24 ਨਵੰਬਰ ਨੂੰ ਅੰਬਾਲਾ 'ਚ ਰੇਲ ਰੋਕੋ ਪ੍ਰੋਗਰਾਮ ਚਲਾਉਣ ਦਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕੀਤਾ ਐਲਾਨ

ਚੰਡੀਗੜ੍ਹ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮੌਕੇ 24 ਨਵੰਬਰ ਨੂੰ ਅੰਬਾਲਾ 'ਚ ਰੇਲ ਰੋਕੋ ਪ੍ਰੋਗਰਾਮ ਚਲਾਉਣ ਦਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਹੈ । ਚੜੂਨੀ ਨੇ ਕਿਹਾ ਕਿ ਕਿਸਾਨਾਂ ਖਿਲਾਫ਼ ਦਰਜ ਕੀਤੇ ਕੇਸ ਅਜੇ ਤਕ ਵਾਪਸ ਨਹੀਂ ਹੋਏ ਹਨ। ਇਸ ਦੇ ਵਿਰੋਧ 'ਚ 24 ਨਵੰਬਰ ਨੂੰ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ। ਚੜੂਨੀ ਨੇ ਦੱਸਿਆ ਕਿ 24 ਨਵੰਬਰ ਨੂੰ ਮੋਹੜਾ ਅਨਾਜ ਮੰਡੀ ਤੋਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਕਿਸਾਨਾਂ ਦੇ ਮਸੀਹਾ ਸਰ ਛੋਟੂ ਰਾਮ ਦਾ ਜਨਮ ਦਿਨ ਮਨਾਇਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਜੀਐਮ ਫਸਲਾਂ ਰਾਹੀਂ ਬੀਜਾਂ ’ਤੇ ਕੰਪਨੀਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ। ਕਿਸਾਨ ਜੀਐਮ ਫਸਲਾਂ ਦਾ ਵਿਰੋਧ ਜਾਰੀ ਰੱਖਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਲੈ ਕੇ ਜੁਮਲਾ ਮੁਸਤਰਕਾ ਮਾਲਕਣ ਭੂਮੀ ਨੂੰ ਲੈ ਕੇ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਚੜੂਨੀ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 13 ਮਹੀਨੇ 13 ਦਿਨ ਚੱਲੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਲਿਖਤੀ ਸਮਝੌਤੇ ਅਨੁਸਾਰ ਕਿਸਾਨਾਂ ਦੇ ਹਰ ਤਰ੍ਹਾਂ ਦੇ ਕੇਸ ਵਾਪਸ ਲੈਣ ਦੀ ਸ਼ਰਤ ਮੰਨ ਲਈ ਸੀ ਪਰ ਕਰੀਬ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਰੇਲਵੇ ਦੇ ਕੇਸ ਅਜੇ ਵੀ ਪੈਂਡਿੰਗ ਹਨ, ਵਾਪਸ ਨਹੀਂ ਕੀਤੇ ਗਏ।