ਲਖਨਊ ਹਾਈ ਕੋਰਟ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਤੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਡਾਂਸਰ ਸਪਨਾ ਚੌਧਰੀ ਅਤੇ ਪੰਜ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ

ਲਖਨਊ : ਲਖਨਊ ਵਿੱਚ ਹਾਈ ਕੋਰਟ ਦੀ ਬੈਂਚ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਮਸ਼ਹੂਰ ਡਾਂਸਰ ਸਪਨਾ ਚੌਧਰੀ ਅਤੇ ਪੰਜ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਹੁਣ ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਵੇਗੀ। ਜਾਣਕਾਰੀ ਮੁਤਾਬਕ ਸੁਣਵਾਈ ਦੌਰਾਨ ਸਪਨਾ ਚੌਧਰੀ ਚੋਰੀ-ਛਿਪੇ ਅਦਾਲਤ ‘ਚ ਪਹੁੰਚੀ ਅਤੇ ਅਦਾਲਤ ਵਲੋਂ ਦੋਸ਼ ਤੈਅ ਕੀਤੇ ਜਾਣ ਸਮੇਂ ਸਪਨਾ ਚੌਧਰੀ ਅਦਾਲਤ ‘ਚ ਮੌਜੂਦ ਸੀ। ਇਸ ਦੇ ਨਾਲ ਹੀ 5 ਹੋਰ ਦੋਸ਼ੀ ਵੀ ਅਦਾਲਤ ‘ਚ ਪੇਸ਼ ਹੋਏ। ਸਪਨਾ ਚੌਧਰੀ ਤੋਂ ਇਲਾਵਾ ਹਾਈ ਕੋਰਟ ਦੀ ਬੈਂਚ ਨੇ ਮੁਲਜ਼ਮ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਰਤਨਾਕਰ ਉਪਾਧਿਆਏ ਅਤੇ ਅਮਿਤ ਪਾਂਡੇ ਖ਼ਿਲਾਫ਼ ਧਾਰਾ 420 ਅਤੇ ਧਾਰਾ 406 ਤਹਿਤ ਦੋਸ਼ ਆਇਦ ਕੀਤੇ ਹਨ। ਸਪਨਾ ਨੇ ਧੋਖਾਧੜੀ ਦੇ ਮਾਮਲੇ ਨੂੰ ਲੈ ਕੇ 19 ਸਤੰਬਰ ਨੂੰ ਲਖਨਊ ਦੀ ACJM ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਕੁਝ ਸਮੇਂ ਲਈ ਹਿਰਾਸਤ ਵਿਚ ਲੈਣ ਤੋਂ ਬਾਅਦ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਸਪਨਾ ਨੇ ਇੰਸਟਾ ‘ਤੇ ਇਕ ਨਵੀਂ ਪੋਸਟ ਵੀ ਪਾਈ ਹੈ। ਇਸ ‘ਚ ਸਪਨਾ ਚੌਧਰੀ ਨੇ ਆਪਣੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿੱਤਾ ਹੈ।