਡਾ. ਗੋਇਲ ਨੇ ਕਿਹਾ ਕਿ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਤੇ ਪਹਿਲਾਂ ਤੋਂ ਹੀ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਲੋਕਾਂ ’ਤੇ ਪ੍ਰਦੂਸ਼ਣ ਦਾ ਮਾੜਾ ਅਸਰ ਦੇਖਣ ਨੂੰ ਮਿਲਦਾ ਹੈ। ਟ੍ਰੈਫਿਕ ਪੁਲਿਸ ਤੇ ਨਗਰ ਪਾਲਿਕਾ ਮੁਲਾਜ਼ਮ ਵੀ ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ ਜ਼ਿਆਦਾ ਦੇਰ ਤੱਕ ਰਹਿੰਦੇ ਹਨ। ਇਸ ਲਈ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਚੌਕਸੀ ਵਰਤਣੀ ਚਾਹੀਦੀ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਪ੍ਰਦੂਸ਼ਿਤ ਹਵਾ ਦੇ ਸੰਪਰਕ ’ਚ ਆਉਣ ਤੋਂ ਬਚਣ। ਇਸਦੇ ਲਈ ਬਾਹਰ ਨਿਕਲਣ ਤੋਂ ਪਹਿਲਾਂ ਮੋਬਾਈਲ ਐਪਲੀਕੇਸ਼ਨ ਰਾਹੀਂ ਹਵਾ ਗੁਣਵੱਤਾ ਸੂਚਕਾਂਕ ’ਤੇ ਨਜ਼ਰ ਰੱਖੀ ਜਾ ਸਕਦੀ ਹੈ। ਲੋਕ ਜ਼ਿਆਦਾ ਭੀੜ ਭੜੱਕੇ ਵਾਲੇ ਇਲਾਕਿਆਂ ’ਚ ਜਾਣ ਤੋਂ ਬਚਣ ਅਤੇ ਖਾਣਾ ਪਕਾਉਣ, ਹੀਟਿੰਗ ਤੇ ਰੋਸ਼ਨੀ ਵਿਵਸਥਾ ਲਈ ਘਰ ਸਾਫ਼ ਈਂਧਨ ਦਾ ਬਦਲ ਚੁਣਨ। ਹਵਾ ਪ੍ਰਦੂਸ਼ਣ ਹਾਲੀਆ ਦਿਨਾਂ ’ਚ ਇਕ ਗੰਭੀਰ ਸਿਹਤ ਚੁਣੌਤੀ ਬਣ ਗਿਆ ਹੈ। ਕੁਝ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਹਵਾ ਗੁਣਵੱਤਾ ਸੂਚਕਾਂਕ ਮੱਧਮ ਤੋਂ ਖ਼ਰਾਬ ਪੱਧਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਤਿਉਹਾਰੀ ਸੀਜ਼ਨ ਤੇ ਸਰਦੀਆਂ ਦੀ ਸ਼ੁਰੂਆਤ ਨੂੰ ਦੇਖਦੇ ਹੋਏ ਇਹ ਹੋਰ ਵੀ ਖ਼ਰਾਬ ਹੋ ਸਕਦਾ ਹੈ।