ਕੋਇੰਬਟੂਰ ’ਚ ਹੋਏ ਕਾਰ ਧਮਾਕੇ ਦੇ ਮਾਮਲੇ ’ਚ ਪੁਲਿਸ ਨੇ ਪੰਜ ਲੋਕਾਂ ਨੂੰ ਕੀਤਾ ਗ੍ਰਿਫਤਾਰ

ਤਾਮਿਲਨਾਡੂ : ਕੋਇੰਬਟੂਰ ਸ਼ਹਿਰ ’ਚ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ’ਚ ਪੁਲਿਸ ਨੇ ਪੰਜ ਲੋਕਾਂ ਨੂੰ ਗੈਰ ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ (ਯੂਏਪੀਏ) ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਇਸ ਹਮਲੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਇਸ ਮਾਮਲੇ ਦੀ ਅੱਤਵਾਦੀ ਹਮਲੇ ਦੇ ਪੱਖ ਸਮੇਤ ਸਾਰੇ ਪੱਖਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਸ ਮਾਮਲੇ ਨਾਲ ਸਬੰਧਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂ ਮੁਹੰਮਦ ਤਲਕਾ, ਮੁਹੰਮਦ ਅਜ਼ਹਰੂਦੀਨ, ਮੁਹੰਮਦ ਰਿਆਜ਼, ਫਿਰੋਜ਼ ਇਸਮਾਈਲ ਅਤੇ ਮੁਹੰਮਦ ਨਵਾਜ਼ ਇਸਮਾਈਲ ਹਨ। ਇਨ੍ਹਾਂ ਸਾਰਿਆਂ ਦੀ ਉਮਰ 20 ਤੋਂ 29 ਸਾਲ ਦਰਮਿਆਨ ਹੈ। ਪੁਲਿਸ ਕਮਿਸ਼ਨਰ ਵੀ ਬਾਲਾਕ੍ਰਿਸ਼ਣਨ ਨੇ ਦੱਸਿਆ ਕਿ ਇਨ੍ਹਾਂ ’ਚੋਂ ਕੁਝ ਵਿਰੁੱਧ ਐੱਨਆਈਏ ਨੇ 2019 ’ਚ ਜਾਂਚ ਵੀ ਕੀਤੀ ਸੀ। ਤਾਮਿਲਨਾਡੂ ਭਾਜਪਾ ਨੇ ਗੁੰਮਨਾਮ ਜਾਂਚ ’ਤੇ ਸਵਾਲ ਚੁੱਕਣ ਦੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ’ਚ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤੋਂ ਇਲਾਵਾ ਯੂਏਪੀਏ ਦੇ ਤਹਿਤ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਚ ਸਾਜ਼ਿਸ਼ ਦੇ ਪੱਖ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਾਰ ’ਚ ਸਫਰ ਕਰ ਰਹੀ ਜੇਮੀਸ਼ਾ ਮੁਬੀਨ ਦੀ ਗੈਸ ਸਿਲੰਡਰ ਫਟਣ ਕਾਰਨ ਮੌਤ ਹੋ ਗਈ। ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਜੇਸ਼ੀਸ਼ਾ ਮੁਬੀਨ ਦਾ ਸਬੰਧ ਮੁਹੰਮਦ ਅਜ਼ਹਰੂਦੀਨ ਨਾਲ ਤਾਂ ਨਹੀਂ ਹੈ, ਜੋ 2019 ’ਚ ਸ੍ਰੀਲੰਕਾ ’ਚ ਹੋਏ ਈਸਟਰ ਬੰਬ ਧਮਾਕੇ ’ਚ ਦੋਸ਼ੀ ਹੈ। ਕੋਲੰਬੋ ਦੇ ਚਰਚ ’ਚ ਹੋਏ ਇਸ ਅੱਤਵਾਦੀ ਹਮਲੇ ’ਚ 250 ਤੋਂ ਵੱਧ ਲੋਕ ਮਾਰੇ ਗਏ ਸਨ। ਪੁਲਿਸ ਨੇ ਉਸ ਕਾਰ ’ਚੋਂ ਪੋਟਾਸ਼ੀਅਮ ਨਾਈਟ੍ਰੇਟ ਵਰਗੇ ਪਦਾਰਥ ਬਰਾਮਦ ਕੀਤੇ ਹਨ, ਜਿਸ ਦੀ ਵਰਤੋਂ ਦੇਸੀ ਬੰਬ ਬਣਾਉਣ ਲਈ ਕੀਤੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਧਮਾਕਾ ਬੰਬ ਬਣਾਉਣ ਦੀ ਸਮੱਗਰੀ ਲਿਜਾਂਦੇ ਸਮੇਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਉਕਡਮ ਥਾਣੇ ’ਚ ਦਰਜ ਕੀਤਾ ਗਿਆ ਹੈ। ਹੁਣ ਪੁਲਿਸ ਕਮਿਸ਼ਨਰ ਬਾਲਾਕ੍ਰਿਸ਼ਣਨ ਦਾ ਕਹਿਣਾ ਹੈ ਕਿ ਕਾਰ ਬੰਬ ਧਮਾਕੇ ’ਚ ਮਾਰੇ ਗਏ ਜੇਮੀਸ਼ਾ ਮੁਬੀਨ ਦੇ ਘਰੋਂ ਤਲਾਸ਼ੀ ਦੌਰਾਨ 75 ਕਿਲੋ ਪੋਟਾਸ਼ੀਅਮ ਨਾਈਟ੍ਰੇਟ, ਚਾਰਕੋਲ ਤੇ ਐਲੂਮੀਨੀਅਮ ਪਾਊਡਰ ਵੀ ਮਿਲਿਆ ਹੈ। ਪੁਲਿਸ਼ ਕਮਿਸ਼ਨਰ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਲੋਕਾਂ ’ਚੋਂ ਤਿੰਨ ਨੂੰ ਮੁਬੀਨ ਦੇ ਨਾਲ ਸੀਸੀਟੀਵੀ ਕੈਮਰੇ ’ਚ ਦੇਖਿਆ ਗਿਆ ਸੀ। ਕੈਮਰੇ ’ਚ ਉਹ ਦੋ ਐੱਲਪੀਜੀ ਸਿਲੰਡਰ ਤੇ ਦੋ ਛੋਟੇ ਡਰੰਮਾਂ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਨੂੰ ਵੀ ਜਾਂਚ ਲਈ ਭੇਜ ਦਿੱਤਾ ਗਿਆ ਹੈ।