ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ 27 ਸਾਲ ਤੋਂ ਵੱਧ ਦਾ ਸਮਾਂ ਦਿੱਤਾ ਪਰ ਹੁਣ ਸੂਬੇ ਵਿੱਚ ਤਬਦੀਲੀ ਦੀ ਹਵਾ ਵਗ ਰਹੀ ਹੈ : ਮਾਨ

ਗੁਜਰਾਤ : ਗੁਜਰਾਤ ਦੇ ਲੋਕਾਂ ਨੇ ਕਿਸੇ ਬਦਲ ਦੀ ਘਾਟ ਕਾਰਨ ਭਾਜਪਾ ਨੂੰ 27 ਸਾਲ ਤੋਂ ਵੱਧ ਦਾ ਸਮਾਂ ਦਿੱਤਾ ਪਰ ਹੁਣ ਸੂਬੇ ਵਿੱਚ ਤਬਦੀਲੀ ਦੀ ਹਵਾ ਵਗ ਰਹੀ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 27 ਸਾਲਾਂ ਵਿੱਚ ਗੁਜਰਾਤ ਵਿਕਾਸ ਪੱਖੋਂ ਪਛੜਿਆ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ 2.50 ਲੱਖ ਕਰੋੜ ਰੁਪਏ ਦੇ ਬਜਟ ਵਾਲੇ ਸੂਬੇ ਸਿਰ 3.50 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕ ਸੁੱਤੇ ਹੋਏ ਵੀ ਟੈਕਸ ਭਰ ਰਹੇ ਹਨ, ਜਦਕਿ ਭਾਜਪਾ ਦੇ ਦੋਸਤ ਇਸ ਪੈਸੇ ਨੂੰ ਲੁੱਟ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ‘ਆਪ’ ਨੂੰ ਭਾਰੀ ਬਹੁਮਤ ਦੇ ਕੇ ਪੰਜਾਬ ਅਤੇ ਦਿੱਲੀ ਦਾ ਰਿਕਾਰਡ ਤੋੜੇਗਾ। ਉਨ੍ਹਾਂ ਕਿਹਾ ਕਿ ਲੋਕ ਗੁਜਰਾਤ ਤੋਂ ਭਾਜਪਾ ਨੂੰ ਬਾਹਰ ਦਾ ਰਾਹ ਦਿਖਾਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਦਸੰਬਰ ਵਿੱਚ ‘ਆਪ’ ਸੂਬੇ ਵਿੱਚ ਲੋਕ ਪੱਖੀ ਸਰਕਾਰ ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ‘ਅੱਛੇ ਦਿਨ’ ਅਜੇ ਵੀ ਇੱਕ ਭੁਲਾਂਦਰਾ ਹੈ ਪਰ ਗੁਜਰਾਤ ਵਿੱਚ ‘ਆਪ’ ਦੀ ਇਮਾਨਦਾਰ ਸਰਕਾਰ ਬਣਨ ਤੋਂ ਬਾਅਦ ‘ਸੱਚੇ ਦਿਨ’ ਆਉਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਚੋਣਾਂ ਤੋਂ ਬਾਅਦ ਵਿਕਾਸਮੁਖੀ ਸਰਕਾਰ ਆਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਸਰਕਾਰ ਸੂਬੇ ਦੇ ਸਾਰੇ ਆਜ਼ਾਦੀ ਘੁਲਾਟੀਆਂ ਦੀਆਂ ਖਾਹਿਸ਼ਾਂ 'ਤੇ ਖਰ੍ਹਾ ਉਤਰੇਗੀ। ਭਾਜਪਾ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਨੂੰ ਸਹੂਲਤਾਂ ਦੇਣ ਦਾ ਵਿਰੋਧ ਕਰਦੇ ਆ ਰਹੇ ਹਨ, ਜਦੋਂਕਿ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਦੋਵੇਂ ਹੱਥੀਂ ਖ਼ਜ਼ਾਨਾ ਲੁਟਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਅਤੇ ਇਨ੍ਹਾਂ ਦੇ ਦਰਬਾਰੀਆਂ ਨੇ ਜਨਤਾ ਦੇ ਪੈਸੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਆਗੂ ‘ਆਪ’ ਦੀਆਂ ਲੋਕ ਪੱਖੀ ਪਹਿਲਕਦਮੀਆਂ ਦਾ ਵਿਰੋਧ ਕਰਦੇ ਹਨ। ਕਾਂਗਰਸ ਨੂੰ ਭਾਜਪਾ ਦੀ ‘ਬੀ’ ਟੀਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਗਵਾ ਪਾਰਟੀ ਨੇ ਕਈ ਰਾਜਾਂ ਵਿੱਚ ਕਾਂਗਰਸੀ ਵਿਧਾਇਕ ਖਰੀਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦਾ ਕਤਲ ਹੈ ਪਰ ਕਾਂਗਰਸੀ ਆਗੂਆਂ ਨੇ ਇਸ ਮਾਮਲੇ ਦਾ ਕਿਸੇ ਵੀ ਆਧਾਰ ’ਤੇ ਵਿਰੋਧ ਨਹੀਂ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਕਾਂਗਰਸ ਦੇਸ਼ ਭਰ ਵਿੱਚ ‘ਵਿਧਾਇਕ ਵਿਕਾਊ ਦੀ ਤਖ਼ਤੀ’ ਨਾਲ ਦਫ਼ਤਰ ਖੋਲ੍ਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਕਾਂਗਰਸ ਅਤੇ ਭਾਜਪਾ ਨੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਉਣ ਲਈ ਇੱਕ ਦੂਜੇ ਨਾਲ ਹੱਥ ਮਿਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਦੇਸ਼ ਦਾ ਪੈਸਾ ਅੰਗਰੇਜ਼ਾਂ ਨਾਲੋਂ ਵੱਧ ਬੇਰਹਿਮੀ ਨਾਲ ਲੁੱਟਿਆ ਹੈ। ਭਗਵੰਤ ਮਾਨ ਨੇ ਸਪੱਸ਼ਟ ਕਿਹਾ ਕਿ ਲੋਕਤੰਤਰ ਵਿੱਚ ਲੋਕ ਸਰਵਉੱਚ ਹਨ ਅਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਵਿੱਚ ਸੂਬਾ ਸਰਕਾਰ ਦੀਆਂ ਕਈ ਲੋਕ ਪੱਖੀ ਪਹਿਲਕਦਮੀਆਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ‘ਇੱਕ ਵਿਧਾਇਕ, ਇੱਕ ਪੈਨਸ਼ਨ’ ਬਿੱਲ ਪਾਸ ਕੀਤਾ ਹੈ, ਜਿਸ ਵਿੱਚ ਹਰੇਕ ਵਿਧਾਇਕ ਨੂੰ ਸਿਰਫ਼ ਇੱਕ ਹੀ ਪੈਨਸ਼ਨ ਦਾ ਪ੍ਰਾਵਧਾਨ ਹੈ, ਜਦੋਂ ਕਿ ਪਹਿਲਾਂ ਹਰ ਮਿਆਦ ਲਈ ਇੱਕ ਤੋਂ ਵੱਧ ਪੈਨਸ਼ਨਾਂ ਮਿਲਦੀਆਂ ਸਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬਾ ਸਰਕਾਰ ਨੇ 17,000 ਤੋਂ ਵੱਧ ਸਰਕਾਰੀ ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ 'ਤੇ ਨੌਜਵਾਨਾਂ ਨੂੰ ਦਿੱਤੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਠੇਕੇ 'ਤੇ ਰੱਖੇ 36,000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਹਾਲ ਹੀ ਵਿੱਚ ਸੂਬਾ ਸਰਕਾਰ ਨੇ 9000 ਦੇ ਕਰੀਬ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਵਿੱਚ 100 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਕੂਲਾਂ ਨੂੰ ਆਹਲਾ ਮਿਆਰੀ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਰੈਲੀਆਂ ਵਿੱਚ ਜੁੜ ਰਹੀ ਭਾਰੀ ਭੀੜ ਇਸ ਗੱਲ ਦਾ ਪ੍ਰਮਾਣ ਹੈ ਕਿ ਇੱਥੇ ‘ਆਪ’ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਾਰਟੀ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਭਾਜਪਾ ਚਿੰਤਤ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਗੁਜਰਾਤ ਦੀ ਸਿਰਜਣਾ ਲਈ 'ਆਪ' ਨੂੰ ਵੋਟ ਪਾਉਣ ਦੀ ਅਪੀਲ ਕੀਤੀ।